ਸੰਸਾਰ ਅੰਦਰ ‘ਭਾਈ’ ਖਿਤਾਬ ਨਾਲ ਨਿਵਾਜੇ ਗਏ ਰਬਾਬੀ ਭਾਈ ਮਰਦਾਨਾ : ਪ੍ਰੋ. ਬਡੂੰਗਰ
ਸੰਸਾਰ ਅੰਦਰ ‘ਭਾਈ’ ਖਿਤਾਬ ਨਾਲ ਨਿਵਾਜੇ ਗਏ ਰਬਾਬੀ ਭਾਈ ਮਰਦਾਨਾ : ਪ੍ਰੋ. ਬਡੂੰਗਰ
ਪਟਿਆਲਾ 27 ਨਵੰਬਰ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮਾਨਵਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿਨ ਸੇਵਕ ਅਤੇ ਸਾਥੀ ਭਾਈ ਮਰਦਾਨਾ ਨੂੰ ਯਾਦ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਜਿਥੇ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਮਨਾ ਰਹੀ ਹੈ, ਉਥੇ ਹੀ ਅਜਿਹੇ ਕੌਮੀ ਹੀਰਿਆਂ ਨੂੰ ਕਦੇ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੰਸਾਰ ਅੰਦਰ ਭਾਈ ਮਰਦਾਨਾ ਨੂੰ ‘ਭਾਈ’ ਖਿਤਾਬ ਨਾਲ ਨਿਵਾਜਿਆ ਗਿਆ । ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖ ਜਗਤ ਅੰਦਰ ਭਾਈ ਮਰਦਾਨਾ ਨੂੰ ਰਬਾਬੀ ਮਰਦਾਨਾ ਇਸ ਕਰਕੇ ਜਾਣਿਆ ਜਾਂਦਾ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੇਵਕ ਭਾਈ ਮਰਦਾਨਾ ਨੂੰ ਭਾਈ ਪਦ ਵਰਗੇ ਖਿਤਾਬ ਨਾਲ ਨਿਵਾਜਿਆ ਅਤੇ ਭਾਈ ਗੁਰਦਾਸ ਜੀ ਇਸ ਕਰਕੇ ਲਿਖਦੇ ਹਨ ਕਿ ‘ਇਕ ਬਾਬਾ ਕਾਲ ਰੂਪ ਦੂਜਾ ਰਬਾਬੀ ਮਰਦਾਨਾ’, ਜਿਨ੍ਹਾਂ ਨੂੰ ਭਾਈ ਮਰਦਾਨਾ ਜਾਂ ਪਹਿਲਾ ਸਿੱਖ ਆਖੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਪ੍ਰੋ. ਬਡੂੰਗਰ ਨੇ ਕਿਹਾ ਕਿ ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਉਨ੍ਹਾਂ ਉਦਾਸੀਆਂ ਦੌਰਾਨ ਨਾਲ ਰਹੇ, ਜਦੋਂ ਸੰਸਾਰ ਅੰਧਕਾਰ ’ਚ ਡੁੱਬਾ ਪਿਆ ਸੀ ਅਤੇ ਗੁਰੂ ਸਾਹਿਬ ਨੇ ਸੰਸਾਰ ਨੂੰ ਜਾਤ ਪਾਤ, ਊਚ, ਨੀਚ, ਫਿਰਕਾਪ੍ਰਸਤੀ, ਕੂੜ ਕੁਸ਼ਤ, ਚਾਰ ਵਰਣ, ਚਾਰ ਆਸ਼ਰਮ ਪੁਜਾਰੀਆਂ ਦੇ ਕਰਮ ਕਾਂਡ ਤੇ ਪਾਖੰਡ ਬਾਰੇ ਸੁਚੇਤ ਕੀਤਾ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਭਾਈ ਮਰਦਾਨਾ ਦਾ ਮੇਲ ਪੂਰਬਲੇ ਕਰਮਾਂ ਕਰਕੇ ਹੀ ਹੋਇਆ, ਜਿਵੇਂ ਬਾਬਾ ਬੁੱਢਾ ਜੀ ਦਾ ਗੁਰੂ ਸਾਹਿਬ ਦਾ ਮਿਲਾਪ ਹੋਇਆ ਸੀ । ਭਾਈ ਮਰਦਾਨਾ ਜੀ ਵੱਲੋਂ ਵਜਾਈ ਜਾਂਦੀ ਮਿੱਠੀ ਰਬਾਬ ਹੀ ਗੁਰੂ ਸਾਹਿਬ ਨਾਲ ਮਿਲਾਪ ਦਾ ਕਾਰਨ ਬਣੀ, ਜਿਸ ਮਗਰੋਂ ਭਾਈ ਮਰਦਾਨਾ ਜੀ ਗੁਰੂ ਸਾਹਿਬ ਨਾਲ ਰਹਿ ਕੇ ਸਿਰਜਣਹਾਰ ਅਤੇ ਪਾਲਣਹਾਰ ਪ੍ਰਮਾਤਮਾ ਦੀ ਬੰਦਗੀ ਵਿਚ ਲੀਨ ਰਹੇ । ਪ੍ਰੋ. ਬਡੂੰਗਰ ਨੇ ਕਿਹਾ ਕਿ ਅੱਜ ਜਦੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਮਰਦਾਨਾ ਦਾ ਅਕਾਲ ਚਲਾਣਾ ਦਿਵਸ ਮਨਾ ਰਹੀ ਹੈ ਤਾਂ ਇਸ ਮਹਾਨ, ਵਿਲੱਖਣ ਇਤਿਹਾਸ ਅਤੇ ਸਿਧਾਂਤ ਨਾਲ ਜੁੜਦੇ ਹੋਏ ਬਾਬਾਣੀਆਂ ਕਹਾਣੀਆਂ ਪੁਤ ਸੁਪਤ ਕਰੇਨਿ ਦੇ ਰਹੱਸ ਨੂੰ ਸਮਝਕੇ ਆਪਣੇ ਜੀਵਨ ਨੂੰ ਸਫਲ ਬਣਾਈਏ ।