ਨੌਵੇਂ ਅੰਤਰ-ਰਾਸ਼ਟਰੀ ਯੋਗ ਦਿਵਸ ਮੌਕੇ ਪੋਲੋ ਗਰਾਊਂਡ 'ਚ ਜ਼ਿਲ੍ਹਾ ਪੱਧਰੀ ਸਮਾਗਮ

ਦੁਆਰਾ: News ਪ੍ਰਕਾਸ਼ਿਤ :Wednesday, 21 June, 2023, 08:16 PM

ਨਿਰੋਗ ਰਹਿਣ ਲਈ ਹਰ ਨਾਗਰਿਕ ਸੀ.ਐਮ.ਯੋਗਸ਼ਾਲਾ ਦਾ ਲਾਭ ਲਏ-ਸਾਕਸ਼ੀ ਸਾਹਨੀ
ਪਟਿਆਲਾ, 21 ਜੂਨ:
ਨੌਵੇਂ ਅੰਤਰ-ਰਾਸ਼ਟਰੀ ਯੋਗ ਦਿਵਸ ਮੌਕੇ ‘ਵਾਸੁਦੇਵਾ ਕਟੁੰਭਕਮ ਲਈ ਯੋਗ’ ਇੱਕ ਧਰਤੀ, ਇੱਕ ਪਰਿਵਾਰ ਤੇ ਇੱਕ ਭਵਿੱਖ ਦੀ ਥੀਮ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਇੱਥੇ ਪੋਲੋ ਗਰਾਂਊਂਡ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਵਿਦਿਆਰਥੀਆਂ, ਖਿਡਾਰੀਆਂ ਤੇ ਪਟਿਆਲਵੀਆਂ ਨੇ ਭਰਵਾਂ ਸਹਿਯੋਗ ਦੇ ਕੇ ਸਫ਼ਲ ਬਣਾਇਆ।
ਇਸ ਮੌਕੇ ਲੋਕਾਂ ਨੂੰ ਸੀ.ਐਮ. ਦੀ ਯੋਗਸ਼ਾਲਾ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਪੰਜਾਬ ਦੇਸ਼ ਦਾ ਸਭ ਤੋਂ ਸਿਹਤਮੰਦ ਰਾਜ ਬਣੇ, ਜਿਸ ਲਈ ਪੰਜਾਬ ਸਰਕਾਰ ਨੇ ਸੀ.ਐਮ. ਦੀ ਯੋਗਸ਼ਾਲਾ ਨੂੰ ਵਿਆਪਕ ਪੱਧਰ ‘ਤੇ ਸ਼ੁਰੂ ਕਰਵਾਇਆ ਹੈ, ਇਸ ਲਈ ਹਰੇਕ ਨਾਗਰਿਕ ਇਸ ਸੀ.ਐਮ. ਯੋਗਸ਼ਾਲਾ ਦਾ ਲਾਭ ਜਰੂਰ ਲਵੇ। ਉਨ੍ਹਾਂ ਨੇ ਲੋਕਾਂ ਨੂੰ ਨਿਰੋਗ ਰਹਿਣ ਲਈ ਯੋਗ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣ ਦੀ ਅਪੀਲ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਮੌਜੂਦਾ ਤੇਜ ਰਫ਼ਤਾਰ ਜਿੰਦਗੀ ‘ਚ ਤਣਾਓ ਗ੍ਰਸਤ ਦਿਮਾਗ ਤੇ ਸਰੀਰ ਨੂੰ ਦਵਾਈਆਂ ਤੋਂ ਬਗੈਰ ਤੰਦਰੁਸਤ ਰੱਖਣ ਲਈ ਯੋਗਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਗ ਕੇਵਲ ਯੋਗ ਦਿਵਸ ‘ਤੇ ਹੀ ਨਹੀਂ ਬਲਕਿ ਰੋਜ਼ਾਨਾ ਕਰਨਾ ਚਾਹੀਦਾ ਹੈ, ਇਸ ਲਈ ਸੀ.ਐਮ. ਦੀ ਯੋਗਸ਼ਾਲਾ ਆਮ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ, ਕਿਉਂਕਿ ਪਟਿਆਲਾ ਵਿਖੇ ਸਭ ਤੋਂ ਵੱਧ ਸੀ.ਐਮ. ਦੀ ਯੋਗਸ਼ਾਲਾਵਾਂ ਚੱਲ ਰਹੀਆ ਹਨ।
ਇਸ ਦੌਰਾਨ ਨੋਡਲ ਅਫ਼ਸਰ ਜ਼ਿਲ੍ਹਾ ਆਯੁਰਵੈਦਿਕ ਤੇ ਯੁਨਾਨੀ ਅਫ਼ਸਰ ਡਾ. ਮੋਹਨ ਲਾਲ ਦੀ ਅਗਵਾਈ ਹੇਠ ਆਯੂਸ਼ ਵਿਭਾਗ ਦੇ ਯੋਗ ਮਾਹਰਾਂ ਡਾ. ਜਸਪ੍ਰੀਤ ਕੌਰ, ਡਾ. ਮਨਦੀਪ ਕੌਰ ਵਿਰਦੀ, ਡਾ. ਸ਼ਿਖੀ, ਡਾ. ਅੰਕਿਤਾ ਚੋਪੜਾ, ਡਾ. ਪੂਜਾ ਅਰੋੜਾ ਨੇ ਯੋਗਾ ਕਰਵਾਇਆ। ਡਾ. ਮਨੀਸ਼ਾ ਸਿੰਗਲਾ ਤੇ ਡਾ. ਅਮਨਦੀਪ ਕੌਰ ਨੇ ਯੋਗ ਦੇ ਫਾਇਦੇ ਗਿਣਾਉਂਦਿਆਂ ਪ੍ਰਾਣਾਯਾਮ, ਮੰਤਰ ਉਚਾਰਨ ਸਮੇਤ ਪੁਰਾਤਨ ਯੋਗ ਦੇ ਵੱਖ-ਵੱਖ ਯੋਗ ਆਸਣ ਕਰਵਾਏ। ਇਸ ਮੌਕੇ 900 ਦੇ ਲਗਪਗ ਬੱਚੇ, ਬਜ਼ੁਰਗਾਂ ਤੇ ਜਵਾਨਾਂ ਨੇ ਯੋਗ ਵਿੱਚ ਹਿੱਸਾ ਲਿਆ।
ਸਮਾਰੋਹ ‘ਚ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੇਘ ਚੰਦ ਸ਼ੇਰਮਾਜਰਾ, ਆਪ ਦੇ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਵੀਰਪਾਲ ਕੌਰ ਚਹਿਲ, ਜਸਬੀਰ ਸਿੰਘ ਗਾਂਧੀ ਤੇ ਲਾਲ ਸਿੰਘ, ਏ.ਡੀ.ਸੀ (ਜ) ਜਗਜੀਤ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ ਸਮੇਤ ਵੱਡੀ ਗਿਣਤੀ ਹੋਰਨਾਂ ਸ਼ਖ਼ਸੀਅਤਾਂ ਨੇ ਵੀ ਹਿੱਸਾ ਲਿਆ। ਸਮਾਰੋਹ ਮੌਕੇ ਵਿਭਾਗ ਦੇ ਸੰਚਾਲਕ ਸੁਪਰਡੈਂਟ ਹਰੀਸ਼ ਮੋਹਨ, ਡਾ. ਵਨੀਤਾ ਸੂਦ, ਡਾ. ਰਜਨੀਸ਼ ਵਰਮਾ, ਉਪਵੈਦ ਸਚਿਨ, ਨਛੱਤਰ ਸਿੰਘ ਤੇ ਜਸਪਾਲ ਸਿੰਘ ਨੇ ਪ੍ਰਬੰਧ ਨੇਪਰੇ ਚਾੜ੍ਹੇ।
ਸਮਾਰੋਹ ਨੂੰ ਸਫ਼ਲ ਬਣਾਉਣ ਲਈ ਡਾ. ਅਨਿਲ ਗਰਗ, ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ, ਪੂਰਨ ਚੰਦ ਬਾਲ ਨਿਕੇਤਨ ਅਨਾਥ ਆਸ਼ਰਮ ਤੋਂ ਉਰਮਿਲ ਪੁਰੀ ਸਮੇਤ ਸਟੇਟ ਬੈਂਕ ਆਫ਼ ਇੰਡੀਆ, ਰੈਡ ਕਰਾਸ, ਸਿਵ ਮੰਦਿਰ, ਡਾਬਰ ਇੰਡੀਆ, ਆਯੁਰਵੈਦਿਕ ਐਸੋਸੀਏਸ਼ਨ ਪਟਿਆਲਾ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਦੇ ਵਿਦਿਆਰਥੀਆਂ ਦੀ ਟੀਮ ਨੇ ਡਾਂਸਿੰਗ ਯੋਗਾ ਦੇ ਕਰਤੱਬ ਦਿਖਾਏ। ਜਦਕਿ ਆਯੁਰਵੈਦਿਕ ਵਿਭਾਗ ਨੇ ‘ਹਰ ਅੰਮ੍ਰਿਤ ਸਰੋਵਰ ਤੇ ਯੋਗ’ ਕਰਵਾਉਣ ਦੇ ਨਿਰਦੇਸ਼ਾਂ ਤਹਿਤ ਇੱਥ ਮਾਲ ਰੋਡ ‘ਤੇ ਰਾਜਿੰਦਰਾ ਲੇਕ ਵਿਖੇ ਵੀ ਯੋਗ ਕਰਵਾਇਆ।