ਵਣ ਖੇਤੀ ਕਰਨ ਵਾਲੇ 145 ਕਿਸਾਨਾਂ ਨੂੰ ਦਿੱਤੇ 42 ਲੱਖ
ਵਣ ਖੇਤੀ ਪ੍ਰੋਜੈਕਟ ਤਹਿਤ ਵਣ ਮੰਡਲ (ਵਿਸਥਾਰ) ਪਟਿਆਲਾ ਨੇ ਚਲਾਈ ਮੁਹਿੰਮ
-ਪਾਪੂਲਰ, ਸਫ਼ੈਦੇ ਜਾਂ ਕਿਸੇ ਹੋਰ ਕਿਸਮ ਦੇ ਰੁੱਖਾਂ ਦੀ ਵਣ ਖੇਤੀ ਦੀ ਪਹਿਲ ਕਰਨ ਵਾਲੇ ਕਿਸਾਨ ਸਬਸਿਡੀ ਲੈਣ ਲਈ ਜ਼ਰੂਰ ਅਪਲਾਈ ਕਰਨ-ਵਿੱਦਿਆ ਸਾਗਰੀ
-ਕਿਹਾ, ‘ਰੁੱਖ ਲਗਾਓ-ਪੈਸਾ ਕਮਾਓ ਤੇ ਵਾਤਾਵਰਣ ਬਚਾਓ’ ਮੁਹਿੰਮ ਨੂੰ ਸਫ਼ਲ ਬਣਾਇਆ ਜਾਵੇਗਾ
ਪਟਿਆਲਾ, 22 ਜੂਨ:
ਵਣਾਂ ‘ਤੇ ਅਧਾਰਤ ਖੇਤੀ ਅਪਣਾਕੇ ਰਵਾਇਤੀ ਫ਼ਸਲੀ ਚੱਕਰ ਛੱਡਣ ਅਤੇ ਵਾਤਾਵਰਣ ਦੀ ਬਿਹਤਰੀ ‘ਚ ਯੋਗਦਾਨ ਪਾਉਣ ਵਾਲੇ 145 ਅਗਾਂਹਵਧੂ ਕਿਸਾਨਾਂ ਨੂੰ ਵਣ ਮੰਡਲ (ਵਿਸਥਾਰ) ਪਟਿਆਲਾ ਨੇ ਬੀਤੇ ਵਿੱਤੀ ਸਾਲ ਦੌਰਾਨ 42.48 ਲੱਖ ਰੁਪਏ ਦੀ ਸਬਸਿਡੀ ਦਿੱਤੀ ਹੈ।
ਇਹ ਸਬਸਿਡੀ ਪੰਜਾਬ ਦੇ ਪਾਣੀਆਂ ਅਤੇ ਵਾਤਾਵਰਣ ਪ੍ਰਤੀ ਫਿਕਰਮੰਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਫ਼ਸਲੀ ਵਿਭਿੰਨਤਾ ਲਈ ਵਣ ਖੇਤੀ ਪ੍ਰੋਜੈਕਟ’ ਤਹਿਤ ਦਿੱਤੀ ਗਈ ਹੈ।ਦੱਸਣਯੋਗ ਹੈ ਕਿ ਬੀਤੀ 12 ਫਰਵਰੀ ਨੂੰ ਲੁਧਿਆਣਾ ਵਿਖੇ ਹੋਈ ਪਹਿਲੀ ਸਰਕਾਰ-ਕਿਸਾਨ ਮਿਲਣੀ ਦੌਰਾਨ ਇਹ ਪ੍ਰੋਜੈਕਟ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਥੀਮ ‘ਰੁੱਖ ਲਗਾਓ-ਪੈਸਾ ਕਮਾਓ ਅਤੇ ਵਾਤਾਵਰਣ ਬਚਾਓ’ ਰੱਖਿਆ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਵਿੱਦਿਆ ਸਾਗਰੀ ਨੇ ਦੱਸਿਆ ਕਿ ਵਿਸਥਾਰ ਮੰਡਲ ਪਟਿਆਲਾ ਅਧੀਨ ਪੈਂਦੀਆਂ ਤਿੰਨੋਂ ਰੇਂਜਾਂ ਨੇ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ 12 ਫਰਵਰੀ 2023 ਤੋਂ ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ 31 ਮਾਰਚ 2023 ਤੱਕ ਇਸ ਪ੍ਰੋਜੈਕਟ ਤਹਿਤ ਸਭ ਤੋਂ ਵੱਧ ਸਬਸਿਡੀ ਪਟਿਆਲਾ ਰੇਂਜ ਵੱਲੋਂ ਦਿੱਤੀ ਗਈ।
ਪਟਿਆਲਾ ਰੇਂਜ ਨੇ 46 ਕਿਸਾਨਾਂ ਦੇ ਲਗਾਏ ਹੋਏ 125747 ਬੂਟੇ ਰਜਿਸਟਰਡ ਕਰਦੇ ਹੋਏ 1608626 ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਦਿੱਤੀ। ਇਸੇ ਪ੍ਰਕਾਰ ਐਸਏਐਸ ਨਗਰ ਮੋਹਾਲੀ ਰੇਂਜ ਨੇ 34 ਕਿਸਾਨਾਂ ਦੇ 60665 ਬੂਟੇ ਰਜਿਸਟਰਡ ਕਰਦੇ ਹੋਏ 1400564 ਸਬਸਿਡੀ ਦਿੱਤੀ।ਲੁਧਿਆਣਾ ਰੇਂਜ ਨੇ 65 ਕਿਸਾਨਾਂ ਦੇ 53807 ਰਜਿਸਟਰਡ ਕਰਦੇ ਹੋਏ 1239486 ਰੁਪਏ ਸਬਸਿਡੀ ਦਿੱਤੀ।ਉਨ੍ਹਾਂ ਦੱਸਿਆ ਕਿ ਕੁੱਲ 145 ਕਿਸਾਨਾਂ ਦੇ 240219 ਬੂਟੇ ਰਜਿਸਟਰਡ ਕਰਦੇ ਹੋਏ ਕੁੱਲ 4248676 ਸਬਸਿਡੀ ਦਿੱਤੀ ਗਈ।
ਵਿੱਦਿਆ ਸਾਗਰੀ ਨੇ ਇਹ ਵੀ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਇਸ ਪ੍ਰੋਜੈਕਟ ਤਹਿਤ ਕਿਸਾਨਾਂ ਨੂੰ ਰਜਿਸਟਰਡ ਕਰਨ ਦੀ ਪ੍ਰ੍ਰਕ੍ਰਿਆ ਜਾਰੀ ਹੈ। ਵਿਸਥਾਰ ਮੰਡਲ ਦੀਆਂ ਤਿੰਨੋਂ ਰੇਂਜਾਂ ਵੱਲੋਂ ਹੁਣ ਤੱਕ ਕੁੱਲ 37 ਕਿਸਾਨਾਂ ਦੇ 66810 ਬੂਟੇ ਰਜਿਸਟਰਡ ਕੀਤੇ ਗਏ ਹਨ।
ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਡੀ.ਐਫ.ਓ. ਵਿੱਦਿਆ ਸਾਗਰੀ ਨੇ ਦੱਸਿਆ ਕਿ ਪੰਜਾਬ ਦੇ ਜ਼ਮੀਨਾਂ ਹੇਠਲੇ ਪਾਣੀ ਅਤੇ ਵਾਤਾਵਰਣ ਦੇ ਬਚਾਅ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਵਧਾਉਣ ਦੇ ਮਕਸਦ ਨਾਲ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।
ਇਸ ਪ੍ਰੋਜੈਕਟ ਤਹਿਤ ਪੰਜਾਬ ਸਰਕਾਰ ਕਣਕ-ਝੋਨੇ ਦਾ ਫ਼ਸਲੀ ਚੱਕਰ ਛੱਡ ਕੇ ਖੇਤੀ ਵਿਭਿੰਨਤਾ ਨੂੰ ਪ੍ਰਫੂੱਲਿਤ ਕਰਨ ਅਤੇ ਵਣਾਂ ਹੇਠ ਕਰਬਾ ਵਧਾਉਣ ਲਈ ਕਿਸਾਨਾਂ ਨੂੰ ਸਬਸਿਡੀ ਦੇ ਰਹੀ ਹੈ। ਆਪਣੇ ਖੇਤਾਂ ‘ਚ ਰੁੱਖ ਲਗਾਉਣ ਵਾਲੇ ਕਿਸਾਨਾਂ ਨੂੰ ਰੁੱਖ ਲਗਾਉਣ ਦੇ ਅਨੁਮਾਨਿਤ ਖਰਚੇ ਦੇ 50 ਫੀਸਦੀ ਦੇ ਰੂਪ ਵਿੱਚ ਵੱਧ ਤੋਂ ਵੱਧ 60 ਰੁਪਏ ਪ੍ਰਤੀ ਬੂਟਾ ਸਬਸਿਡੀ ਦਿੱਤੀ ਜਾ ਰਹੀ ਹੈ। ਜੇਕਰ ਕੋਈ ਕਿਸਾਨ ਆਪਣੇ ਖੇਤ ਵਿੱਚ ਬਲਾਕ ਪਲਾਂਟੇਸ਼ਨ ਕਰਦਾ ਹੈ ਤਾਂ ਉਸਨੂੰ 37500 ਰੁਪਏ ਪ੍ਰਤੀ ਹੈਕਟਰ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਂਦੀ ਹੈ।ਲਾਭਪਾਤਰੀ ਨੂੰ ਬੂਟਾ ਲਗਾਉਣ ਦੇ ਸ਼ੁਰੂਆਤੀ ਸਾਲ ਅਤੇ ਅਗਲੇ ਦੋ ਸਾਲਾਂ ਤੱਕ 50-25-25 ਦੇ ਅਨੁਪਾਤ ਵਿੱਚ ਇਹ ਸਬਸਿਡੀ ਦਿੱਤੀ ਜਾਂਦੀ ਹੈ।
ਸਬਸਿਡੀ ਪ੍ਰਾਪਤ ਕਰਨ ਲਈ ਬੂਟਿਆਂ ਦੀ ਰਜਿਸਟ੍ਰੇਸ਼ਨ ਸੰਬੰਧੀ ਕਿਸਾਨ ਵਣ ਮੰਡਲ (ਵਿਸਥਾਰ) ਪਟਿਆਲ਼ਾ ਦੇ ਦਫਤਰੀ ਨੰਬਰ 0175-2359708 ਤੇ ਕਿਸੇ ਵੀ ਕਾਰਜ ਦਿਵਸ ਨੂੰ ਦਫ਼ਤਰੀ ਸਮੇਂ ਦੌਰਾਨ ਸੰਪਰਕ ਕਰ ਸਕਦੇ ਹਨ। ਲਾਭ ਲੈਣ ਲਈ ਜ਼ਮੀਨ ਦੀ ਮਾਲਕੀ ਸਬੰਧੀ ਦਸਤਾਵੇਜ਼ਾਂ ਦੀ ਕਾਪੀ, ਆਧਾਰ ਕਾਰਡ ਦੀ ਕਾਪੀ ਅਤੇ ਆਧਾਰ ਨਾਲ ਲਿੰਕ ਬੈਂਕ ਪਾਸ-ਬੁੱਕ ਦੀ ਕਾਪੀ ਜਾਂ ਕੈਂਸਲ ਚੈੱਕ ਲੋੜੀਂਦੇ ਹਨ।
ਵਣ ਮੰਡਲ ਅਫ਼ਸਰ ਵਿੱਦਿਆ ਸਾਗਰੀ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਚਾਲੂ ਵਿੱਤੀ ਸਾਲ ਦੌਰਾਨ ਪਾਪੂਲਰ, ਸਫ਼ੈਦੇ ਜਾਂ ਕਿਸੇ ਹੋਰ ਕਿਸਮ ਦੇ ਰੁੱਖਾਂ ਦੀ ਵਣ ਖੇਤੀ ਦੀ ਪਹਿਲ ਕੀਤੀ ਹੈ, ਉਹ ਸਬਸਿਡੀ ਲੈਣ ਲਈ ਜ਼ਰੂਰ ਅਪਲਾਈ ਕਰਨ।ਵਿਸਥਾਰ ਮੰਡਲ ਤਹਿਤ ਇਸ ਪ੍ਰੋਜੈਕਟ ਪ੍ਰਚਾਰ-ਪ੍ਰਸਾਰ ਅਤੇ ਇਸਨੂੰ ਲਾਗੂ ਕਰਨ ਵਿੱਚ ਵਣ ਰੇਂਜ ਅਫ਼ਸਰ ਸੁਰਿੰਦਰ ਸ਼ਰਮਾ ਅਤੇ ਬੀਟ ਇੰਚਾਰਜ ਅਮਨ ਅਰੋੜਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।