ਮੱਛੀ ਪਾਲਣ ਵਿਭਾਗ ਨੇ ਕਰਵਾਈ ਤਿੰਨ ਰੋਜ਼ਾ ਟਰੇਨਿੰਗ
ਮੱਛੀ ਪਾਲਣ ਵਿਭਾਗ ਨੇ ਕਰਵਾਈ ਤਿੰਨ ਰੋਜ਼ਾ ਟਰੇਨਿੰਗ
-ਮੱਛੀ ਪਾਲਣ ਨਾਲ ਜੁੜੇ ਕਿਸਾਨਾਂ ਨੂੰ ਕਿੱਤੇ ਦੀਆਂ ਬਾਰੀਕੀਆਂ ਤੋਂ ਕਰਵਾਇਆ ਜਾਣੂ
ਪਟਿਆਲਾ, 21 ਨਵੰਬਰ : ਮੱਛੀ ਪਾਲਣ ਦੇ ਕਿੱਤੇ ਨੂੰ ਪ੍ਰਫੁਲਿਤ ਕਰਨ ਲਈ ਮੱਛੀ ਪਾਲਣ ਵਿਭਾਗ ਪਟਿਆਲਾ ਵੱਲੋਂ ਤਿੰਨ ਰੋਜ਼ਾ ਵਿਸ਼ੇਸ਼ ਟਰੇਨਿੰਗ ਕੈਂਪ ਮਿਤੀ 19 ਨਵੰਬਰ ਤੋਂ 21 ਨਵੰਬਰ ਤੱਕ ਕਰਵਾਇਆ ਗਿਆ। ਇਹ ਕੈਂਪ ਪੰਜਾਬ ਫਿਸਰੀਜ ਡਿਵੈਲਪਮੈਂਟ ਬੋਰਡ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿੱਚ ਜ਼ਿਲ੍ਹੇ ਭਰ ਤੋਂ 50 ਮੱਛੀ ਕਾਸ਼ਤਕਾਰਾਂ ਨੇ ਭਾਗ ਲਿਆ । ਕੈਂਪ ਦੌਰਾਨ ਵਿਸ਼ਾ ਮਾਹਿਰ ਸਹਾਇਕ ਪ੍ਰੋਫੈਸਰ ਅਮਿਤ ਮੰਡਲ ਨੇ ਮੱਛੀ ਪਾਲਣ ਦੀਆਂ ਆਧੁਨਿਕ ਤਕਨੀਕਾਂ ਆਰ. ਏ. ਐਸ. (ਰੀਸਰਕੂਲੇਟਰੀ ਐਕਉਆਕਲਚਰ ਸਿਸਟਮ) ਅਤੇ ਬਾਇਓਫਲੋਕ ਤਕਨੀਕ ’ਤੇ ਜਾਣਕਾਰੀ ਸਾਂਝੀ ਕੀਤੀ । ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਸਿੱਧਨਾਥ ਨੇ ਮੱਛੀ ਦੀ ਪ੍ਰੋਸੈਸਿੰਗ ਉੱਪਰ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਸਾਨਾਂ ਨੂੰ ਆਮਦਨ ਵਧਾਉਣ ਦੇ ਵਸੀਲਿਆਂ ਸਬੰਧੀ ਜਾਣਕਾਰੀ ਦਿੱਤੀ । ਸਹਾਇਕ ਡਾਇਰੈਕਟਰ ਮੱਛੀ ਪਾਲਣ ਗੁਰਜੀਤ ਸਿੰਘ ਨੇ ਮੱਛੀ ਪੂੰਗ ਉਤਪਾਦਨ ਅਤੇ ਇਸ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਸਾਨ ਵੱਖ ਵੱਖ ਕਿਸਮਾਂ ਦੀ ਮੱਛੀ ਪੂੰਗ ਆਪਣੇ ਤਲਾਬ ਵਿੱਚ ਸਟਾਕ ਕਰਨ। ਸਹਾਇਕ ਡਾਇਰੈਕਟਰ ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਮੱਛੀ ਤਲਾਬ ਦੇ ਨਿਰਮਾਣ ਅਤੇ ਨਰਸਰੀ ਪੌਂਡ ਬਣਾਉਣ ਸਬੰਧੀ ਤਕਨੀਕੀ ਨੁਕਤੇ ਸਾਂਝੇ ਕੀਤੇ ।
ਕਰਮਜੀਤ ਸਿੰਘ ਨੇ ਜ਼ਿਲ੍ਹਾ ਪਟਿਆਲਾ ਵਿੱਚ ਮੱਛੀ ਪਾਲਣ ਸਬੰਧੀ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੰਦਿਆਂ ਸਬਸਿਡੀ ਅਤੇ ਵੱਖ ਵੱਖ ਸਕੀਮਾਂ ਤੋਂ ਮੱਛੀ ਪਾਲਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਵਿਭਾਗ ਵੱਲੋਂ 40 ਅਤੇ 60 ਫ਼ੀਸਦੀ ਤੱਕ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਦਾ ਕਿਸਾਨ ਲਾਭ ਉਠਾ ਸਕਦੇ ਹਨ । ਕੈਂਪ ਦੌਰਾਨ ਭਾਗ ਲੈ ਰਹੇ ਸਿੱਖਿਆਰਥੀਆਂ ਨੂੰ ਨਵੀਂ ਬਣੀ ਮੱਛੀ ਮੰਡੀ ਅਤੇ ਪਿੰਡ ਨਾਨੋਕੀ ਵਿਖੇ ਪੰਜਾਬ ਦੇ ਅਗਾਂਹਵਧੂ ਕਿਸਾਨ ਅਬਜਿੰਦਰ ਸਿੰਘ ਜੋਗੀ ਦੇ ਫਾਰਮ ਦਾ ਦੌਰਾ ਕਰਵਾਇਆ ਗਿਆ। ਕੈਂਪ ਦੇ ਆਖੀਰੀ ਦਿਨ ਡਾ. ਓਕਾਰ ਸਿੰਘ ਨੇ ਵਿਸ਼ਵ ਮੱਛੀ ਪਾਲਣ ਦਿਵਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੁਨੀਆ ਭਰ ਵਿੱਚ ਨਵੀਂਆਂ ਖੋਜਾਂ ਅਤੇ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ । ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਕਰਮਜੀਤ ਸਿੰਘ ਨੇ ਸਮੂਹ ਮੱਛੀ ਪਾਲਕਾਂ ਨੂੰ ਵਧਾਈ ਦਿੱਤੀ । ਇਸ ਮੌਕੇ ਵੀਰਪਾਲ ਕੌਰ, ਰਾਮਰਤਨ ਵੀ ਹਾਜ਼ਰ ਸਨ ।