ਔਰਤਾਂ ਬਾਰੇ ਅਪਮਾਨਜਨਕ ਟਿੱਪਣੀ ਲਈ ਭਾਜਪਾ ਪੰਜਾਬ ਮਹਿਲਾ ਮੋਰਚਾ ਪ੍ਰਧਾਨ ਨੇ ਚਰਨਜੀਤ ਚੰਨੀ ਦੀ ਕੀਤੀ ਸਖ਼ਤ ਆਲੋਚਨਾ
ਔਰਤਾਂ ਬਾਰੇ ਅਪਮਾਨਜਨਕ ਟਿੱਪਣੀ ਲਈ ਭਾਜਪਾ ਪੰਜਾਬ ਮਹਿਲਾ ਮੋਰਚਾ ਪ੍ਰਧਾਨ ਨੇ ਚਰਨਜੀਤ ਚੰਨੀ ਦੀ ਕੀਤੀ ਸਖ਼ਤ ਆਲੋਚਨਾ
ਚੰਨੀ ਖਿਲਾਫ ਸਖਤ ਕਾਰਵਾਈ ਕਰਨ ਲਈ ਚੋਣ ਕਮਿਸ਼ਨ ਅਤੇ ਕੌਮੀ ਮਹਿਲਾ ਕਮਿਸ਼ਨ ਨੂੰ ਬੇਨਤੀ : ਜੈ ਇੰਦਰ ਕੌਰ
ਬਰਨਾਲਾ/ਚੰਡੀਗੜ੍ਹ, 18 ਨਵੰਬਰ : ਭਾਰਤੀ ਜਨਤਾ ਪਾਰਟੀ ਦੀ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਕਾਂਗਰਸ ਆਗੂ ਚਰਨਜੀਤ ਚੰਨੀ ਵੱਲੋਂ ਔਰਤਾਂ ਬਾਰੇ ਅਪਮਾਨਜਨਕ ਟਿੱਪਣੀਆਂ ਲਈ ਉਸ ਦੀ ਸਖ਼ਤ ਆਲੋਚਨਾ ਕੀਤੀ ਹੈ । ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਦੋ ਕੁੱਤਿਆਂ ਦੀ ਕਹਾਣੀ ਸੁਣਾਈ ਸੀ, ਜਿਸ ਵਿੱਚ ਉਸ ਨੇ ਨਾ ਸਿਰਫ਼ ਔਰਤਾਂ ’ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ, ਸਗੋਂ ਪੰਜਾਬ ਦੇ ਵੱਖ-ਵੱਖ ਭਾਈਚਾਰਿਆਂ ਵਿੱਚ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ । ਬਰਨਾਲਾ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ ਕਿ, “ਚਰਨਜੀਤ ਚੰਨੀ ਨੇ ਗਿੱਦੜਬਾਹਾ ਤੋਂ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਜੋ ਕਿ ਖੁਦ ਇਕ ਔਰਤ ਹੈ, ਦੇ ਨਾਲ ਖੜ੍ਹ ਕੇ ਔਰਤਾਂ ਪ੍ਰਤੀ ਅਪਮਾਨਜਨਕ ਬਿਆਨਬਾਜ਼ੀ ਕਰਕੇ ਇਕ ਵਾਰ ਫਿਰ ਆਪਣੀ ਘਟੀਆ ਮਾਨਸਿਕਤਾ ਦਾ ਸਬੂਤ ਦਿੱਤਾ ਹੈ । ਉਸਨੇ ਜਾਟਾਂ ਅਤੇ ਬ੍ਰਾਹਮਣਾਂ ਦੀ ਤੁਲਨਾ ਵੀ ਕੀਤੀ, ਜਿਸ ਨਾਲ ਉਹ ਵੰਡ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਉਨ੍ਹਾਂ ਅੱਗੇ ਕਿਹਾ ਕਿ, “ਇਹ ਪਹਿਲੀ ਵਾਰ ਨਹੀਂ ਹੈ ਕਿ ਕਾਂਗਰਸ ਪਾਰਟੀ ਜਾਂ ਚਰਨਜੀਤ ਚੰਨੀ ਨੇ ਔਰਤਾਂ ਪ੍ਰਤੀ ਆਪਣੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ, ਇਸ ਤੋਂ ਪਹਿਲਾਂ ਵੀ ਅੰਮ੍ਰਿਤਾ ਵੜਿੰਗ ਦੇ ਪਤੀ ਰਾਜਾ ਵੜਿੰਗ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਪਤਨੀ ਵਿਧਾਇਕ ਬਣ ਗਈ ਤਾਂ ਉਨ੍ਹਾਂ ਦਾ ਖਾਣਾ ਕੌਣ ਬਣਾਏਗੀ । ਔਰਤਾਂ ਦੇ ਖਿਲਾਫ ਇਹ ਪਿਛਾਖੜੀ ਮਾਨਸਿਕਤਾ ਪਹਿਲਾਂ ਹੀ ਇਸ ਪਾਰਟੀ ਨੂੰ ਖਾਈ ਵਿੱਚ ਲੈ ਗਈ ਹੈ। ਚੰਨੀ ਜੀ ਵੀ ਪਹਿਲਾਂ Me2 ਵਿਵਾਦ ਵਿੱਚ ਰਹਿ ਚੁੱਕੇ ਹਨ ਅਤੇ ਅਜਿਹਾ ਲਗਦਾ ਹੈ ਕਿ ਇਨ੍ਹਾਂ ਨੇ ਆਪਣਾ ਸਬਕ ਹਲੇ ਤੱਕ ਨਹੀਂ ਸਿੱਖਿਆ ਹੈ । ਮਹਿਲਾ ਮੋਰਚਾ ਪ੍ਰਧਾਨ ਨੇ ਅੱਗੇ ਕਿਹਾ, “ਮੈਂ ਭਾਜਪਾ ਪੰਜਾਬ ਦੀ ਮਹਿਲਾ ਮੋਰਚਾ ਪ੍ਰਧਾਨ ਹੋਣ ਦੇ ਨਾਤੇ ਇਸ ਬਿਆਨ ਦੀ ਸਖ਼ਤ ਨਿਖੇਧੀ ਕਰਦੀ ਹਾਂ ਅਤੇ ਚੋਣ ਕਮਿਸ਼ਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਕਾਂਗਰਸੀ ਆਗੂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਦੀ ਹਾਂ ।