ਲੰਬਿਤ ਇੰਤਕਾਲਾਂ ਨੂੰ ਦਰਜ ਕਰਨ ਲਈ ਸੁਨਾਮ ਸਬਡਵੀਜਨ ‘ਚ ਸ਼ਨੀਵਾਰ ਨੂੰ ਲੱਗਣਗੇ ਵਿਸ਼ੇਸ਼ ਕੈਂਪ
ਲੰਬਿਤ ਇੰਤਕਾਲਾਂ ਨੂੰ ਦਰਜ ਕਰਨ ਲਈ ਸੁਨਾਮ ਸਬਡਵੀਜਨ ‘ਚ ਸ਼ਨੀਵਾਰ ਨੂੰ ਲੱਗਣਗੇ ਵਿਸ਼ੇਸ਼ ਕੈਂਪ
ਐਸ. ਡੀ. ਐਮ. ਪ੍ਰਮੋਦ ਸਿੰਗਲਾ ਵੱਲੋਂ ਲੋਕਾਂ ਨੂੰ ਲਾਭ ਉਠਾਉਣ ਦੀ ਅਪੀਲ
ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, 21 ਨਵੰਬਰ : ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਵੱਲੋਂ ਮੀਟਿੰਗ ਦੌਰਾਨ ਦਿੱਤੀਆਂ ਹਦਾਇਤਾਂ ਤੋਂ ਬਾਅਦ ਸਬਡਵੀਜਨ ਸੁਨਾਮ ਊਧਮ ਸਿੰਘ ਵਾਲਾ ਦੀਆਂ ਤਹਿਸੀਲ ਅਤੇ ਸਬ ਤਹਿਸੀਲ ਵਿਖੇ ਲੰਬਿਤ ਇੰਤਕਾਲਾਂ ਨੂੰ ਦਰਜ ਕਰਨ ਲਈ 23 ਨਵੰਬਰ ਦਿਨ ਸ਼ਨੀਵਾਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਇਹ ਜਾਣਕਾਰੀ ਦਿੰਦਿਆਂ ਐਸ. ਡੀ. ਐਮ. ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਮਾਲ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਲੋਕਾਂ ਦੀ ਸੁਵਿਧਾ ਲਈ ਉਪਲੱਬਧ ਰਹਿਣ ਅਤੇ ਲੰਬਿਤ ਇੰਤਕਾਲਾਂ ਨੂੰ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ । ਐਸ. ਡੀ. ਐਮ. ਨੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸੁਨਾਮ ਊਧਮ ਸਿੰਘ ਵਾਲਾ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਤੇ ਚੀਮਾ ਦੇ ਨਾਇਬ ਤਹਿਸੀਲਦਾਰ ਦੇ ਦਫ਼ਤਰ ਵਿਖੇ ਲਗਾਏ ਜਾਣਗੇ । ਉਨ੍ਹਾਂ ਸਮੂਹ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਲੋੜਵੰਦ 23 ਨਵੰਬਰ ਨੂੰ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਖੇ ਆਪਣੇ ਲੰਬਿਤ ਇੰਤਕਾਲਾਂ ਨੂੰ ਦਰਜ ਕਰਵਾਉਣ ਲਈ ਪਹੁੰਚ ਕਰ ਸਕਦੇ ਹਨ । ਉਪ ਮੰਡਲ ਮੈਜਿਸਟਰੇਟ ਨੇ ਕੈਂਪਾਂ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਪਟਵਾਰੀਆਂ, ਕਾਨੂੰਗੋਆਂ, ਨਾਇਬ ਤਹਿਸੀਲਦਾਰਾਂ ਅਤੇ ਤਹਿਸੀਲਦਾਰਾਂ ਨੂੰ ਕੈਂਪਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੇ ਲੰਬਿਤ ਇੰਤਕਾਲਾਂ ਦਾ ਨਿਪਟਾਰਾ ਕਰਵਾਉਣ ਲਈ ਕਿਹਾ ਹੈ ।