ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਕੂਟਰ 'ਤੇ ਪਟਿਆਲਾ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਕਮਿਸ਼ਨਰ ਨੂੰ ਨਾਲ ਲੈ ਕੇ ਕੀਤਾ ਦੌਰਾ

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਕੂਟਰ ‘ਤੇ ਪਟਿਆਲਾ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਕਮਿਸ਼ਨਰ ਨੂੰ ਨਾਲ ਲੈ ਕੇ ਕੀਤਾ ਦੌਰਾ
-ਪਟਿਆਲਵੀਆਂ ਦੀ ਸਹੂਲਤ ਲਈ ਢਾਈ ਕਰੋੜ ਦੇ ਵਿਕਾਸ ਕੰਮਾਂ ਦੀ ਕਰਵਾਈ ਸ਼ੁਰੂਆਤ
-24 ਘੰਟੇ ਹਲਕਾ ਵਾਸੀਆਂ ਦੀ ਸੇਵਾ ‘ਚ ਹਾਜ਼ਰ, ਕੋਈ ਕੰਮ ਨਹੀਂ ਰਹੇਗਾ ਬਕਾਇਆ : ਕੋਹਲੀ
ਪਟਿਆਲਾ, 19 ਨਵੰਬਰ : ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਪਣੇ ਪਿਤਾ ਪੁਰਖੀ ਰਵਾਇਤ ਨੂੰ ਕਾਇਮ ਰੱਖਦਿਆਂ ਸਕੂਟਰ ‘ਤੇ ਸਵਾਰ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਤੇ ਗਲੀਆਂ ਦਾ ਦੌਰਾ ਕਰਕੇ ਨਗਰ ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ ਨੂੰ ਸ਼ਹਿਰ ਦੀ ਅਸਲ ਤਸਵੀਰ ਦਿਖਾਈ ਤਾਂ ਕਿ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਮੌਕੇ ‘ਤੇ ਹੀ ਹੱਲ ਹੋ ਸਕੇ । ਇਸ ਦੌਰਾਨ ਪਟਿਆਲਵੀਆਂ ਦੀ ਸਹੂਲਤ ਲਈ ਵਿਧਾਇਕ ਨੇ ਢਾਈ ਕਰੋੜ ਦੀ ਲਾਗਤ ਵਾਲੇ ਵੱਖ ਵੱਖ ਵਿਕਾਸ ਕਾਰਜਾਂ ਦੀ ਵੀ ਸ਼ੁਰੂਆਤ ਕਰਵਾਈ ਅਤੇ ਕਿਹਾ ਕਿ ਉਹ 24 ਘੰਟੇ ਆਪਣੇ ਹਲਕੇ ਦੇ ਵਸਨੀਕਾਂ ਦੀ ਸੇਵਾ ਵਿੱਚ ਹਾਜ਼ਰ ਹਨ।
ਵਿਧਾਇਕ ਕੋਹਲੀ ਨੇ ਹਲਕਾ ਵਾਸੀਆਂ ਨਾਲ ਮੁਲਾਕਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਵਿਚਲੇ ਕਈ ਦਹਾਕਿਆਂ ਤੋ ਰੁੱਕੇ ਕੰਮਾਂ ਨੂੰ ਮੁੜ ਤੋਂ ਕਰਵਾਇਆ ਜਾ ਰਿਹਾ ਹੈ ਤਾਂ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ 94 ਲੱਖ ਰੁਪਏ ਦਾ ਲਾਗਤ ਨਾਲ ਆਰੀਆ ਸਮਾਜ ਚੌਂਕ ਨੇੜੇ ਪੁਰੀ ਰੋਡ ਤੇ ਸਰਹਿੰਦੀ ਬਾਜ਼ਾਰ ਵਿਖੇ ਪਾਣੀ ਦੀ ਨਿਕਾਸੀ ਲਈ ਪਾਇਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸੇ ਦੌਰਾਨ 68 ਲੱਖ ਰੁਪਏ ਦੀ ਲਾਗਤ ਨਾਲ ਘੇਰ ਸੋਢੀਆਂ ਅਤੇ ਬਗੀਚੀ ਮੰਗਲ ਦਾਸ ਦੀਆਂ ਗਲੀਆਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ, ਜਦਕਿ 44 ਲੱਖ ਰੁਪਏ ਦੀ ਲਾਗਤ ਨਾਲ ਜੱਟਾਂ ਵਾਲਾ ਚੌਂਤਰਾ ਅਤੇ ਸਰਹਿੰਦੀ ਬਾਜ਼ਾਰ ਨੇੜੇ ਗਲੀਆਂ ਦੀ ਉਸਾਰੀ ਅਤੇ ਯੂਪੀਵੀਸੀ ਪਾਈਪ ਪਾਉਣ ਦਾ ਕੰਮ ਸ਼ੁਰੂ ਕਰਵਾਇਆ । ਇਸੇ ਤਰ੍ਹਾਂ 37 ਲੱਖ ਰੁਪਏ ਦੀ ਲਾਗਤ ਨਾਲ ਘੇਰ ਸੋਢੀਆਂ ਵਿਖੇ ਸੀ. ਸੀ. ਫਲੋਰਿੰਗ ਸਦਰ ਬਾਜ਼ਾਰ ਤੋਂ ਅਰਨਾ ਬਰਨਾ ਚੌਂਕ ਤੱਕ ਅਤੇ ਸਮਸ਼ੇਰ ਸਿੰਘ ਮੁਹੱਲਾ ਵਿਖੇ ਸੜਕਾਂ ਦਾ ਕੰਮ ਕਰਵਾਉਣ ਦੀ ਸ਼ੁਰੂਆਤ ਕਰਵਾਈ । ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅਫਸੋਸ ਜਤਾਇਆ ਕਿ ਪਟਿਆਲਾ ਤੋਂ ਚੱਲਣ ਵਾਲੀ ਪਿਛਲੀ ਸਰਕਾਰ ਨੇ ਵੀ ਪਟਿਆਲਾ ਸ਼ਹਿਰੀਆਂ ਨੂੰ ਅੱਖੋਂ ਪਰੋਖੇ ਕੀਤਾ ਅਤੇ ਸ਼ਹਿਰ ਅੰਦਰੂਨ ਦੀਆਂ ਸੜਕਾਂ ਵੀ ਨਹੀਂ ਬਣਾਈਆਂ ਜਾ ਸਕੀਆਂ ਪ੍ਰੰਤੂ ਮੌਜੂਦਾ ਸਰਕਾਰ ਨੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਦਾ ਬੀੜਾ ਉਠਾਇਆ ਤੇ 25 ਕਰੋੜ ਰੁਪਏ ਦੀ ਲਾਗਤ ਨਾਲ ਪਾਰਕਾਂ, ਗਲੀਆਂ ਸੜਕਾਂ ਤੇ ਹੋਰ ਸਹੂਲਤਾਂ ‘ਤੇ ਖਰਚੇ ਜਾ ਰਹੇ ਹਨ ਅਤੇ ਹਰ ਵਾਰਡ ਵਿੱਚ ਮੁੱਖ ਸੜਕਾਂ ਅਤੇ ਅੰਦਰਲੀਆਂ ਗਲੀਆਂ ਸੜਕਾਂ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ । ਇਸ ਮੌਕੇ ਮਦਨ ਅਰੋੜਾ, ਕਿਸ਼ਨ ਚੰਦ ਬੁੱਧੂ, ਹਰਪਾਲ ਸਿੰਘ ਬਿੱਟੂ, ਗੁਰਸ਼ਰਨ ਸਿੰਘ ਸਨੀ, ਸੁਸ਼ੀਲ ਮਿੰਡਾ, ਅੰਮ੍ਰਿਤਪਾਲ ਸਿੰਘ ਪਾਲੀ, ਸਿਮਰਪ੍ਰੀਤ ਸਿੰਘ ਅਤੇ ਪੁਨੀਤ ਬੁਧੀਰਾਜਾ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ ।
