ਪਟਿਆਲਾ ਜ਼ਿਲ੍ਹੇ 'ਚ ਪਰਾਲੀ ਪ੍ਰਬੰਧਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ
ਪਟਿਆਲਾ ਜ਼ਿਲ੍ਹੇ ‘ਚ ਪਰਾਲੀ ਪ੍ਰਬੰਧਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ
-ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਪ੍ਰਬੰਧਨ ਕਰਨ ਵਾਲੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ
-ਕਿਹਾ, ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੀ ਮਸ਼ੀਨਰੀ ਸਬੰਧੀ ਜਾਣਕਾਰੀ ਦੇਣ ਲਈ ਵਟਸ ਐਪ ਚੈਟ ਬੋਟ ਤਿਆਰ ਕੀਤਾ ਜਾਵੇ
ਪਟਿਆਲਾ, 20 ਸਤੰਬਰ:
ਪਟਿਆਲਾ ਜ਼ਿਲ੍ਹੇ ਵਿੱਚ ਪਰਾਲੀ ਦਾ ਈਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਨਾਲ ਪ੍ਰਬੰਧਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਪਾਰ ਹੈ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਸਹਿਕਾਰੀ ਸਭਾਵਾਂ, ਖੁਰਾਕ ਤੇ ਸਿਵਲ ਸਪਲਾਈ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸਮੇਤ ਵੱਖ ਵੱਖ ਜ਼ਿਲ੍ਹੇ ਦੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਹੁਣ ਤੱਕ ਕੀਤੀ ਗਈ ਤਿਆਰੀ ਦਾ ਜਾਇਜ਼ਾ ਲਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੂਪ੍ਰਿਤਾ ਜੌਹਲ ਵੀ ਮੌਜੂਦ ਸਨ।
ਸਾਕਸ਼ੀ ਸਾਹਨੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਰਾਲੀ ਪ੍ਰਬੰਧਨ ਕਰਨ ਵਾਲੀਆਂ ਮਸ਼ੀਨਾਂ ਤਿਆਰ ਕਰਨ ਵਾਲੀ ਇੰਡਸਟਰੀ ਨਾਲ ਤੁਰੰਤ ਮੀਟਿੰਗ ਕੀਤੀ ਜਾਵੇ ਅਤੇ ਸੀਜ਼ਨ ਦੌਰਾਨ ਜੇਕਰ ਮਸ਼ੀਨਰੀ ਵਿੱਚ ਕੋਈ ਖਰਾਬੀ ਆਉਂਦੀ ਹੈ ਤਾਂ ਉਸ ਦੀ ਤੁਰੰਤ ਰਿਪੇਅਰ ਲਈ ਇੰਡਸਟਰੀ ਵੱਲੋਂ ਨੋਡਲ ਅਧਿਕਾਰੀ ਤਾਇਨਾਤ ਕੀਤੇ ਜਾਣ ਤਾਂ ਜੋ ਪਰਾਲੀ ਸਾਂਭਣ ‘ਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਸ਼ੀਨਰੀ ਦੀ ਉਪਲਬੱਧਤਾ ਸਬੰਧੀ ਜਾਣਕਾਰੀ ਦੇਣ ਲਈ ਜੋ ਵਟਸ ਐਪ ਚੈਟ ਬੋਟ ਤਿਆਰ ਕੀਤਾ ਜਾ ਰਿਹਾ ਹੈ, ਉਸ ਵਿੱਚ ਪੰਜਾਬੀ ਭਾਸ਼ਾ ਸਮੇਤ ਬੋਲ ਕੇ ਦੱਸਣ ਵਰਗੇ ਫ਼ੀਚਰ ਵੀ ਪਾਏ ਜਾਣ ਤਾਂ ਜੋ ਕਿਸਾਨਾਂ ਨੂੰ ਮਸ਼ੀਨਰੀ ਦੀ ਉਪਲਬੱਧਤਾ ਸਬੰਧੀ ਜਾਣਕਾਰੀ ਲੈਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਭੱਠਿਆਂ ‘ਚ ਪਰਾਲੀ ਨੂੰ ਪੈਲੇਟਸ ਬਣਾ ਕੇ ਬਾਲਣ ਦੇ ਰੂਪ ਵਿੱਚ ਵਰਤਣ ਸਬੰਧੀ ਜਾਰੀ ਪਾਲਿਸੀ ਦੀ ਇੰਨ ਬਿੰਨ ਪਾਲਣਾ ਕਰਵਾਉਣ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਬੇਲਰ, ਸੁਪਰ ਸੀਡਰ ਅਤੇ ਸਰਫੇਸ ਸੀਡਰ ਵਰਗੀਆਂ ਮਸ਼ੀਨਾਂ ਦੀ ਮੈਪਿੰਗ ਕਰਨ ਅਤੇ ਇਨ੍ਹਾਂ ਦੀ ਪੂਰੀ ਸਮਰੱਥਾ ਨਾਲ ਵਰਤੋਂ ਕਰਨ ਲਈ ਸਬੰਧਤ ਵਿਭਾਗਾਂ ਨੂੰ ਕੰਮ ਤੁਰੰਤ ਮੁਕੰਮਲ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਉਪਲਬੱਧ ਮਸ਼ੀਨਰੀ ਦੀ ਪੂਰੀ ਤਰ੍ਹਾਂ ਵਰਤੋਂ ਕੀਤੀ ਜਾਵੇ ਤਾਂ ਪਰਾਲੀ ਪ੍ਰਬੰਧਨ ਕਰਨ ‘ਚ ਕੋਈ ਸਮੱਸਿਆ ਨਹੀਂ ਆਵੇਗੀ।
ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਗੁਰਨਾਮ ਸਿੰਘ, ਡੀ.ਡੀ.ਪੀ.ਓ. ਅਮਨਦੀਪ ਕੌਰ, ਡੀ.ਐਫ.ਐਸ.ਸੀ. ਰਵਿੰਦਰ ਕੌਰ, ਰਵਿੰਦਰਪਾਲ ਸਿੰਘ ਚੱਠਾ, ਪ੍ਰਦੂਸ਼ਨ ਰੋਕਥਾਮ ਬੋਰਡ ਤੋਂ ਰੋਹਿਤ ਸਿੰਗਲਾ, ਸਹਿਕਾਰੀ ਸਭਾਵਾਂ ਡਿਪਟੀ ਰਜਿਸਟਰਾਰ ਸਰਬੇਸ਼ਵਰ ਸਿੰਘ ਮੋਹੀ ਸਮੇਤ ਵੱਖ ਵੱਖ ਉਦਯੋਗਿਕ ਇਕਾਈਆਂ ਦੇ ਨੁਮਾਇੰਦੇ ਮੌਜੂਦ ਸਨ।