ਨਗਰ ਕੌਂਸਲ ਚੋਣਾਂ ਸ਼ਹੀਦੀ ਪੰਦਰਵਾੜੇ ਦੌਰਾਨ ਨਾ ਕਰਵਾਈਆਂ ਜਾਣ ਦੀ ਸ਼ੋਮਣੀ ਅਕਾਲੀ ਦਲ ਨੇ ਰੱਖੀ ਮੰਗ
ਨਗਰ ਕੌਂਸਲ ਚੋਣਾਂ ਸ਼ਹੀਦੀ ਪੰਦਰਵਾੜੇ ਦੌਰਾਨ ਨਾ ਕਰਵਾਈਆਂ ਜਾਣ ਦੀ ਸ਼ੋਮਣੀ ਅਕਾਲੀ ਦਲ ਨੇ ਰੱਖੀ ਮੰਗ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਅਤੇ ਰਾਜ ਚੋਣ ਕਮਿਸ਼ਨਰ ਨੂੰ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਪੰਦਰਵਾੜੇ ਨਾਲ ਸਬੰਧਤ ਸਾਲਾਨਾ ਇਤਿਹਾਸਕ ਦਿਹਾੜੇ, ਜੋ ਕਿ 15 ਦਸੰਬਰ ਤੋਂ 31 ਦਸੰਬਰ ਤੱਕ ਆਉਂਦੇ ਹਨ, ਦੌਰਾਨ ਸਥਾਨਕ ਸਰਕਾਰਾਂ ਦੀਆਂ ਪ੍ਰਸਤਾਵਿਤ ਚੋਣਾਂ ਨਾ ਕਰਵਾਉਣ ਦੀ ਅਪੀਲ ਕੀਤੀ ਹੈ । ਇਹ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਇਸ ਪੰਦਰਵਾੜੇ ਦੇ ਸਮੇਂ ਦੌਰਾਨ ਲੱਖਾਂ ਲੋਕ ਸ਼ਰਧਾਂਜਲੀ ਦੇਣ ਲਈ ਕੁਰਬਾਨੀਆਂ ਦੇ ਇਸ ਬੇਮਿਸਾਲ ਇਤਿਹਾਸ ਨਾਲ ਜੁੜੇ ਰਾਜ ਵਿੱਚ ਵੱਖ-ਵੱਖ ਧਾਰਮਿਕ ਅਸਥਾਨਾਂ ‘ਤੇ ਸ਼ਰਧਾ ਪ੍ਰਗਟ ਕਰਨ ਜਾਂਦੇ ਹਨ, ਇਸ ਲਈ ਇਸ ਸਮੇਂ ਦੌਰਾਨ ਕੋਈ ਵੀ ਚੋਣ ਸ਼ਾਂਤੀਪੂਰਨ ਅਤੇ ਪਵਿੱਤਰ ਮਾਹੌਲ ਨੂੰ ਖਰਾਬ ਕਰੇਗੀ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਏਗੀ । ਦੱਸਣਯੋਗ ਹੈ ਕਿ ਪਿਛਲੇ ਦਿਨੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਰਾਜ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਲਈ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ ਜਿਸ ਦੇ ਆਧਾਰ ਉਤੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਵੱਲੋਂ ਚੋਣ ਪ੍ਰੋਗਰਾਮ ਜਾਰੀ ਕੀਤਾ ਜਾਣਾ ਹੈ ਕਿਉਂਕਿ ਰਾਜ ਸਰਕਾਰ ਨੇ ਉੱਚ ਅਦਾਲਤ ਨੂੰ ਦੱਸਿਆ ਹੈ ਕਿ ਇਹ ਚੋਣਾਂ ਦਸੰਬਰ ਮਹੀਨੇ ਵਿੱਚ ਮੁਕੰਮਲ ਕਰਵਾ ਲਈਆਂ ਜਾਣਗੀਆਂ ਜਿਸ ਨੂੰ ਦੇਖਦਿਆਂ ਅਕਾਲੀ ਦਲ ਨੇ ਇਹ ਮੰਗ ਰੱਖੀ ਹੈ ।