ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਅੱਜ ਦੇ ਫੈਸਲੇ ਨੂੰ ਸੋਚੀ ਸਮਝੀ ਚਾਲ ਰਾਹੀਂ ਲਿਖੀ ਮਿਥੀ ਸਕਰਿਪਟ ਨੂੰ ਮਹਿਜ਼ ਇੱਕ ਡਰਾਮਾ ਸਮਝਿਆ ਜਾ ਰਿਹੈ : ਸੁਧਾਰ ਲਹਿਰ

ਦੁਆਰਾ: Punjab Bani ਪ੍ਰਕਾਸ਼ਿਤ :Monday, 18 November, 2024, 07:45 PM

ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਅੱਜ ਦੇ ਫੈਸਲੇ ਨੂੰ ਸੋਚੀ ਸਮਝੀ ਚਾਲ ਰਾਹੀਂ ਲਿਖੀ ਮਿਥੀ ਸਕਰਿਪਟ ਨੂੰ ਮਹਿਜ਼ ਇੱਕ ਡਰਾਮਾ ਸਮਝਿਆ ਜਾ ਰਿਹੈ : ਸੁਧਾਰ ਲਹਿਰ
ਪਾਰਟੀ ਵਰਕਰਾਂ ਅਤੇ ਪੰਥਕ ਹਤੈਸ਼ੀਆਂ ਨੇ ਝੂੰਦਾ ਕਮੇਟੀ ਨੂੰ ਆਪਣੀ ਬਹੁਤ ਸਾਫ ਸੁਥਰੇ ਸ਼ਬਦਾਂ ਰਾਹੀਂ ਰਾਏ ਦੇ ਦਿੱਤੀ ਸੀ । ਝੂੰਦਾ ਕਮੇਟੀ ਨੂੰ ਲਾਗੂ ਕਰਕੇ ਜਨਤਕ ਕਰਨਾ ਚਾਹੀਦਾ ਹੈ :
ਨਵਾਂਸ਼ਹਿਰ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਨੂੰ ਲੈਕੇ ਬੁਲਾਈ ਗਈ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸੋਚੀ ਸਮਝੀ ਚਾਲ ਰਾਹੀਂ ਲਿਖੀ ਮਿਥੀ ਸਕ੍ਰਿਪਟ ਤਹਿਤ ਕੀਤਾ ਡਰਾਮਾ ਕਰਾਰ ਦਿੱਤਾ ਹੈ । ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਦਫਤਰ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਅਸਤੀਫੇ ਛਪਵਾ ਕੇ ਰੱਖੇ ਸਨ ਤੇ ਮੀਟਿੰਗ ਵਿੱਚ ਆ ਰਹੇ ਲੀਡਰਾਂ ਨੂੰ ਛਪੇ ਹੋਏ ਅਸਤੀਫੇ ਵਾਲੇ ਕਾਗਜ਼ ਉਥੇ ਦੇ ਮੁਲਾਜ਼ਮ ਹੱਥੀ ਦੇ ਰਹੇ ਸਨ । ਅਗਰ ਇਸ ਤਰ੍ਹਾਂ ਦਾ ਖੇਡ ਰਚਾਉਣਾ ਸੀ ਤਾਂ ਫਿਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ ਦੀ ਕੀ ਲੋੜ ਸੀ ਅਤੇ ਉਸਦਾ ਮੰਤਵ ਕੀ ਹੈ । ਜਥੇਦਾਰ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨਿਆ ਗਿਆ ਸੀ ਅਤੇ ਉਹਨਾਂ ਨੂੰ ਉਸ ਸਮੇਂ ਅਸਤੀਫਾ ਦੇ ਦੇਣਾ ਚਾਹੀਦਾ ਸੀ।. ਸਿੰਘ ਸਾਹਿਬਾਨ ਦੇ ਦਿੱਤੇ ਹੋਏ ਆਦੇਸ਼ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਅਤੇ ਪੰਥ ਦੀਆਂ ਪਰੰਪਰਾਵਾਂ ਤੇ ਪਹਿਰਾ ਦੇ ਕੇ ਅਸਤੀਫੇ ਦੇ ਸਬੰਧ ਵਿੱਚ ਕੋਈ ਸਿਆਸਤ ਨਹੀਂ ਸੀ ਕਰਨੀ ਚਾਹੀਦੀ।. ਅੱਜ ਸਰਦਾਰ ਬਲਵਿੰਦਰ ਸਿੰਘ ਭੂੰਦੜ ਸਮੇਤ ਕਈ ਲੀਡਰਾਂ ਦੀ ਜੋ ਭੂਮਿਕਾ ਦੇਖੀ ਗਈ ਹੈ ਉਸ ਨੂੰ ਸੰਗਤਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੁਕਮ ਦੇ ਵਿਰੁੱਧ ਸਮਝਿਆ ਜਾ ਰਿਹਾ ਹੈ ।

ਜਥੇਦਾਰ ਵਡਾਲਾ ਨੇ ਪਾਰਟੀ ਦੇ ਸੀਨੀਅਰ ਆਗੂ ਐਨ ਕੇ ਸ਼ਰਮਾ ਦੇ ਉਸ ਬਿਆਨ ਦਾ ਸਖ਼ਤ ਨੋਟਿਸ ਲਿਆ ਹੈ ਜਿਹੜਾ ਓਹਨਾ ਨੇ ਇੱਕ ਨਿੱਜੀ ਟੀਵੀ ਚੈਨਲ ਤੇ ਦਿੱਤਾ ਹੈ, ਜਿਸ ਵਿੱਚ ਐਨ ਕੇ ਸ਼ਰਮਾ ਨੇ ਕਿਹਾ ਹੈ ਕਿ ਪਾਰਟੀ ਵਿੱਚ ਧਾਰਮਿਕ ਦਖਲ ਅੰਦਾਜੀ ਜਿਆਦਾ ਹੋ ਚੁੱਕੀ ਹੈ । ਜਥੇਦਾਰ ਵਡਾਲਾ ਨੇ ਕਿਹਾ ਇਹ ਸਾਡੀ ਤ੍ਰਾਸਦੀ ਹੈ ਕਿ ਪੰਥ ਦੀ ਨੁਮਾਇੰਦਾ ਜਮਾਤ ਵਿੱਚ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਉਸ ਉਪਰ ਐਨ. ਕੇ. ਸ਼ਰਮਾ ਵੱਲੋਂ ਉੰਗਲ ਉਠਾਈ ਜਾ ਰਹੀ ਹੈ। ਇਹਨਾਂ ਲੀਡਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਧਰਮ ਵਿੱਚ ਦਖਲ ਦੇ ਕੇ ਤੇ ਸਿੰਘ ਸਾਹਿਬਾਨਾਂ ਤੋਂ ਗਲਤ ਫੈਸਲੇ ਕਰਵਾਏ ਸਨ, ਉਸ ਸਮੇਂ ਸਿਆਸਤ ਨੂੰ ਧਰਮ ਦਾ ਨੁਕਸਾਨ ਕਰਨ ਵਾਸਤੇ ਕਿਸਨੇ ਅਤੇ ਕਿਉਂ ਵਰਤਿਆ ਸੀ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਜੀ ਨੂੰ ਐਨ. ਕੇ. ਸ਼ਰਮਾ ਵਰਗੇ ਲੀਡਰਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਇਸ ਦੇ ਨਾਲ ਹੀ ਜਥੇਦਾਰ ਵਡਾਲਾ ਨੇ ਕਿਹਾ ਕਿ ਹੁਣ ਵੀ ਸੁਖਬੀਰ ਬਾਦਲ ਨੂੰ ਬਚਾਉਣ ਲਈ ਸਾਜਿਸ਼ ਰਚੀ ਜਾ ਰਹੀ ਹੈ। ਵਰਕਿੰਗ ਕਮੇਟੀ ਅਤੇ ਦੂਸਰੇ ਲੀਡਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅੱਜ਼ ਪੰਜਾਬ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਚਾਹੁੰਦਾ ਹੈ । ਇਸ ਗੱਲ ਨੂੰ ਲਮਕਾ ਕੇ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਇੱਕ ਵਿਅਕਤੀ ਪਾਰਟੀ ਤੋਂ ਵੱਡਾ ਹੈ ਤੇ ਉੱਪਰ ਹੈ, ਨਾ ਕੀ ਪਾਰਟੀ ਜਾਂ ਜਥੇਬੰਦੀ ਤੋਂ ਵੱਡਾ ਕੋਈ ਵਿਅਕਤੀ ਨਹੀਂ ਹੋ ਸਕਦਾ ।

ਕਿਸ ਰਣਨੀਤੀ ਦੀ ਗੱਲ ਕੀਤੀ ਜਾ ਰਹੀ ਹੈ ਇਹ ਸਮਝ ਤੋਂ ਬਾਹਰ ਹੈ । ਪਹਿਲਾਂ ਝੂੰਦਾ ਕਮੇਟੀ ਦੀਆਂ ਜੋ ਪਾਰਟੀ ਦੇ ਹਿੱਤਾਂ ਵਿੱਚ ਸਿਫਾਰਿਸ਼ਾਂ ਰਾਹੀਂ ਰਿਪੋਰਟ ਦਿੱਤੀ ਗਈ ਸੀ ਉਸ ਵਿੱਚ ਸਾਫ ਤੌਰ ਤੇ ਵਰਕਰ ਸਾਹਿਬਾਨਾਂ ਅਤੇ ਪੰਥਕ ਹਤੈਸ਼ੀ ਆਗੂਆਂ ਨੇ ਲੀਡਰਸ਼ਿਪ ਵਿੱਚ ਤਬਦੀਲੀ ਦੀ ਮੰਗ ਕੀਤੀ ਸੀ ਅਤੇ ਜੋਰ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਹਟਾਉਣ ਵਾਸਤੇ ਆਖਿਆ ਗਿਆ ਸੀ। ਲੀਡਰਸ਼ਿਪ ਵਿੱਚ ਤਬਦੀਲੀ ਸਮੂਹ ਵਰਕਰਾਂ ਤੇ ਆਗੂਆਂ ਵੱਲੋਂ ਇਸ ਲਈ ਮੰਗੀ ਗਈ ਸੀ ਕਿ ਪਾਰਟੀ ਹਰ ਇਲੈਕਸ਼ਨ ਵਿੱਚ ਕਾਫੀ ਕਮਜ਼ੋਰ ਹੋ ਰਹੀ ਸੀ ਅਤੇ ਸਿਆਸੀ ਤੌਰ ਤੇ ਪਾਰਟੀ ਦਾ ਅਕਸ ਬਹੁਤ ਗਿਰ ਗਿਆ ਸੀ। ਝੂੰਦਾ ਕਮੇਟੀ ਦੀ ਰਿਪੋਰਟ ਨੂੰ ਨਾ ਲਾਗੂ ਕਰਕੇ ਜੋ 2024 ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਹਨ, ਉਹਨਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੇ ਫੈਸਲੇ ਕਰਨ ਦੀ ਲੋੜ ਸੀ । ਇਸ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਅਕਾਲੀ ਵਰਕਰ ਕਿਵੇਂ ਦੇਖਦੇ ਹਨ ਅਤੇ ਲੀਡਰਸ਼ਿਪ ਵਿੱਚ ਤਬਦੀਲੀ ਦੀ ਵੱਡੇ ਪੱਧਰ ਤੇ ਮੰਗ ਕੀਤੀ ਗਈ ਸੀ । ਇਹ ਸਾਰੀਆਂ ਸਿਫਾਰਿਸ਼ਾਂ ਝੂੰਦਾ ਕਮੇਟੀ ਵਿੱਚ ਦਰਜ ਹਨ ਅਤੇ ਇਸ ਰਿਪੋਰਟ ਨੂੰ ਲਾਗੂ ਕਰਨਾ ਹੀ ਇਸ ਸੰਕਟ ਦਾ ਹੱਲ ਹੈ। ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਪਿਛਲੇ ਸਮਿਆਂ ਚ ਹੋਈਆਂ ਇਲੈਕਸ਼ਨਾਂ ਦੇ ਨਤੀਜਿਆਂ ਨਾਲ ਸ਼ੀਸ਼ਾ ਦਿਖਾ ਦਿੱਤਾ ਹੈ । ਹੁਣ ਅਗਰ ਅਕਾਲੀ ਦਲ ਦੇ ਆਗੂ ਇਸ ਨੂੰ ਨਾ ਸਮਝਣ ਅਤੇ ਕੋਈ ਵੱਖਰੀ ਰਣਨੀਤੀ ਬਣਾਉਣ ਦੀ ਗੱਲ ਕਰਨ ਤੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਆਲਾ ਟਾਲਾ ਕਰਨ ਦੀ ਕੋਸ਼ਿਸ਼ ਵਿੱਚ ਹੋਣ ਤਾਂ ਇਸ ਨੂੰ ਸਮੁੱਚਾ ਪੰਥ ਅਤੇ ਪੰਜਾਬ ਕੋਝਾ ਮਜ਼ਾਕ ਤੇ ਸਿਧਾਂਤਹੀਣ ਫੈਸਲਾ ਸਮਝੇਗਾ ।