Breaking News ਪੰਜਾਬ ਜਿ਼ਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸਮੁਖੀ ਨੀਤੀਆਂ ਪ੍ਰਤੀ ਜ਼ਬਰਦਸਤ ਫਤਵਾ : ਮੁੱਖ ਮੰਤਰੀਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਛਾਜਲੀ ਤੋਂ ਨੰਗਲਾ ਤੱਕ 3.97 ਕਰੋੜ ਦੀ ਲਾਗਤ ਨਾਲ 18 ਫੁੱਟ ਚੌੜੀ ਕਰਵਾਈ ਸੜਕ ਦਾ ਕੀਤਾ ਉਦਘਾਟਨਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਜੁਝਾਰ ਨਗਰ ਵਾਸੀਆਂ ਦੀਆਂ ਸੁਣੀਆਂ ਮੁਸ਼ਕਲਾਂਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨਆਪ ਨੇ 3 ਸੀਟਾਂ ਜਿੱਤੀਆਂ, ਕਾਂਗਰਸ ਨੂੰ ਮਿਲੀ ਇੱਕ ਸੀਟਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ 'ਪੰਜਾਬ ਮਾਈਨਜ਼ ਇੰਸਪੈਕਸ਼ਨ' ਮੋਬਾਈਲ ਐਪ ਲਾਂਚ

ਪਾਣੀ ਦੀ ਬੱਚਤ ਲਈ ਜ਼ਮੀਨ 'ਚ ਬਣਾਏ ਕਿਆਰੇ ਵੀ ਨਿਭਾਉਂਦੇ ਨੇ ਅਹਿਮ ਭੂਮਿਕਾ : ਮੁੱਖ ਖੇਤੀਬਾੜੀ ਅਫ਼ਸਰ

ਦੁਆਰਾ: Punjab Bani ਪ੍ਰਕਾਸ਼ਿਤ :Sunday, 24 November, 2024, 03:50 PM

ਪਾਣੀ ਦੀ ਬੱਚਤ ਲਈ ਜ਼ਮੀਨ ‘ਚ ਬਣਾਏ ਕਿਆਰੇ ਵੀ ਨਿਭਾਉਂਦੇ ਨੇ ਅਹਿਮ ਭੂਮਿਕਾ : ਮੁੱਖ ਖੇਤੀਬਾੜੀ ਅਫ਼ਸਰ
-ਕਣਕ-ਝੋਨੇ ਦੇ ਫ਼ਸਲੀ ਚੱਕਰ ਵਾਲੀਆਂ ਜ਼ਮੀਨਾਂ ‘ਚ ਮੈਂਗਨੀਜ਼ ਦੀ ਘਾਟ ਨੂੰ ਦੂਰ ਕਰਨਾ ਜ਼ਰੂਰੀ : ਡਾ. ਜਸਵਿੰਦਰ ਸਿੰਘ
ਪਟਿਆਲਾ, 24 ਨਵੰਬਰ : ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ ਕਣਕ ਦੀ ਬਿਜਾਈ ਤੇਜ਼ੀ ਨਾਲ ਹੋ ਰਹੀ ਹੈ ਤੇ ਕਿਸਾਨਾਂ ਵੱਲੋਂ ਜਲਦੀ ਹੀ ਕਣਕ ਨੂੰ ਪਹਿਲਾਂ ਪਾਣੀ ਲਗਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਕਣਕ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਲਈ ਕਿਸਾਨ ਜ਼ਮੀਨ ਦੀ ਕਿਸਮ ਅਨੁਸਾਰ ਜੇਕਰ ਕਿਆਰੇ ਬਣਾਉਦੇ ਹਨ ਤਾਂ ਇਸ ਨਾਲ ਪਾਣੀ ਦੀ ਵੀ ਬਚਤ ਹੁੰਦੀ ਹੈ ਤੇ ਫ਼ਸਲ ਵੀ ਚੰਗੀ ਹੁੰਦੀ ਹੈ । ਉਨ੍ਹਾਂ ਦੱਸਿਆ ਕਿ ਭਾਰੀਆਂ ਜ਼ਮੀਨਾਂ ਵਿੱਚ ਪ੍ਰਤੀ ਏਕੜ 8 ਕਿਆਰੇ ਅਤੇ ਰੇਤਲੀਆਂ ਜ਼ਮੀਨਾਂ ਵਿੱਚ ਪ੍ਰਤੀ ਏਕੜ 16 ਕਿਆਰੇ ਬਣਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ । ਇਸ ਤਰੀਕੇ ਨਾਲ ਬਣਾਏ ਗਏ ਕਿਆਰਿਆਂ ਵਿੱਚ ਲੋੜ ਮੁਤਾਬਕ ਕਣਕ ਨੂੰ ਹਲਕਾ ਪਾਣੀ ਲੱਗਦਾ ਹੈ । ਉਨ੍ਹਾਂ ਦੱਸਿਆ ਕਿ ਅਕਤੂਬਰ ਮਹੀਨੇ ਬੀਜੀ ਕਣਕ ਨੂੰ ਤਿੰਨ ਹਫ਼ਤੇ ਬਾਅਦ ਅਤੇ ਇਸ ਤੋਂ ਬਾਅਦ ਬੀਜੀ ਕਣਕ ਨੂੰ ਚਾਰ ਹਫ਼ਤੇ ਬਾਅਦ ਪਾਣੀ ਦੇਣਾ ਚਾਹੀਦਾ ਹੈ । ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਗੁੱਲੀ ਡੰਡੇ ਨੂੰ ਖਤਮ ਕਰਨ ਲਈ ਕਿਸਾਨ ਪਹਿਲੀ ਸਿੰਚਾਈ ਤੋਂ 2 ਤੋਂ 3 ਦਿਨ ਪਹਿਲਾਂ ਐਰੀਲੋਨ, ਡੈਲੀਰੋਨ, ਰੌਨਕ ਵਰਗੇ ਨਦੀਨ ਨਾਸ਼ਕਾਂ ਦੀ 150 ਲੀਟਰ ਪਾਣੀ ਵਿੱਚ 300 ਤੋਂ 500 ਗ੍ਰਾਮ (ਜ਼ਮੀਨ ਦੀ ਕਿਸਮ ਅਨੁਸਾਰ) ਵਰਤੋਂ ਕਰ ਸਕਦੇ ਹਨ । ਉਨ੍ਹਾਂ ਦੱਸਿਆ ਕਿ ਕਿਸਾਨ ਜ਼ਮੀਨ ਵਿੱਚ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ‘ਤੇ ਹੀ ਕਰਨ ।
ਉਨ੍ਹਾਂ ਦੱਸਿਆ ਕਿ ਕਣਕ ਵਿੱਚ ਮੈਂਗਨੀਜ਼ ਦੀ ਘਾਟ ਆਮ ਤੌਰ ‘ਤੇ ਝੋਨਾ-ਕਣਕ ਫ਼ਸਲੀ ਚੱਕਰ ਵਾਲੀਆਂ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ, ਇਸ ਵਿੱਚ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ । ਬਹੁਤ ਜ਼ਿਆਦਾ ਘਾਟ ਆਉਣ ਨਾਲ ਬੂਟੇ ਬਿਲਕੁਲ ਸੁੱਕ ਜਾਂਦੇ ਹਨ । ਮੈਂਗਨੀਜ਼ ਦੀ ਘਾਟ ਨੂੰ ਦੂਰ ਕਰਨ ਲਈ ਕਿਸਾਨ ਪਹਿਲੇ ਪਾਣੀ ਤੋਂ 2 ਤੋਂ 4 ਦਿਨ ਪਹਿਲਾਂ 0.5 ਪ੍ਰਤੀਸ਼ਤ ਮੈਂਗਨੀਜ਼ ਸਲਫੇਟ (1 ਕਿਲੋ ਮੈਂਗਨੀਜ਼ ਸਲਫੇਟ 200 ਲੀਟਰ ਪਾਣੀ ਵਿੱਚ) ਦੀ ਇੱਕ ਸਪਰੇਅ ਕਰ ਸਕਦੇ ਹਨ । ਇਸ ਤੋਂ ਬਾਅਦ ਹਫ਼ਤੇ ਦੇ ਫਰਕ ‘ਤੇ ਤਿੰਨ ਹੋਰ ਸਪਰੇਆਂ ਕਰਨ ਨਾਲ ਇਸ ਤੱਤ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਮਾਹਰਾਂ ਦੀ ਕਿਸੇ ਵੀ ਤਰ੍ਹਾਂ ਦੀ ਰਾਏ ਲੈਣ ਲਈ ਕਿਸਾਨ ਆਪਣੇ ਖੇਤਰ ਦੇ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ ਜਾਂ ਫੇਰ ਪਟਿਆਲਾ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਦੀ ਸਹੂਲਤ ਲਈ 24 ਘੰਟੇ ਸੱਤੇ ਦਿਨ ਹਾਜ਼ਰ ਹੈ ।



Scroll to Top