ਪੰਜਾਬ ਸਰਕਾਰ ਨੇ ਗੰਨੇ ਦਾ ਭਾਅ ਵਿਚ 10 ਰੁਪਏ ਦਾ ਵਾਧਾ ਕਰਕੇ 391 ਰੁਪਏ ਤੋਂ ਵਧਾ ਕੇ 401 ਰੁਪਏ ਪ੍ਰਤੀ ਕੁਇੰਟਲ ਕੀਤਾ
ਪੰਜਾਬ ਸਰਕਾਰ ਨੇ ਗੰਨੇ ਦਾ ਭਾਅ ਵਿਚ 10 ਰੁਪਏ ਦਾ ਵਾਧਾ ਕਰਕੇ 391 ਰੁਪਏ ਤੋਂ ਵਧਾ ਕੇ 401 ਰੁਪਏ ਪ੍ਰਤੀ ਕੁਇੰਟਲ ਕੀਤਾ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਗੰਨੇ ਦੇ ਪਿੜਾਈ ਸੀਜ਼ਨ ਦੇ ਅੱਜ ਪਹਿਲੇ ਦਿਨ ਸਾਲ 2024-25 ਲਈ ਗੰਨੇ ਦੀ ਕੀਮਤ ਵਿਚ 10 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ,ਜਿਸਦੇ ਚਲਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਗੰਨੇ ਦਾ ਭਾਅ 391 ਤੋਂ ਵਧਾ ਕੇ 401 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ । ਸੂਬਾ ਸਰਕਾਰ ਨੇ ਅਗੇਤੀਆਂ ਕਿਸਮਾਂ ਲਈ ਗੰਨੇ ਦਾ ਸਟੇਟ ਐਗਰੀਡ ਪ੍ਰਾਈਸ 401 ਰੁਪਏ ਅਤੇ ਦਰਮਿਆਨੀਆਂ ਤੇ ਪਿਛੇਤੀਆਂ ਕਿਸਮਾਂ ਲਈ 391 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ । ਨਵੇਂ ਵਾਧੇ ਮਗਰੋਂ ਪੰਜਾਬ ਵਿਚ ਗੰਨੇ ਦਾ ਭਾਅ ਹਰਿਆਣਾ ਨਾਲੋਂ ਵਧ ਹੋ ਗਿਆ ਹੈ। ਹਰਿਆਣਾ ਵਿਚ ਗੰਨੇ ਦਾ ਭਾਅ 400 ਰੁਪਏ ਪ੍ਰਤੀ ਕੁਇੰਟਲ ਹੈ। ਦੱਸਣਯੋਗ ਹੈ ਕਿ ਗੰਨੇ ਦੀ ਪਿੜਾਈ ਸੀਜ਼ਨ ਵੀ ਅੱਜ ਤੋਂ ਹੀ ਸ਼ੁਰੂ ਹੋ ਗਿਆ ਹੈ । ਉਂਜ ਕਿਸਾਨ ਧਿਰਾਂ ਨੇ ਪੰਜਾਬ ਸਰਕਾਰ ਤੋਂ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਤੈਅ ਕਰਨ ਦੀ ਮੰਗ ਕੀਤੀ ਸੀ ।
‘ਆਪ’ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਗੰਨੇ ਦੇ ਭਾਅ ਵਿਚ ਇਹ ਤੀਸਰੀ ਵਾਰ ਵਾਧਾ ਕੀਤਾ ਗਿਆ ਹੈ। ਪ੍ਰਾਈਵੇਟ ਖੰਡ ਮਿੱਲਾਂ ਵੱਲੋਂ ਅਗੇਤੀਆਂ ਕਿਸਮਾਂ ਲਈ ਗੰਨੇ ਦੇ ਤੈਅ ਸਟੇਟ ਐਗਰੀਡ ਪ੍ਰਾਈਸ ਵਜੋਂ 339.50 ਰੁਪਏ ਪ੍ਰਤੀ ਕੁਇੰਟਲ ਦਿੱਤੇ ਜਾਣਗੇ ਜਦੋਂ ਕਿ ਬਾਕੀ ਦੇ 61.50 ਰੁਪਏ ਪ੍ਰਤੀ ਕੁਇੰਟਲ ਦੀ ਅਦਾਇਗੀ ਸੂਬਾ ਸਰਕਾਰ ਵੱਲੋਂ ਬਤੌਰ ਸਬਸਿਡੀ ਗੰਨਾ ਕਾਸ਼ਤਕਾਰਾਂ ਦੇ ਖਾਤੇ ਵਿਚ ਟਰਾਂਸਫ਼ਰ ਕੀਤੀ ਜਾਵੇਗੀ । ਸਰਕਾਰੀ ਅਦਾਇਗੀ ਤੋਂ ਪਹਿਲਾਂ ਪ੍ਰਾਈਵੇਟ ਖੰਡ ਮਿੱਲਾਂ ਅਦਾਇਗੀ ਕਰਨਗੀਆਂ । ਪਿਛੇਤੀਆਂ ਤੇ ਦਰਮਿਆਨੀ ਕਿਸਮਾਂ ਦੇ ਗੰਨੇ ਦੇ ਭਾਅ ਵਿਚ ਵੀ ਪੰਜਾਬ ਸਰਕਾਰ ਵੱਲੋਂ 61.50 ਰੁਪਏ ਪ੍ਰਤੀ ਕੁਇੰਟਲ ਦੀ ਹਿੱਸੇਦਾਰੀ ਪਾਈ ਜਾਵੇਗੀ । ਰਾਣਾ ਸ਼ੂਗਰਜ਼ ਦੇ ਰਾਣਾਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਐਤਕੀਂ ਕਰਨਾਟਕ ਅਤੇ ਮਹਾਰਾਸ਼ਟਰ ਵਿਚ ਗੰਨੇ ਦੀ ਪੈਦਾਵਾਰ ਜ਼ਿਆਦਾ ਹੋਈ ਹੈ, ਜਿਸ ਕਰਕੇ ਗੰਨੇ ਦੇ ਥੋਕ ਭਾਅ ਵਿਚ ਗਿਰਾਵਟ ਆਈ ਹੈ । ਵੇਰਵਿਆਂ ਅਨੁਸਾਰ ਐਤਕੀਂ ਗੰਨੇ ਹੇਠਲਾ ਰਕਬਾ ਕਰੀਬ ਇੱਕ ਲੱਖ ਹੈਕਟੇਅਰ ਹੈ ਜਦੋਂ ਕਿ ਪਿਛਲੇ ਵਰ੍ਹੇ 95 ਹਜ਼ਾਰ ਹੈਕਟੇਅਰ ਸੀ । ਗੰਨੇ ਦੇ ਇਸ ਸੀਜ਼ਨ ’ਚ 700 ਲੱਖ ਕੁਇੰਟਲ ਗੰਨੇ ਦੀ ਪਿੜਾਈ ਹੋਣ ਦਾ ਅਨੁਮਾਨ ਹੈ, ਜਿਸ ਤੋਂ 62 ਲੱਖ ਕੁਇੰਟਲ ਖੰਡ ਪੈਦਾ ਹੋਣ ਦੀ ਉਮੀਦ ਹੈ । ਸੂਬੇ ਵਿਚ ਇਸ ਵੇਲੇ ਛੇ ਪ੍ਰਾਈਵੇਟ ਖੰਡ ਮਿੱਲਾਂ ਹਨ ਜਦੋਂ ਕਿ 9 ਖੰਡ ਮਿੱਲਾਂ ਸਹਿਕਾਰੀ ਖੇਤਰ ਦੀਆਂ ਹਨ । ਸਹਿਕਾਰੀ ਖੰਡ ਮਿੱਲਾਂ ਦੀ ਪਿੜਾਈ ਸਮਰੱਥਾ 210 ਲੱਖ ਕੁਇੰਟਲ ਹੋ ਜਾਵੇਗੀ, ਜਦੋਂ ਕਿ 500 ਲੱਖ ਕੁਇੰਟਲ ਗੰਨੇ ਦੀ ਪਿੜਾਈ ਹੋਣ ਦਾ ਅਨੁਮਾਨ ਹੈ । ਦੁਆਬਾ ਖਿੱ਼ੱਤੇ ਦੀ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਸਤਨਾਮ ਸਿੰਘ ਨੇ ਗੰਨੇ ਦੇ ਭਾਅ ’ਤੇ ਤਸੱਲੀ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਮਾਲਵਾ ਖ਼ਿੱਤੇ ਵਿਚ ਬੰਦ ਹੋਈਆਂ ਗੰਨਾ ਮਿੱਲਾਂ ਨੂੰ ਮੁੜ ਚਲਾਏ ਅਤੇ ਗੰਨੇ ਦੀ ਅਦਾਇਗੀ ਸਮੇਂ ਸਿਰ ਕਰਾਏ । ਉਨ੍ਹਾਂ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਵੱਲੋਂ ਸਿਰਫ਼ 30 ਫ਼ੀਸਦੀ ਹੀ ਪਿੜਾਈ ਕੀਤੀ ਜਾਂਦੀ ਹੈ ਜਦੋਂ ਕਿ 70 ਫ਼ੀਸਦੀ ਪਿੜਾਈ ਪ੍ਰਾਈਵੇਟ ਮਿੱਲਾਂ ਕਰਦੀਆਂ ਹਨ ।