ਐਨ. ਆਰ. ਐਚ. ਐਮ. ਇੰਪਲਾਈਜ ਐਸੋਸੀਏਸ਼ਨ ਦੀ ਮੀਟਿੰਗ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਨਾਲ ਹੋਈ
ਐਨ. ਆਰ. ਐਚ. ਐਮ. ਇੰਪਲਾਈਜ ਐਸੋਸੀਏਸ਼ਨ ਦੀ ਮੀਟਿੰਗ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਨਾਲ ਹੋਈ
ਚੰਡੀਗੜ੍ਹ : ਲੰਬੇ ਸਮੇਂ ਤੋਂ ਸਰਕਾਰ ਨਾਲ ਪੱਤਰ-ਵਿਹਾਰ ਅਤੇ ਵੱਖ-ਵੱਖ ਮੀਟਿੰਗਾਂ ਰਾਹੀਂ ਰਾਬਤਾ ਕਾਇਮ ਕਰਨ ਤੋਂ ਬਾਅਦ ਐਨ. ਆਰ. ਐਚ. ਐਮ. ਇੰਪਲਾਈਜ ਐਸੋਸੀਏਸ਼ਨ, ਪੰਜਾਬ ਨੂੰ ਮੁਲਾਜ਼ਮ ਮੰਗਾਂ ਦੇ ਹੱਲ ਲਈ ਸਰਕਾਰ ਵੱਲੋਂ ਹਰੀ ਝੰਡੀ ਮਿਲਣ ਤਹਿਤ ਅੱਜ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਐਸੋਸੀਏਸ਼ਨ ਦੀ ਇੱਕ ਅਹਿਮ ਪੈਨਲ ਮੀਟਿੰਗ ਸਿਹਤ ਮੰਤਰੀ ਜੀ ਪੰਜਾਬ, ਐਡਮਿਨ ਸੈਕਟਰੀ ਸਿਹਤ, ਮਿਸ਼ਨ ਡਾਇਰੈਕਟਰ-ਰਾਸ਼ਟਰੀ ਸਿਹਤ ਮਿਸ਼ਨ ਅਤੇ ਸਿਹਤ ਵਿਭਾਗ ਦੇ ਹੋਰਨਾ ਉੱਚ ਅਧਿਕਾਰੀਆਂ ਨਾਲ ਹੋਈ । ਮੀਟਿੰਗ ਵਿੱਚ ਐਸੋਸੀਏਸ਼ਨ ਵੱਲੋਂ ਦਸਤਾਵੇਜ਼ ਪੇਸ਼ ਕਰਦੇ ਹੋਏ ਪੁਰਜੋਰ ਮੰਗ ਕੀਤੀ ਗਈ ਕਿ ਬਾਕੀ ਦੇ ਸੂਬਿਆਂ ਜਿਵੇਂ ਰਾਜਸਥਾਨ, ਬਿਹਾਰ ਆਦਿ ਦੀ ਤਰਜ ਤੇ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਠੇਕੇ ਤੇ ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇ, ਜਿਸ ਤੇ ਪੈਨਲ ਨੇ ਹਾਮੀ ਭਰੀ ਅਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਕੇ ਇਸ ਤੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ । ਐਸੋਸੀਏਸ਼ਨ ਨੇ ਪੈਨਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਖੁਸ਼ੀ ਹੈ ਕਿ ਵੈਲਫੇਅਰ ਪੋਲਿਸੀ ਤਹਿਤ ਰਾਸ਼ਟਰੀ ਸਿਹਤ ਮਿਸ਼ਨ ਦੇ ਕੁਝ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਉਪਰਾਲਾ ਸਰਕਾਰ ਨੇ ਕੀਤਾ ਹੈ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਅੱਠ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਸ ਵੈਲਫੇਅਰ ਪੋਲਿਸੀ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਸੋ ਇਸ ਕਾਰਵਾਈ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜਿਆ ਜਾਵੇ ਅਤੇ ਜਦੋਂ ਤੱਕ ਸਮੂਹ ਮੁਲਾਜ਼ਮ ਰੈਗੂਲਰ ਨਹੀਂ ਹੋ ਜਾਂਦੇ ਉਹਨਾਂ ਨੂੰ ਗਰੈਚੁਟੀ, ਫੈਮਿਲੀ ਬੀਮਾ, ਮੈਡੀਕਲ ਰੀਬਰਸਮੈਂਟ ਹੇਠਲੇ ਕੈਡਰਾਂ ਦੀ ਬੇਸਿਕ ਤਨਖਾਹ ਵਿੱਚ ਰਿਵੀਜ਼ਨ, ਮੁਲਾਜ਼ਮ ਦੀ ਮੌਤ ਹੋ ਜਾਣ ਤੇ ਉਸ ਦੇ ਪਰਿਵਾਰਿਕ ਮੈਂਬਰ ਨੂੰ ਬਿਨਾਂ ਸ਼ਰਤ ਨੌਕਰੀ, ਹਰ ਮਹੀਨੇ ਦੀ ਪੰਜ ਤਰੀਕ ਤੋਂ ਪਹਿਲਾਂ ਤਨਖਾਹਾਂ ਤੇ ਸਮੇਂ ਸਿਰ ਏਸੀਆਰ ਭਰਾਉਣਾ ਅਤੇ ਜਿਹੜੇ ਮੁਲਾਜ਼ਮਾਂ ਦੇ ਵਾਧੇ ਬਕਾਏ ਹਨ ਉਹ ਉਹਨਾਂ ਨੂੰ ਦਿੱਤੇ ਜਾਣ. ਐਸੋਸੀਏਸ਼ਨ ਦੀਆਂ ਮੰਗਾਂ ਸੁਣਨ ਤੋਂ ਬਾਅਦ ਪੈਨਲ ਨੇ ਗਰੈਚੁਟੀ, ਬੀਮਾ, ਮੈਡੀਕਲ ਰੀਮਬਰਸਮੈਂਟ, ਮੁਲਾਜ਼ਮ ਦੀ ਮੌਤ ਹੋ ਜਾਣ ਤੇ ਪਰਿਵਾਰਿਕ ਮੈਂਬਰ ਨੂੰ ਨੌਕਰੀ, ਮਹੀਨੇਵਾਰ ਪੰਜ ਤਰੀਕ ਤੋਂ ਪਹਿਲਾਂ ਤਨਖਾਹਾਂ ਦੀ ਮੰਗ ਨੂੰ ਪੂਰਾ ਕਰਨ ਲਈ ਹਾਮੀ ਭਰੀ ਹੈ ਅਤੇ ਬਾਕੀ ਦੇ ਮੁੱਦਿਆਂ ਤੇ ਵਿਸਥਾਰ ਚਰਚਾ ਲਈ ਐਸੋਸੀਏਸ਼ਨ ਨਾਲ ਅਗਲੀ ਮੀਟਿੰਗ ਨਿਸ਼ਚਿਤ ਕਰ ਦਿੱਤੀ ਹੈ. ਅਖੀਰ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਜਿਹੜੇ ਕੈਡਰਾਂ ਦੀਆਂ ਤਨਖਾਹਾਂ ਘੱਟ ਹਨ ਉਹਨਾਂ ਨੂੰ ਵੀ ਇਸ ਵੈਲਫੇਅਰ ਪੋਲਿਸੀ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਲੰਬੇ ਸਮੇਂ ਤੋਂ ਰਾਸ਼ਟਰੀ ਸਿਹਤ ਮਿਸ਼ਨ ਮੁਲਾਜ਼ਮਾਂ ਨੂੰ ਸੂਬਾ ਸਰਕਾਰ ਵੱਲੋਂ ਕੋਈ ਵਾਧਾ ਨਹੀਂ ਦਿੱਤਾ ਗਿਆ ਹੈ, ਸੋ ਇਹ ਵੀ ਤੁਰੰਤ ਦਿੱਤਾ ਜਾਵੇ ਜਿਸ ਤੇ ਹਾਮੀ ਭਰਦਿਆਂ ਮਾਣਯੋਗ ਸਿਹਤ ਮੰਤਰੀ ਜੀ ਨੇ ਕਿਹਾ ਕਿ ਉਹ ਤੁਰੰਤ ਹੀ ਇਸ ਸਬੰਧੀ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਨਾਲ ਚਰਚਾ ਕਰਕੇ ਅਗਲੇਰੀ ਕਾਰਵਾਈ ਲਈ ਫਾਈਨੈਂਸ ਡਿਪਾਰਟਮੈਂਟ ਨੂੰ ਲਿਖ ਦੇਣਗੇ. ਸੂਬੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਆਯੂਸ਼ ਦੇ ਨਾਲ ਸੰਬੰਧਿਤ ਮੁੱਦਿਆਂ ਲਈ ਅਲੱਗ ਤੋਂ ਮੀਟਿੰਗ ਕੀਤੀ ਜਾਣੀ ਹੈ. ਦੱਸਣ ਯੋਗ ਹੈ ਕਿ ਸਮੂਹ ਮੁਲਾਜ਼ਮਾਂ ਨੂੰ ਦੋ ਲੱਖ ਤੋਂ ਇਲਾਵਾ 40 ਲੱਖ ਦਾ ਦੁਰਘਟਨਾ ਬੀਮਾ ਸਬੰਧੀ ਅੱਜ ਵਿਭਾਗ ਵੱਲੋਂ ਇੱਕ ਅਹਿਮ ਐਮਓਯੂ ਸਾਈਨ ਕੀਤਾ ਜਾਣਾ ਹੈ, ਜਿਸ ਵਿੱਚ ਐਸੋਸੀਏਸ਼ਨ ਦੇ ਦੋ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ. ਅੱਜ ਦੀ ਇਸ ਮੀਟਿੰਗ ਵਿੱਚ ਐਨ ਆਰ ਐਚ ਐਮ ਇੰਪਲਾਈਜ ਐਸੋਸੀਏਸ਼ਨ ਪੰਜਾਬ ਤੋਂ ਡਾ. ਇੰਦਰਜੀਤ ਸਿੰਘ ਰਾਣਾ ਦੇ ਨਾਲ ਸਾਥੀ ਮਨਿੰਦਰ ਸਿੰਘ, ਅਰੁਣ ਦੱਤ ਅਤੇ ਹਰਵਿੰਦਰ ਕੌਰ ਸਟਾਫ ਨਰਸ ਸ਼ਾਮਿਲ ਹੋਏ ।