ਆਪ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਬੈਠਣਗੇ ਦੋ ਘੰਟੇ ਪਾਰਟੀ ਦਫ਼ਤਰ

ਆਪ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਬੈਠਣਗੇ ਦੋ ਘੰਟੇ ਪਾਰਟੀ ਦਫ਼ਤਰ
ਸੰਗਰੂਰ : ਆਮ ਆਦਮੀ ਪਾਰਟੀ ਵਲੋਂ ਸੂਬੇ ਵਿਚ ਸਿਆਸੀ ਸਰਗਰਮੀਆਂ ਹੋਰ ਵਧਾਉਣ ਅਤੇ ਹੇਠਲੇ ਪੱਧਰ ’ਤੇ ਵਰਕਰਾਂ ਨਾਲ ਤਾਲਮੇਲ ਹੋਰ ਵਧਾਉਣ ਲਈ ਖ਼ਾਕਾ ਤਿਆਰ ਕੀਤਾ ਹੈ। ਪਾਰਟੀ ਦੇ ਸੂਬਾਈ ਨਵ-ਨਿਯੁਕਤ ਪ੍ਰਧਾਨ ਅਮਨ ਅਰੋੜਾ ਰੋਜ਼ਾਨਾਂ ਦੋ ਘੰਟੇ ਪਾਰਟੀ ਦਫ਼ਤਰ ਵਿਚ ਬੈਠਿਆ ਕਰਨਗੇ ਅਤੇ ਲੋਕਾਂ ਤੇ ਵਲੰਟੀਅਰਜ਼ ਦੀਆਂ ਸਮੱਸਿਆਵਾਂ ਵੀ ਸੁਣਨਗੇ । ਦੱਸਿਆ ਜਾਂਦਾ ਹੈ ਕਿ ਪਾਰਟੀ ਨੇ ਇਹ ਫੈਸਲਾ ਹੇਠਲੇ ਪੱਧਰ ’ਤੇ ਵਰਕਰਾਂ ਵਿਚ ਪਾਈ ਜਾ ਰਹੀ ਨਿਰਾਸ਼ਾ ਨੂੰ ਦੂਰ ਕਰਨ ਅਤੇ ਅਗਲੇ ਦਿਨਾਂ ਵਿਚ ਪੰਜ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਲਿਆ ਹੈ। ਸੈਕਟਰ 39 ਸਥਿਤ ਪਾਰਟੀ ਦਫ਼ਤਰ ਦੀ ਰੇਨੋਵੇਸ਼ਨ (ਸਜ਼ਾਵਟ) ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ । ਆਗਾਮੀ ਦਿਨਾਂ ਵਿਚ ਦਫ਼ਤਰ ਵਿਚ ਰੌਣਕਾਂ ਮੁੜ ਪਰਤ ਆਉਣ ਦੀਆਂ ਸੰਭਾਵਨਾਵਾਂ ਹਨ । ਪੰਜਾਬ ਵਿਚ ਆਪ ਦੀ ਸਰਕਾਰ ਬਣਨ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ (ਹਰਪਾਲ ਸਿੰਘ ਚੀਮਾ) ਦੀ ਕੋਠੀ ਵਿਚ ਪਾਰਟੀ ਦਫ਼ਤਰ ਬਣਾਇਆ ਹੋਇਆ ਸੀ ਅਤੇ ਪਾਰਟੀ ਪ੍ਰਧਾਨ ਭਗਵੰਤ ਮਾਨ ਤੇ ਸਮੁੱਚੀ ਲੀਡਰਸ਼ਿਪ ਨੇ ਸਾਰੀਆਂ ਸਿਆਸੀ ਸਰਗਰਮੀਆਂ ਵਿਰੋਧੀ ਧਿਰ ਦੀ ਕੋਠੀ ਤੋਂ ਚਲਾਈਆਂ ਸਨ । ਸੂਬੇ ਵਿਚ ਆਪ ਦੀ ਸਰਕਾਰ ਬਣਨ ਬਾਅਦ ਹੌਲੀ ਹੌਲੀ ਦਫ਼ਤਰ ਵਿਚੋਂ ਰੌਣਕਾਂ ਗਾਇਬ ਹੋ ਗਈਆਂ। ਭਾਵੇਂ ਕਿ ਦਫ਼ਤਰ ਵਿਚ ਪ੍ਰੈੱਸ ਕਾਨਫਰੰਸ, ਪਾਰਟੀ ਆਗੂਆਂ ਵਲੋਂ ਮੀਟਿੰਗਾਂ ਤੇ ਹੋਰ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ, ਪਰ ਆਮ ਲੋਕਾਂ, ਵਲੰਟੀਅਰਜ਼ ਦੀ ਆਮਦ ਘੱਟ ਗਈ । ਸੂਤਰ ਦੱਸਦੇ ਹਨ ਕਿ ਪਿਛਲੇ ਕਈ ਮਹੀਨਿਆਂ ਤੋਂ ਪਾਰਟੀ ਦਫ਼ਤਰ ਦਾ ਵਾਈਫਾਈ ਦਾ ਕੁਨੈਕਸ਼ਨ ਬਿਲ ਨਾ ਭਰਨ ਕਰਕੇ ਬੰਦ ਹੈ, ਉਥੇ ਅਖ਼ਬਾਰਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ । ਇਸ ਕਰਕੇ ਪਾਰਟੀ ਨੇ ਦਫ਼ਤਰ ਵਿਚ ਪੁਰਾਣੀ ਚਹਿਲ ਪਹਿਲ ਨੰ ਵਧਾਉਣ ਲਈ ਮੁੜ ਸਜ਼ਾਵਟ ਦਾ ਕੰਮ ਸ਼ੁਰੂ ਕੀਤਾ ਹੈ ਤਾਂ ਜੋ ਵਲੰਟੀਅਰਜ਼ ਨੂੰ ਮੁੜ ਸਰਗਰਮ ਕੀਤਾ ਜਾ ਸਕੇ ।
