ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਬੀਜੀ ਕਣਕ ਦਾ ਕੀਤਾ ਜਾ ਰਿਹੈ ਸਰਵੇਖਣ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਬੀਜੀ ਕਣਕ ਦਾ ਕੀਤਾ ਜਾ ਰਿਹੈ ਸਰਵੇਖਣ
ਪਟਿਆਲਾ, 29 ਨਵੰਬਰ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਬੀਜੀ ਕਣਕ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਸਮੂਹ ਬਲਾਕਾਂ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਬਲਾਕ ਦੇ ਖੇਤੀਬਾੜੀ ਬਲਾਕ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਵਿਸਥਾਰ ਅਫ਼ਸਰ ਤੇ ਖੇਤੀਬਾੜੀ ਉਪ ਨਿਰੀਖਣ ਖੇਤਾਂ ਵਿੱਚ ਜਾ ਕੇ ਬੀਜੀ ਕਣਕ ਦਾ ਸਰਵੇਖਣ ਕਰ ਰਹੇ ਹਨ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਬਲਾਕਾਂ ਦੇ ਵੱਖ-ਵੱਖ ਪਿੰਡਾਂ ਵਿਚ ਖੇਤਾਂ ਵਿਚ ਕਣਕ ਦੀ ਫ਼ਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਦਾ ਸਰਵੇਖਣ ਕੀਤਾ ਗਿਆ ।
ਡਾ. ਅਵਨਿੰਦਰ ਸਿੰਘ ਮਾਨ ਖੇਤੀਬਾੜੀ ਅਫ਼ਸਰ ਵੱਲੋਂ ਬਲਾਕ ਭੂਨਰਹੇੜੀ ਦੇ ਪਿੰਡ ਭਾਂਖਰ, ਹੁਸੈਨਪੁਰ, ਝੰਡੀ, ਅਮਾਮਨਗਰ, ਦੁਲਬਾ, ਡੰਡੋਆ, ਲਹਿਲਾ ਜੰਗੀਰ, ਭਾਨਰੀ ਅਤੇ ਸੱਸੀ ਬ੍ਰਾਹਮਣਾਂ ਦਾ ਦੌਰਾ ਕੀਤਾ ਗਿਆ ਜਿਥੇ ਗੁਲਾਬੀ ਸੁੰਡੀ ਦਾ ਹਮਲਾ ਕਣਕ ਦੇ ਖੇਤ ਵਿਚ ਦੋਗੀਆਂ ਵਿਚ ਦੇਖਣ ਨੂੰ ਮਿਲਿਆ । ਡਾ. ਗੁਰਮੀਤ ਸਿੰਘ ਖੇਤੀਬਾੜੀ ਅਫ਼ਸਰ ਵੱਲੋਂ ਬਲਾਕ ਪਟਿਆਲਾ ਦੇ ਪਿੰਡ ਧਬਲਾਨ ਵਿਖੇ ਕਿਸਾਨ ਹਰਮੀਤ ਸਿੰਘ ਅਤੇ ਜਗਮੇਲ ਸਿੰਘ ਦੇ ਖੇਤਾਂ ਵਿਚ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਪਾਇਆ ਗਿਆ । ਖੇਤੀਬਾੜੀ ਅਫ਼ਸਰ ਡਾ. ਸਤੀਸ਼ ਕੁਮਾਰ ਵੱਲੋਂ ਬਲਾਕ ਸਮਾਣਾ ਦੇ ਪਿੰਡ ਫਤਿਹਗੜ੍ਹ ਛੰਨਾ ਦੇ ਕਿਸਾਨ ਬਘੇਲ ਸਿੰਘ, ਹਰਜਿੰਦਰ ਸਿੰਘ, ਕਰਨੈਲ ਸਿੰਘ ਦੇ ਖੇਤਾਂ ਵਿਚ ਵੀ ਗੁਲਾਬੀ ਸੁੰਡੀ ਦੇ ਹਮਲਾ ਦੇਖਣ ਨੂੰ ਮਿਲਿਆ। ਕਿਸਾਨਾਂ ਵੱਲੋਂ ਪੀ. ਏ. ਯੂ. ਦੀ ਸਿਫ਼ਾਰਿਸ਼ ਅਨੁਸਾਰ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਗਈ ਹੈ । ਬਲਾਕ ਘਨੌਰ ਦੇ ਪਿੰਡ ਅਜਰਾਵਰ ਵਿਖੇ ਦੌਰੇ ਦੌਰਾਨ ਡਾ. ਗੁਰਮੇਲ ਸਿੰਘ, ਡਾ. ਅਮਨਪ੍ਰੀਤ ਸਿੰਘ ਸੰਧੂ, ਡਾ. ਰਸ਼ਪਿੰਦਰ ਸਿੰਘ, ਡਾ. ਅਨੁਰਾਗ ਅੱਤਰੀ ਅਤੇ ਡਾ. ਜ਼ਸਨੀਨ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਵੱਲੋਂ ਮੌਕੇ ਤੇ ਕਿਸਾਨਾਂ ਨੂੰ ਲੋੜੀਂਦੀ ਸਲਾਹ ਦਿੱਤੀ ਗਈ ।
ਡਾ. ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਤਾਂ ਨੂੰ ਲੋੜੀਂਦਾ ਪਾਣੀ ਦਿਨ ਦੇ ਸਮੇਂ ਹੀ ਲਗਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਦੁਸ਼ਮਣ ਕੀਤੇ ਪੰਛੀਆਂ ਦਾ ਸ਼ਿਕਾਰ ਬਣ ਸਕਣ। ਕਣਕ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਹਮੇਸ਼ਾ ਬੀਜ ਨੂੰ ਕੀਟਨਾਸ਼ਕ ਜਿਵੇ ਕਿ 160 ਮਿ. ਲਿ. ਕਲੋਰੋਪਾਇਫਰੀਫਾਸ ਜਾਂ 80 ਮਿ. ਲਿ. ਇਮਿਡਾਕਲੋਪਰਿਡ ਤੇ ਹੈਪਸਾਕੋਨਾਜੋਲ ਪ੍ਰਤੀ 40 ਕਿਲੋ ਬੀਜ ਨਾਲ ਸੋਧ ਕੇ ਬਿਜਾਈ ਕੀਤੀ ਜਾਵੇ, ਜੇਕਰ ਹਮਲਾ ਜ਼ਿਆਦਾ ਹੋਵੇ ਤਾਂ 7 ਕਿਲੋ ਫਿਪਰੋਨਿਲ ਜਾਂ ਇਕ ਲਿਟਰ ਕਲੋਰੇਪਾਇਫਰੀਫਾਸ 20 ਈ. ਸੀਂ. ਨੂੰ 20 ਕਿਲੋ ਸਿੱਲੀ ਮਿੱਟੀ ਵਿੱਚ ਰਲਾ ਕੇ ਛਿੱਟਾ ਦਿੱਤਾ ਜਾ ਸਕਦਾ ਹੈ ਜਾਂ ਇਸ ਦੇ ਬਦਲ ਵਜੋਂ 50 ਮਿ. ਲਿ. ਪ੍ਰਤੀ ਏਕੜ ਕੋਰਾਜ਼ਿਨ 18.5 ਐਸ. ਸੀ. (ਕਲੋਰਐਟਰਾਨਿਲੀਪਰੋਲ) ਨੂੰ 80-100 ਲੀਟਰ ਪਾਣੀ ਵਿੱਚ ਘੋਲ ਕੇ ਨੈਪਸੈਕ ਪੰਪ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਆਪਣੇ ਨਜ਼ਦੀਕੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬਲਾਕ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।
