ਖ਼ਾਲਸਾ ਕਾਲਜ ਪਟਿਆਲਾ ਤੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਬਿਰਧ ਆਸ਼ਰਮ ਦਾ ਦੌਰਾ
ਖ਼ਾਲਸਾ ਕਾਲਜ ਪਟਿਆਲਾ ਤੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਬਿਰਧ ਆਸ਼ਰਮ ਦਾ ਦੌਰਾ
ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਐਨ. ਸੀ. ਸੀ. ਏਅਰ ਵਿੰਗ, ਡਿਫੈਂਸ ਸਟੱਡੀਜ਼ ਅਤੇ ਲੋਕ ਪ੍ਰਸ਼ਾਸਨ ਵਿਭਾਗ ਦੇ 53 ਵਿਦਿਆਰਥੀਆਂ ਨੇ ਅੱਜ ਸਾਈਂ ਬਿਰਧ ਆਸ਼ਰਮ, ਚੌਰਾ ਪਟਿਆਲਾ ਦਾ ਦੌਰਾ ਕੀਤਾ ਅਤੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜੁਰਗਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਨਾਲ ਸਮਾਂ ਬਿਤਾਇਆ। ਇਸ ਮੌਕੇ ਫਲਾਇੰਗ ਅਫਸਰ ਐਨ. ਸੀ. ਸੀ. ਏਅਰ ਵਿੰਗ ਪ੍ਰੋ. ਬਲਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹਨ ’ਤੇ ਸਾਨੂੰ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿਉਕਿ ਬਜੁਰਗਾਂ ਨੂੰ ਇਸ ਉਮਰ ਵਿੱਚ ਜ਼ਿਆਦਾ ਸਾਂਭ ਸੰਭਾਲ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਸਾਡਾ ਇਹ ਇਖ਼ਲਾਕੀ ਫਰਜ਼ ਬਣਦਾ ਹੈ ਕਿ ਇਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕਮੀ ਮਹਿਸੂਸ ਨਾ ਹੋਵੇ । ਉਹਨਾਂ ਇਹ ਵੀ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਬਿਰਧ ਆਸ਼ਰਮਾਂ ਦੀ ਸਮਾਜ ਵਿੱਚੋਂ ਗਿਣਤੀ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਇਸ ਮੌਕੇ ਬੋਲਦਿਆਂ ਲੋਕ ਪ੍ਰਸ਼ਾਸ਼ਨ ਵਿਭਾਗ ਦੇ ਮੁਖੀ ਡਾ. ਪੂਨਮਦੀਪ ਸਿੰਘ ਨੇ ਕਿਹਾ ਕਿ ਬਜ਼ੁਰਗਾਂ ਦਾ ਬਿਰਧ ਆਸ਼ਰਮਾਂ ਵਿਚ ਆਉਣਾ ਅਜੋਕੇ ਸਮੇਂ ਵਿੱਚ ਪਰਿਵਾਰਿਕ ਟੁੱਟ ਭੱਜ ਨੂੰ ਦਰਸ਼ਾਉਂਦਾ ਹੈ। ਜੋ ਕਿ ਇੱਕ ਬੁਰਾਈ ਹੈ ਅਤੇ ਸਾਨੂੰ ਪੜੇ ਲਿਖੇ ਵਰਗ ਨੂੰ ਇਸ ਬੁਰਾਈ ਨੂੰ ਘਟਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣੀਆਂ ਚਾਹੀਦੀਆਂ । ਸਾਨੂੰ ਇੱਕ ਜਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ । ਇਸ ਮੌਕੇ ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਐਨ. ਸੀ. ਸੀ. ਏਅਰ ਵਿੰਗ, ਡਿਫੈਂਸ ਸਟਡੀਜ ਵਿਭਾਗ ਅਤੇ ਲੋਕ ਪ੍ਰਸ਼ਾਸਨ ਵਿਭਾਗ ਦੁਬਾਰਾ ਕੀਤੇ ਇਸ ਉਪਰਾਲੇ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਬਿਰਧ ਆਸ਼ਰਮ ਦੇ ਦੌਰਿਆਂ ਨਾਲ ਵਿਦਿਆਰਥੀ ਕਿਤਾਬੀ ਗਿਆਨ ਦੇ ਨਾਲ ਨਾਲ ਵਿਵਹਾਰਿਕ ਸਿੱਖਿਆ ਵੀ ਪ੍ਰਾਪਤ ਕਰਦੇ ਹਨ।ਆਸ਼ਰਮ ਦੇ ਜਨਰਲ ਸਕੱਤਰ ਪ੍ਰਤਿਭਾ ਸ਼ਰਮਾ ਜੀ ਨੇ ਦੱਸਿਆ ਕਿ ਇੱਥੇ ਇਸ ਸਮੇਂ 30 ਦੇ ਕਰੀਬ ਬਜ਼ੁਰਗ ਰਹਿ ਰਹੇ ਹਨ, ਉਨ੍ਹਾਂ ਅੱਗੇ ਗੱਲ ਕਰਦਿਆਂ ਦਸਿਆ ਕਿ ਆਸ਼ਰਮ ਦੀ ਜ਼ਮੀਨ ਚੌਰਾ ਪਿੰਡ ਦੀ ਪੰਚਾਇਤ ਵੱਲੋਂ ਦਾਨ ਕੀਤੀ ਗਈ ਹੈ ਅਤੇ ਆਸ਼ਰਮ ਚੈਰਟੀ ’ਤੇ ਹੀ ਚੱਲ ਰਿਹਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਪ੍ਰਸ਼ਾਸਨ ਵਿਭਾਗ ਦੇ ਪ੍ਰੋ. ਜੀਵਨ ਜੋਤੀ, ਯੂਨੀਵਰਸਿਟੀ ਕਾਲਜ, ਘਨੌਰ ਦੇ ਐਨ. ਸੀ. ਸੀ. ਏਅਰ ਵਿੰਗ ਦੇ ਫਲਾਇੰਗ ਅਫ਼ਸਰ ਡਾ. ਅਰਵਿੰਦਰ ਸਿੰਘ ਅਤੇ ਆਸ਼ਰਮ ਦੇ ਜੁਆਇੰਟ ਸਕੱਤਰ ਲਵਲੀਨ ਕੌਰ ਵੀ ਮੌਜੂਦ ਸਨ ।