ਲਾਇਸੈਂਸ ਧਾਰਕ ਹੀ ਕਰ ਸਕਦੇ ਨੇ ਟਰੈਵਲ ਏਜੰਟ ਦਾ ਕੰਮ

ਟਰੈਵਲ ਏਜੰਟਾਂ ਨੂੰ ਪਿਛਲੇ ਪੰਜ ਸਾਲਾਂ ‘ਚ ਵਿਦੇਸ਼ ਜਾਣ ਵਾਸਤੇ ਲਗਾਈਆਂ ਫਾਈਲਾਂ ਦੀ ਜਾਣਕਾਰੀ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਵਿਖੇ ਜਮਾਂ ਕਰਵਾਉਣ ਦੀ ਹਦਾਇਤ
ਪਟਿਆਲਾ, 22 ਜੂਨ:
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗਿਊਲੇਸ਼ਨ ਐਕਟ, 2014 ਅਤੇ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮਗਲਿੰਗ ਰੂਲਜ਼, 2013 ਦੇ ਤਹਿਤ ਪਟਿਆਲਾ ਜ਼ਿਲ੍ਹੇ ਅਧੀਨ ਆਉਂਦੇ ਵੱਖ ਵੱਖ ਕੰਮ ਕਰਦੇ ਇਮੀਗਰੇਸ਼ਨ, ਕੰਸਲਟੈਂਟ, ਟਰੈਵਲ ਏਜੰਟ ਆਦਿ ਫਰਮ/ਸੰਗਠਨ ਆਦਿ ਨੂੰ ਕਾਨੂੰਨੀ ਤਰੀਕੇ ਨਾਲ ਕੰਮ ਕਰਨ ਲਈ ਲਾਇਸੰਸ ਜਾਰੀ ਕੀਤੇ ਜਾਂਦੇ ਹਨ, ਜੋ ਕਿ ਪੰਜ ਸਾਲ ਲਈ ਵੈਲਿਡ ਹੁੰਦਾ ਹੈ।
ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹਦਾਇਤਾਂ ‘ਚ ਕਿਹਾ ਗਿਆ ਹੈ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਜਿਨ੍ਹਾਂ ਸੰਸਥਾਵਾਂ ਨੂੰ ਲਾਇਸੈਂਸ ਵਿੱਚ ਦਰਜ ਕੰਮ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ, ਉਹ ਲਾਇਸੰਸ ਵਿੱਚ ਦਰਜ ਕੰਮ ਤੋਂ ਇਲਾਵਾ ਵੀ ਹੋਰ ਕੰਮ ਕਰ ਰਹੇ ਹਨ। ਜਿਨ੍ਹਾਂ ਲਾਇਸੈਂਸ ਧਾਰਕਾਂ ਦੇ ਲਾਇਸੈਂਸ ਦੀ ਮਿਆਦ ਬੀਤ ਚੁੱਕੀ ਹੈ, ਉਹ ਲਾਇਸੈਂਸ ਧਾਰਕ ਵੀ ਆਪਣਾ ਲਾਇਸੈਂਸ ਬਿਨਾਂ ਰੀਨਿਊ ਕਰਵਾਏ ਆਪਣੇ ਕੰਮ ਨੂੰ ਚਲਾ ਰਹੇ ਹਨ।
ਇਸ ਲਈ ਇਸ ਦਫ਼ਤਰ ਵੱਲੋਂ ਜਾਰੀ ਹੋਏ ਲਾਇਸੈਂਸ ਧਾਰਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜੇ ਲਾਇਸੈਂਸ ਧਾਰਕਾਂ ਦੇ ਲਾਇਸੈਂਸ ਦੀ ਮਿਆਦ ਬੀਤ ਚੁੱਕੀ ਹੈ, ਉਹ ਆਪਣੇ ਲਾਇਸੈਂਸ ਨੂੰ ਰੀਨਿਊ ਕਰਵਾਉਣ ਅਤੇ ਲਾਇਸੈਂਸ ਧਾਰਕ ਨੂੰ ਜਿਸ ਕੰਮ ਲਈ ਲਾਇਸੈਂਸ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵੱਲੋਂ ਉਸ ਕੰਮ ਤੋਂ ਇਲਾਵਾ ਹੋਰ ਕੋਈ ਵੀ ਵਾਧੂ ਕੰਮ ਨਾ ਕੀਤਾ ਜਾਵੇ।
ਇਸ ਤੋਂ ਇਲਾਵਾ ਪਿਛਲੇ ਪੰਜ ਸਾਲ ਤੋਂ ਜੋ ਵੀ ਵਿਦੇਸ਼ ਜਾਣ ਵਾਸਤੇ ਪਬਲਿਕ ਦੀਆਂ ਫਾਈਲਾਂ ਅਪਲਾਈ ਕੀਤੀਆਂ ਗਈਆਂ ਹਨ, ਉਨ੍ਹਾਂ ਸਬੰਧੀ ਡਿਟੇਲ ਪ੍ਰੋਫਾਰਮੇ ਵਿੱਚ ਭਰਕੇ ਇਕ ਹਫ਼ਤੇ ਵਿੱਚ ਦਫ਼ਤਰ ਵਿਖੇ ਜਮ੍ਹਾਂ ਕਰਵਾਈ ਜਾਵੇ। ਜੇਕਰ ਲਾਇਸੈਂਸ ਧਾਰਕਾਂ ਦੀ ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗਿਊਲੇਸ਼ਨ ਐਕਟ, 2014 ਅਤੇ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮਗਲਿੰਗ ਰੂਲਜ਼, 2013 ਦੇ ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
