ਖ਼ਾਲਸਾ ਕਾਲਜ ਪਟਿਆਲਾ ਦੇ ਬੁੱਕ ਕਲੱਬ ਵੱਲੋਂ ਲਘੂ ਕਹਾਣੀ ਲੇਖਣ ਮੁਕਾਬਲੇ ਦਾ ਆਯੋਜਨ

ਦੁਆਰਾ: Punjab Bani ਪ੍ਰਕਾਸ਼ਿਤ :Wednesday, 20 November, 2024, 05:57 PM

ਖ਼ਾਲਸਾ ਕਾਲਜ ਪਟਿਆਲਾ ਦੇ ਬੁੱਕ ਕਲੱਬ ਵੱਲੋਂ ਲਘੂ ਕਹਾਣੀ ਲੇਖਣ ਮੁਕਾਬਲੇ ਦਾ ਆਯੋਜਨ
ਪਟਿਆਲਾ : ਕਹਾਣੀਆਂ ਵਾਰਤਕ ਦੇ ਸ਼ਾਨਦਾਰ ਟੁਕੜੇ ਹਨ ਜੋ ਸਾਨੂੰ ਆਪਣੇ ਸੰਸਾਰ ਨੂੰ ਸਮਝਣ ਅਤੇ ਕਦਰਾਂ ਕੀਮਤਾਂ ਨਾਲ ਜੋੜਕੇ ਸਭਿਆਚਾਰਕ ਪਛਾਣ ਦੀ ਪੇਸ਼ਕਾਰੀ ਕਰਦੀਆਂ ਹਨ ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਖ਼ਾਲਸਾ ਕਾਲਜ, ਪਟਿਆਲਾ ਦੇ ਸਕੂਲ ਆਫ਼ ਕਾਮਰਸ ਐਂਡ ਮੈਨੇਜਮੈਂਟ ਦੇ ਬੁੱਕ ਕਲੱਬ ਬਿਬਲੀਓਫਾਈਲਜ਼ ਵੱਲੋਂ ਚਿੱਤਰ ਆਧਾਰਿਤ ਲਘੂ ਕਹਾਣੀ ਲੇਖਣ ਮੁਕਾਬਲਾ ਕਰਵਾਇਆ ਗਿਆ । ਮੁਕਾਬਲੇ ਵਿੱਚ ਐਮ. ਬੀ. ਏ. ਲੀਡਰਸ਼ਿਪ ਐਂਡ ਡਿਵੈਲਪਮੈਂਟ, ਐਮ. ਕਾਮ, ਬੀ. ਬੀ. ਏ., ਬੀ. ਕਾਮ ਟੈਕਸ ਪਲੈਨਿੰਗ ਅਤੇ ਮੈਨੇਜਮੈਂਟ ਅਤੇ ਬੀ.ਕਾਮ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਅਜੌਕੇ ਯੁੱਗ ਵਿੱਚ ਲਿਖਣ ਅਤੇ ਸਾਹਿਤ ਵੱਲ ਪ੍ਰੇਰਿਤ ਕਰਨਾ ਸੀ । ਅੱਜਕੱਲ੍ਹ ਜਿੱਥੇ ਸੋਸ਼ਲ ਮੀਡੀਆ ਦਾ ਦਬਦਬਾ ਹੈ, ਵਿਦਿਆਰਥੀਆਂ ਵਿੱਚ ਇਸ ਰਚਨਾਤਮਕ ਚੰਗਿਆੜੀ ਨੂੰ ਜਗਾਉਣ ਦੀ ਇੱਛਾ ਰੱਖਦੇ ਹੋਏ । ਲਿਖਤੀ ਕਹਾਣੀ ਸੁਣਾਉਣ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਲਿਖਣ ਅਤੇ ਸਰਗਰਮ ਪ੍ਰਗਟਾਵੇ ਦੇ ਰਚਨਾਤਮਕ ਮਾਰਗ ਵੱਲ ਸੇਧਿਤ ਕਰਨ ਦਾ ਇਹ ਇੱਕ ਯਤਨ ਸੀ । ਕਾਲਜ ਦੇ ਪਿ੍ਰੰਸੀਪਲ ਡਾ.ਧਰਮਿੰਦਰ ਸਿੰਘ ਉੱਭਾ ਨੇ ਤਸਵੀਰਾਂ ’ਤੇ ਆਧਾਰਿਤ ਕਹਾਣੀਆਂ ਲਿਖਣ ਵਾਲੇ ਵਿਦਿਆਰਥੀਆਂ ਦੇ ਯਤਨਾਂ ਨੂੰ ਸ਼ਲਾਘਾ ਕੀਤੀ ਵਿਭਾਗ ਦੇ ਯਤਨਾਂ ਨੂੰ ਵੀ ਸਲਾਹਿਆ । ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਵਿਦਿਆਰਥੀਆਂ ਨੂੰ ਵਧੇਰੇ ਨਵੀਨਕਾਰੀ, ਸਿਰਜਣਾਤਮਕ ਅਤੇ ਦਾਇਰਿਆਂ ਤੋਂ ਬਾਹਰ ਸੋਚਣ ਲਈ ਉਤਸ਼ਾਹਿਤ ਕਰਦੇ ਹਨ ਉਥੇ ਵਧੀਆ ਲਿਖਣ ਅਤੇ ਸੰਚਾਰ ਹੁਨਰ ਨੂੰ ਵਿਕਸਤ ਕਰਨ ਵਿੱਚ ਵੀ ਮਦਦ ਕਰਦੇ ਹਨ । ਡਿਪਟੀ ਪਿ੍ਰੰਸੀਪਲ ਅਤੇ ਵਿਭਾਗ ਦੇ ਮੁਖੀ ਡਾ.ਜਸਲੀਨ ਕੌਰ ਨੇ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਬੁੱਕ ਕਲੱਬ ਦੇ ਮੈਂਬਰਾਂ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਕਿਹਾ ਕਿ ਤਸਵੀਰਾਂ ਤੋਂ ਕਹਾਣੀ ਬਣਾਉਣਾ ਇੱਕ ਕਲਾ ਹੈ ਅਤੇ ਵਿਦਿਆਰਥੀਆਂ ਦੀ ਵਿਚਾਰ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ । ਉਨ੍ਹਾਂ ਵਿਭਾਗ ਦੇ ਵਿਦਿਆਰਥੀਆਂ ਨੂੰ ਬੁੱਕ ਕਲੱਬ ਦੇ ਮੈਂਬਰ ਬਣਨ ਅਤੇ ਪੜ੍ਹਨ-ਲਿਖਣ ਦੀ ਆਦਤ ਪਾਉਣ ਲਈ ਪ੍ਰੇਰਿਤ ਵੀ ਕੀਤਾ । ਕਾਮਰਸ ਅਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਵੱਲੋਂ 20 ਵੱਖ-ਵੱਖ ਕਹਾਣੀਆਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ ਤਿੰਨ ਵਧੀਆ ਕਹਾਣੀਆਂ ਦੀ ਚੋਣ ਕੀਤੀ ਗਈ ਅਤੇ ਜੇਤੂ ਐਲਾਨੇ ਗਏ। ਸਮਰਿਧੀ ਰਾਵਤ, ਬੀ. ਬੀ. ਏ. ਦੂਜੇ ਸਾਲ ਨੇ ਪਹਿਲਾ, ਮੋਹਿਤ ਸਹੋਤਾ, ਬੀ. ਬੀ. ਏ ਪਹਿਲਾ ਸਾਲ, ਸੈਕਸ਼ਨ-ਏ ਨੇ ਦੂਜਾ ਅਤੇ ਬੀ. ਬੀ. ਏ. ਤੀਜੇ ਸਾਲ ਦੀ ਜੀਆ ਗਰਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਦੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਇਨਾਮ ਵੀ ਵੰਡੇ ਗਏ ।