ਨਿਊ ਨੋਇਡਾ ਨਾਮ ਹੇਠ ਸ਼ਹਿਰ ਦੀ ਸਥਾਪਨਾ ਲਈ ਜ਼ਮੀਨਾਂ ਦੀ ਐਕਵਾਇਰਮੈਂਟ ਲਈ ਪ੍ਰਕਿਰਿਆ ਸ਼ੁਰੂ
ਨਿਊ ਨੋਇਡਾ ਨਾਮ ਹੇਠ ਸ਼ਹਿਰ ਦੀ ਸਥਾਪਨਾ ਲਈ ਜ਼ਮੀਨਾਂ ਦੀ ਐਕਵਾਇਰਮੈਂਟ ਲਈ ਪ੍ਰਕਿਰਿਆ ਸ਼ੁਰੂ
ਨਵੀਂ ਦਿੱਲੀ : ਨੈਸ਼ਨਲ ਕੈਪੀਟਲ ਰੀਜਨ (ਐਨ. ਸੀ. ਆਰ.) ਵਿਚ ਇੱਕ ਹੋਰ ਸ਼ਹਿਰ ਵਸਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ‘ਨਿਊ ਨੋਇਡਾ’ ਨਾਮ ਦੇ ਇਸ ਸ਼ਹਿਰ ਲਈ ਜ਼ਮੀਨ ਐਕਵਾਇਰ ਕਰਨ ਦਾ ਸਰਵੇਖਣ ਵੀ ਸ਼ੁਰੂ ਹੋ ਗਿਆ ਹੈ । ਨੋਇਡਾ ਅਥਾਰਟੀ ਦੇ ਸੀ. ਈ. ਓ. ਲੋਕੇਸ਼ ਐੱਮ ਨੇ ਬੁਲੰਦਸ਼ਹਿਰ ਦੇ ਸਿਕੰਦਰਾਬਾਦ ਇਲਾਕੇ ‘ਚ ਅਧਿਕਾਰੀਆਂ ਨਾਲ ਸ਼ੁਰੂਆਤੀ ਸਰਵੇਖਣ ਕੀਤਾ । ਇਸ ਦੌਰਾਨ ਪਿੰਡ ਜੋਖਾਬਾਦ ਵਿੱਚ ਆਰਜ਼ੀ ਦਫ਼ਤਰ ਲਈ ਵੀ ਜ਼ਮੀਨ ਦਾ ਨਿਰੀਖਣ ਕੀਤਾ ਗਿਆ । ਇਹ ਦਫ਼ਤਰ ਜ਼ਮੀਨ ਪ੍ਰਾਪਤੀ ਅਤੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰੇਗਾ । ਸੀ. ਈ. ਓ. ਨੇ ਕਿਹਾ ਕਿ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਇਸ ਲਈ ਸਥਾਨਕ ਜ਼ਮੀਨ ਮਾਲਕਾਂ, ਪਿੰਡ ਵਾਸੀਆਂ ਅਤੇ ਪਿੰਡ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਸਹਿਮਤੀ ਲਈ ਜਾਵੇਗੀ । ਨਿਊ ਨੋਇਡਾ ਦਾ ਵਿਕਾਸ ਡੈਡੀਕੇਟਿਡ ਦਾਦਰੀ-ਨੋਇਡਾ-ਗਾਜ਼ੀਆਬਾਦ ਨਿਵੇਸ਼ ਖੇਤਰ ਦੇ ਤਹਿਤ ਵਿਕਸਤ ਕੀਤਾ ਜਾਵੇਗਾ । ਇਸ ਨਵੇਂ ਖੇਤਰ ਵਿੱਚ ਗੌਤਮ ਬੁੱਧ ਨਗਰ ਦੇ ਲਗਭਗ 20 ਪਿੰਡਾਂ ਅਤੇ ਬੁਲੰਦਸ਼ਹਿਰ ਦੇ 60 ਪਿੰਡਾਂ ਦੀ ਜ਼ਮੀਨ ਸ਼ਾਮਲ ਹੋਵੇਗੀ, ਜਿਸ ਦਾ ਆਕਾਰ ਨੋਇਡਾ ਸ਼ਹਿਰ ਦੇ ਬਰਾਬਰ ਹੋਵੇਗਾ । ਨਿਊ ਨੋਇਡਾ ਪ੍ਰੋਜੈਕਟ ਨੂੰ ਪੜਾਅਵਾਰ ਢੰਗ ਨਾਲ ਵਿਕਸਤ ਕੀਤਾ ਜਾਵੇਗਾ । ਪਹਿਲਾ ਪੜਾਅ 3,165 ਹੈਕਟੇਅਰ ਜ਼ਮੀਨ ‘ਤੇ 2027 ਤੱਕ ਪੂਰਾ ਕੀਤਾ ਜਾਵੇਗਾ । ਇਸ ਤੋਂ ਬਾਅਦ 2027 ਤੋਂ 2032 ਦਰਮਿਆਨ 3,798 ਹੈਕਟੇਅਰ, 2037 ਤੱਕ 5,908 ਹੈਕਟੇਅਰ ਅਤੇ 2041 ਤੱਕ 8,230 ਹੈਕਟੇਅਰ ਜ਼ਮੀਨ ਦਾ ਵਿਕਾਸ ਕੀਤਾ ਜਾਵੇਗਾ । ਸੂਬਾ ਸਰਕਾਰ ਨੇ ਅਕਤੂਬਰ ਵਿੱਚ ਇਸ ਪ੍ਰਾਜੈਕਟ ਦੇ ਮਾਸਟਰ ਪਲਾਨ 2041 ਨੂੰ ਮਨਜ਼ੂਰੀ ਦਿੱਤੀ ਸੀ, ਮਾਸਟਰ ਪਲਾਨ ਤਹਿਤ ਐਕੁਆਇਰ ਕੀਤੀ ਜ਼ਮੀਨ ਦਾ 40 ਫੀਸਦੀ ਉਦਯੋਗਿਕ ਵਿਕਾਸ ਲਈ, 13 ਫੀਸਦੀ ਰਿਹਾਇਸ਼ੀ ਪ੍ਰਾਜੈਕਟਾਂ ਲਈ, 18 ਫੀਸਦੀ ਹਰਿਆਲੀ ਅਤੇ ਮਨੋਰੰਜਨ ਖੇਤਰਾਂ ਲਈ, 4 ਫੀਸਦੀ ਵਪਾਰਕ ਵਰਤੋਂ, 8% ਜਨਤਕ ਅਦਾਰਿਆਂ ਲਈ ਅਤੇ ਬਾਕੀ ਹੋਰ ਪ੍ਰੋਜੈਕਟਾਂ ਲਈ ਰਾਖਵੀਂ ਰੱਖੀ ਗਈ ਹੈ । ਦਿੱਲੀ-ਮੁੰਬਈ ਇੰਡਸਟਰੀਅਲ ਕੋਰੀਡੋਰ ਦੇ ਪਹਿਲੇ ਪੜਾਅ ਵਿਚ ਖੇਤਰ ਨੂੰ ਇੱਕ ਪ੍ਰਮੁੱਖ ਨਿਵੇਸ਼ ਖੇਤਰ ਵਜੋਂ ਪਛਾਣਿਆ ਗਿਆ ਹੈ। ਇਹ ਖੇਤਰ ਸੜਕ ਅਤੇ ਰੇਲ ਰਾਹੀਂ ਰਾਜ ਅਤੇ ਦੇਸ਼ ਦੇ ਹੋਰ ਹਿੱਸਿਆਂ ਨਾਲ ਜੁੜਿਆ ਹੋਇਆ ਹੈ । ਨੋਇਡਾ, ਗ੍ਰੇਟਰ ਨੋਇਡਾ, ਯਮੁਨਾ ਐਕਸਪ੍ਰੈਸਵੇਅ ਉਦਯੋਗਿਕ ਖੇਤਰ ਅਤੇ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡਾ ਇਸਦੇ ਆਲੇ-ਦੁਆਲੇ ਸਥਿਤ ਹਨ ।