ਕਿਸਾਨਾਂ ਅਤੇ ਵਿਗਿਆਨੀਆਂ ਵੱਲੋਂ ਫ਼ਸਲਾਂ , ਸਬਜ਼ੀਆਂ ਅਤੇ ਬਾਗ਼ਬਾਨੀ ਬਾਰੇ ਵਿਚਾਰ-ਵਟਾਂਦਰਾ
ਕਿਸਾਨਾਂ ਅਤੇ ਵਿਗਿਆਨੀਆਂ ਵੱਲੋਂ ਫ਼ਸਲਾਂ , ਸਬਜ਼ੀਆਂ ਅਤੇ ਬਾਗ਼ਬਾਨੀ ਬਾਰੇ ਵਿਚਾਰ-ਵਟਾਂਦਰਾ
ਡੀ. ਏ. ਪੀ. ਖਾਦ ਦੇ ਵੱਖ-ਵੱਖ ਬਦਲ ਅਤੇ ਕਿਸਾਨਾਂ ਨੂੰ ਮਿੱਟੀ ਪਰਖ ਅਧਾਰਤ ਖੁਰਾਕੀ ਤੱਤਾਂ ਦੀ ਵਰਤੋਂ ਬਾਰੇ ਜਾਗਰੂਕ ਕੀਤਾ
ਸ਼ੇਰਪੁਰ/ਸੰਗਰੂਰ, 20 ਨਵੰਬਰ : ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ ਲੁਧਿਆਣਾ ਦੀ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਹੇੜੀਕੇ, ਬਲਾਕ ਸ਼ੇਰਪੁਰ ਵਿਖੇ ਕਿਸਾਨਾਂ ਅਤੇ ਵਿਗਿਆਨੀਆਂ ਦਾ ਵਿਚਾਰ-ਵਟਾਂਦਰਾ ਕਰਵਾਇਆ ਗਿਆ। ਸ਼ੁਰੂਆਤ ਵਿੱਚ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ ਅਤੇ ਇੰਚਾਰਜ, ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੇ ਹਾੜ੍ਹੀ ਦੀਆਂ ਮੁੱਖ ਫ਼ਸਲਾਂ ਦੀ ਸਫ਼ਲ ਕਾਸ਼ਤ ਲਈ ਨਵੀਨਤਮ ਤਕਨੀਕਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਜਿਵੇਂ ਕਿ ਝੋਨੇ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ, ਮਿੱਟੀ ਪਰਖ ਅਧਾਰਤ ਖੁਰਾਕੀ ਤੱਤਾਂ ਦੀ ਵਰਤੋਂ, ਕਣਕ ਦੇ ਬਾਇਓ-ਫਰਟੀਲਾਈਜ਼ਰ ਕੰਸੋਰਟੀਅਮ ਨਾਲ ਮਿੱਟੀ ਦੀ ਜੈਵਿਕ ਸਿਹਤ ਨੂੰ ਵਧਾਉਣਾ, ਹਾੜ੍ਹੀ ਦੀਆਂ ਫ਼ਸਲਾਂ ਵਿੱਚ ਲਘੂ ਤੱਤਾਂ ਦੀ ਘਾਟ ਦਾ ਪ੍ਰਬੰਧਨ ਆਦਿ। ਉਨ੍ਹਾਂ ਹਲਕੀਆਂ ਜ਼ਮੀਨਾਂ ਵਿੱਚ ਮੈਗਨੀਜ਼ ਦੀ ਸਪਰੇਅ, ਪੋਟਾਸ਼ੀਅਮ ਨਾਈਟ੍ਰੇਟ ਦੀ ਮਹੱਤਤਾ, ਡੀ. ਏ. ਪੀ. ਖਾਦ ਦੇ ਵੱਖ-ਵੱਖ ਬਦਲ ਆਦਿ ‘ਤੇ ਜ਼ੋਰ ਦਿੱਤਾ । ਡਾ. ਅਮਨਪ੍ਰੀਤ ਕੌਰ, ਬਾਗਬਾਨੀ ਵਿਕਾਸ ਅਫ਼ਸਰ, ਧੂਰੀ ਨੇ ਬਾਗਬਾਨੀ ਵਿਭਾਗ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਕਿਸਾਨਾਂ ਨੂੰ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਨੂੰ ਵਿਭਿੰਨਤਾ ਦੇ ਵਿਕਲਪ ਵਜੋਂ ਅਪਣਾਉਣ ਦੀ ਅਪੀਲ ਕੀਤੀ । ਉਨ੍ਹਾਂ ਵਿਭਾਗ ਵੱਲੋਂ ਖੇਤੀ ਸੰਦਾਂ ਅਤੇ ਮਸ਼ੀਨਰੀ ‘ਤੇ ਦਿੱਤੀਆਂ ਜਾਂਦੀਆਂ ਸਬਸਿਡੀਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ । ਡਾ. ਹਰੀਸ਼ ਗੋਇਲ, ਵੈਟਰਨਰੀ ਅਫ਼ਸਰ, ਹੇੜੀਕੇ ਨੇ ਕਿਸਾਨਾਂ ਨੂੰ ਪਸ਼ੂਆਂ ਦੀ ਮੂੰਹ-ਖੁਰ ਦੀ ਬਿਮਾਰੀ ਬਾਰੇ ਜਾਣੂ ਕਰਵਾਇਆ ਅਤੇ ਕਿਸਾਨਾਂ ਨੂੰ ਪਸ਼ੂਆਂ ਦੀ ਚੰਗੀ ਸਿਹਤ ਲਈ ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਨੂੰ ਵਰਤਣ ਦੀ ਸਲਾਹ ਦਿੱਤੀ । ਸ਼੍ਰੀ ਮੁਹੰਮਦ ਆਰਿਫ਼, ਭੂਮੀ ਅਤੇ ਜਲ ਸੰਭਾਲ ਵਿਭਾਗ, ਧੂਰੀ ਬਲਾਕ ਨੇ ਅਡੰਰਗਰਾਉਂਡ ਪਾਈਪ ਲਾਈਨ ਸਬਸਿਡੀ ਸਕੀਮ ਅਤੇ ਹੋਰ ਸਕੀਮਾਂ ਬਾਰੇ ਵਿਸਥਾਰ ਵਿੱਚ ਦੱਸਿਆ । ਕੈਂਪ ਦੌਰਾਨ ਗੱਲਬਾਤ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਨੈਨੋ-ਯੂਰੀਆ ਬਾਰੇ, ਸਿੰਚਾਈ ਦੇ ਪਾਣੀ ਦੀਆਂ ਸ਼੍ਰੇਣੀਆਂ, ਜਿਪਸਮ ਦੀ ਵਰਤੋਂ ਦੇ ਲਾਭਾਂ ਬਾਰੇ, ਗੁੱਲੀ ਡੰਡੇ ਦੀ ਰੋਕਥਾਮ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ । ਡਾ. ਅਸ਼ੋਕ ਕੁਮਾਰ ਦੁਆਰਾ ਸਾਰੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ। ਅੰਤ ਵਿੱਚ ਪਿੰਡ ਦੇ ਨਵ-ਨਿਯੁਕਤ ਸਰਪੰਚ ਸ. ਗੁਰਪ੍ਰੀਤ ਸਿੰਘ, ਅਗਾਂਹਵਧੂ ਕਿਸਾਨ ਸ. ਰਵਿੰਦਰ ਸਿੰਘ, ਅਗਾਂਹਵਧੂ ਕਿਸਾਨ ਸ. ਜਸਪਾਲ ਸਿੰਘ ਨੇ ਇਸ ਕਿਸਾਨਾਂ ਅਤੇ ਵਿਗਿਆਨੀਆਂ ਦਾ ਵਿਚਾਰ-ਵਟਾਂਦਰਾ ਦੇ ਪ੍ਰਬੰਧ ਕਰਨ ਲਈ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਅਤੇ ਹੋਰ ਮਾਹਿਰਾਂ ਦਾ ਧੰਨਵਾਦ ਕੀਤਾ ।