ਪੰਜਾਬੀ ਯੂਨੀਵਰਸਿਟੀ ਵਿੱਚ ਮਲਟੀਸਪੈਸ਼ਲਿਟੀ ਕੈਂਪ ਲਗਾਇਆ

ਦੁਆਰਾ: Punjab Bani ਪ੍ਰਕਾਸ਼ਿਤ :Wednesday, 20 September, 2023, 08:00 PM

ਪੰਜਾਬੀ ਯੂਨੀਵਰਸਿਟੀ ਵਿੱਚ ਮਲਟੀਸਪੈਸ਼ਲਿਟੀ ਕੈਂਪ ਲਗਾਇਆ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਭਾਈ ਘਨੱਈਆ ਜੀ ਦੀ ਬਰਸੀ ਨੂੰ ਸਮਰਪਿਤ ਮਾਨਵ ਸੇਵਾ ਸੰਕਲਪ ਦਿਵਸ ਮਨਾਉਣ ਲਈ ਭਾਈ ਘਨੱਈਆ ਸਿਹਤ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਇੱਕ ਮਲਟੀਸਪੈਸ਼ਲਿਟੀ ਕੈਂਪ ਲਗਾਇਆ ਗਿਆ। ਯੂ.ਜੀ.ਸੀ ਗੈਸਟ ਹਾਊਸ ਵਿਖੇ ਲਗਾਏ ਇਸ ਕੈਂਪ ਵਿੱਚ ਜਿਨ੍ਹਾਂ ਮਾਹਿਰ ਡਾਕਟਰਾਂ ਨੇ ਸ਼ਿਰਕਤ ਕੀਤੀ ਉਨ੍ਹਾਂ ਵਿੱਚ ਡਾ. (ਲੈਫਟੀਨੈਂਟ ਕਰਨਲ) ਐਚ.ਐਸ.ਬਰਾੜ, ਸੀਨੀਅਰ ਨਿਓਰੋਸਰਜਨ, ਫੋਰਟੀਸ ਹਸਪਤਾਲ, ਮੋਹਾਲੀ, ਡਾ. ਅਰੁਨ ਕੋਛੜ, ਸੀਨੀਅਰ ਕਾਰਡੀਓਲੋਜਿਸਟ, ਫੋਰਟੀਸ ਹਸਪਤਾਲ, ਮੋਹਾਲੀ,ਡਾ. ਧਰਮਿੰਦਰ ਅਗਰਵਾਲ, ਯੂਰੋਲੋਜਿਸਟ, ਫੋਰਟੀਸ ਹਸਪਤਾਲ, ਮੋਹਾਲੀ, ਡਾ. ਨਿਤਿਨ ਸਿੰਗਲਾ, ਮਨੋਵਿਗਿਆਨੀ, ਨਿਤਿਨ, ਮਾਈਂਡਕੇਅਰ ਕਲੀਨਿਕ, ਪਟਿਆਲਾ, ਡਾ. ਹੇਮੰਤ ਬਾਂਸਲ, ਆਰਥੋਪੈਡਿਕ ਸਰਜਨ, ਬਾਂਸਲ ਜੁਆਇੰਟਲਾਈਨ ਹਸਪਤਾਲ, ਪਟਿਆਲਾ, ਡਾ. ਜੇ.ਪੀ.ਐਸ.ਸੋਢੀ, ਅੱਖਾਂ ਦੇ ਮਾਹਿਰ, ਸੋਢੀ ਆਈ ਹਸਪਤਾਲ, ਪਟਿਆਲਾ ਸ਼ਾਮਿਲ ਰਹੇ।
ਕੈਂਪ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੀਤਾ ਗਿਆ। ਇਸ ਮੌਕੇ ਰਜਿਸਟਰਾਰ ਡਾ. ਨਵਜੋਤ ਕੌਰ, ਡੀਨ ਅਕਾਦਮਿਕ ਡਾ. ਅਸ਼ੋਕ ਤਿਵਾੜੀ, ਵਿੱਤ ਅਫ਼ਸਰ ਡਾ. ਪਰਮੋਦ ਅਗਰਵਾਲ ਅਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਪ੍ਰੋ. ਅਰਵਿੰਦ ਨੇ ਕੈਂਪ ਦੇ ਆਯੋਜਨ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਣੀ ਅਤੇ ਹੈਲਥ ਸੈਂਟਰ ਦੇ ਸਟਾਫ਼ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਡਾ. ਰੇਗੀਨਾ ਵੱਲੋਂ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਇਸ ਕੈਂਪ ਵਿੱਚ ਉਨ੍ਹਾਂ ਨੇ ਕੁਝ ਵੱਖ–ਵੱਖ ਵਿਭਾਗਾਂ ਦੇ ਸੁਪਰਸਪੈਸ਼ਲੀਸਟ ਨੂੰ ਇਸ ਮਲਟੀਸਪੈਸ਼ਲਟੀ ਕੈਂਪ ਵਿੱਚ ਇਕੱਠਾ ਕੀਤਾ। ਉਨ੍ਹਾਂ ਕਿਹਾ ਕਿ ਹੈਲਥ ਸੈਂਟਰ ਪੰਜਾਬੀ ਯੂਨੀਵਰਸਿਟੀ ਪਰਿਵਾਰ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਬਹੁਤ ਸਰਗਰਮੀ ਨਾਲ ਕੰਮ ਕਰ ਰਿਹਾ ਹੈ।
ਇਸ ਮੌਕੇ ਬੋਲਦਿਆਂ ਡਾ. ਰੇਗੀਨਾ ਮੈਣੀ, ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਕੈਂਪ ਵਿੱਚ ਲਗਭਗ 300 ਦੇ ਕਰੀਬ ਮਰੀਜਾਂ ਨੇ ਆਪਣਾ ਚੈੱਕਅਪ ਕਰਵਾਇਆ। ਉਨ੍ਹਾਂ ਨੇ ਸਾਰੇ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ, ਖਾਸ ਕਰਕੇ ਡਾ. ਅਜਿੰਦਰ ਸਿੰਘ ਮੈਨੇਜਰ ਕਾਰਪੋਰੇਟ ਰਿਲੇਸ਼ਨ ਫੋਰਟਿਸ ਹਸਪਤਾਲ ਮੋਹਾਲੀ, ਦਾ ਬਹੁਤ ਧੰਨਵਾਦ ਕੀਤਾ।