ਘਰ ਅੰਦਰ ਚਿੱਠੀ ਸੁੱਟ ਕੇ ਸੈਲਰ ਮਾਲਕ ਅਤੇ ਆੜ੍ਹਤ ਦੇ ਕਾਰੋਬਾਰ ਨਾਲ ਜੁੜੇ ਵਪਾਰੀ ਤੋਂ ਮੰਗੀ ਤਿੰਨ ਕਰੋੜ ਦੀ ਫਿਰੋਤੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 19 November, 2024, 11:15 AM

ਘਰ ਅੰਦਰ ਚਿੱਠੀ ਸੁੱਟ ਕੇ ਸੈਲਰ ਮਾਲਕ ਅਤੇ ਆੜ੍ਹਤ ਦੇ ਕਾਰੋਬਾਰ ਨਾਲ ਜੁੜੇ ਵਪਾਰੀ ਤੋਂ ਮੰਗੀ ਤਿੰਨ ਕਰੋੜ ਦੀ ਫਿਰੋਤੀ
ਜਗਰਾਉਂ : ਸ਼ਹਿਰ ਦੇ ਪਾਸ਼ ਏਰੀਆ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਸੈਲਰ ਉਦਯੋਗ ਅਤੇ ਆੜਤ ਦੇ ਕਾਰੋਬਾਰ ਨਾਲ ਜੁੜੇ ਹੋਏ ਇੱਕ ਪਰਿਵਾਰ ਤੋਂ ਕਿਸੇ ਬਦਮਾਸ਼ ਵੱਲੋਂ ਘਰ ਅੰਦਰ ਚਿੱਠੀ ਸੁੱਟ ਕੇ ਤਿੰਨ ਕਰੋੜ ਰੁਪਏ ਦੀ ਫਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ । ਪੀੜਤ ਪਰਿਵਾਰ ਵੱਲੋਂ ਜਗਰਾਉਂ ਦੇ ਨਜਦੀਕ ਅਲੱਗ ਅਲੱਗ ਕਈ ਸੈਲਰ ਹਨ ਅਤੇ ਉਹਨਾਂ ਦੀ ਦਾਣਾ ਮੰਡੀ ਅੰਦਰ ਵੀ ਆੜਤ ਦੀ ਦੁਕਾਨ ਹੈ। ਪੀੜਤ ਵਲੋਂ ਆਪਣੇ ਘਰੇ ਬਦਮਾਸ਼ਾਂ ਵੱਲੋਂ ਸੁੱਟੀ ਗਈ ਚਿੱਠੀ ਦਾ ਹਵਾਲਾ ਦੇ ਕੇ ਪੁਲਸ ਜਿਲਾ ਲੁਧਿਆਣਾ ਦਿਹਾਤੀ ਨੂੰ ਸਿ਼਼ਕਾਇਤ ਦਰਜ ਕਰਵਾਈ, ਜਿਸ ਤੇ ਮਾਮਲੇ ਦੀ ਜਾਂਚ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੂੰ ਦਿੱਤੀ ਗਈ ਹੈ।ਇੰਸਪੈਕਟਰ ਕਿੱਕਰ ਸਿੰਘ ਵੱਲੋਂ ਆਪਣੀ ਟੀਮ ਦੇ ਨਾਲ ਪਿਛਲੇ ਦੋ ਦਿਨਾਂ ਤੋਂ ਡਿਸਪੋਜਲ ਰੋਡ ਅਤੇ ਸ਼ਾਸਤਰੀ ਨਗਰ ਦੇ ਇਲਾਕਿਆਂ ਅੰਦਰ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਵਾਚਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਦੋਸ਼ੀ ਦੀ ਹਾਲੇ ਤੱਕ ਕੋਈ ਵੀ ਉਘਸੁਘ ਨਹੀਂ ਲੱਗੀ । ਇਸ ਸਾਰੇ ਮਾਮਲੇ ਤੋਂ ਮੀਡੀਆ ਨੂੰ ਵੀ ਦੂਰ ਰੱਖਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਾਸਤਰੀ ਨਗਰ ਦੇ ਇੱਕ ਪਰਿਵਾਰ ਦੇ ਘਰ ਕੋਈ ਅਣਜਾਣ ਨੌਜਵਾਨ ਚਿੱਟੇ ਰੰਗ ਦੀ ਐਕਟਿਵਾ ਉੱਤੇ ਸਵਾਰ ਹੋ ਕੇ ਕੰਧ ਉੱਪਰ ਦੀ ਚਿੱਠੀ ਸੁੱਟ ਕੇ ਗਿਆ ਹੈ। ਜਿਸ ਵਿੱਚ ਉਸ ਵੱਲੋਂ 3 ਕਰੋੜ ਦੀ ਫਰੋਤੀ ਮੰਗੀ ਗਈ ਹੈ । ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿਗ ਦੇ ਮੁਤਾਬਕ ਇਹ ਨੌਜਵਾਨ ਜਿਸ ਨੇ ਆਪਣੇ ਮੂੰਹ ਤੇ ਕੱਪੜਾ ਬੰਨ ਕੇ ਮੂੰਹ ਢਕਿਆ ਹੋਇਆ ਸੀ ਅਤੇ ਉਸਨੇ ਪਹਿਲਾਂ ਮੁਹੱਲੇ ਵਿੱਚ ਲੱਗੀਆਂ ਸਟਰੀਟ ਲਾਈਟਾਂ ਦੇ ਸਵਿੱਚ ਬੰਦ ਕੀਤੇ ਅਤੇ ਮੁਹੱਲੇ ਵਿੱਚ ਹਨੇਰਾ ਕਰ ਦਿੱਤਾ ਅਤੇ ਕੰਧ ਉੱਤੋਂ ਦੀ ਚਿੱਠੀ ਘਰ ਅੰਦਰ ਸੁੱਟ ਦਿੱਤੀ। ਪਰਿਵਾਰ ਵੱਲੋਂ ਜਦੋਂ ਚਿੱਠੀ ਦੇਖੀ ਤਾਂ ਉਹਨਾਂ ਨੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿਹਾਤੀ ਪੁਲਿਸ ਨੂੰ ਦਿੱਤੀ। ਜਿਸ ਤੋਂ ਮਗਰੋਂ ਸੀ. ਆਈ. ਸਟਾਫ ਨੂੰ ਇਸ ਮਾਮਲੇ ਦੀ ਜਾਂਚ ਲਈ ਹੁਕਮ ਜਾਰੀ ਕੀਤੇ ਗਏ ਹਨ। ਇਸ ਮਾਮਲੇ ਬਾਰੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਉਹ ਸੀਸੀਟੀਵੀ ਕੈਮਰਿਆਂ ਦੀ ਪੜਚੋਲ ਕਰ ਰਹੇ ਹਨ। ਦੋਸ਼ੀ ਨੇ ਆਪਣਾ ਮੂੰਹ ਢਕਿਆ ਹੋਇਆ ਸੀ ਅਤੇ ਇਲਾਕੇ ਵਿੱਚ ਸੰਘਣੀ ਧੁੰਦ ਹੋਣ ਕਾਰਨ ਉਸ ਦਾ ਮੂੰਹ ਸਾਫ ਦਿਖਾਈ ਨਹੀਂ ਦੇ ਰਿਹਾ। ਫਿਰੌਤੀ ਮੰਗਣ ਦੀ ਇਸ ਘਟਨਾ ਤੋਂ ਇਲਾਕੇ ਦੇ ਵਪਾਰੀਆਂ ਅਤੇ ਸਨਤਕਾਰ ਵਰਗ ਵਿੱਚ ਦਹਿਸ਼ਤ ਦਾ ਮਾਹੌਲ ਹੈ ।