ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ( ਪਟਿਆਲਾ) ਵਿਖੇ ਹਾੜ੍ਹੀ ਦੀਆਂ ਫ਼ਸਲਾਂ ਲਈ ਕਿਸਾਨ ਮੇਲੇ ਵਿਚ ਕਿਸਾਨਾਂ ਦਾ ਭਾਰੀ ਇਕੱਠ ਹੋਇਆ
ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ( ਪਟਿਆਲਾ) ਵਿਖੇ ਹਾੜ੍ਹੀ ਦੀਆਂ ਫ਼ਸਲਾਂ ਲਈ ਕਿਸਾਨ ਮੇਲੇ ਵਿਚ ਕਿਸਾਨਾਂ ਦਾ ਭਾਰੀ ਇਕੱਠ ਹੋਇਆ
ਪੰਜਾਬ ਸਰਕਾਰ ਖੇਤੀ ਖੋਜ ਬਰਕਰਾਰ ਰੱਖਣ ਲਈ ਪੀ ਏ ਯੂ ਦੀ ਹਰ ਸਹਾਇਤਾ ਲਈ ਤਤਪਰ : ਸ ਹਰਪਾਲ ਸਿੰਘ ਚੀਮਾ
ਪਟਿਆਲਾ 22 ਸਤੰਬਰ
ਪੀ.ਏ.ਯੂ. ਦੇ ਹਾੜ੍ਹੀ ਦੀਆਂ ਫਸਲਾਂ ਲਈ ਲਾਏ ਜਾ ਰਹੇ ਕਿਸਾਨ ਮੇਲਿਆਂ ਦੀ ਲੜੀ ਵਿਚ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਪਟਿਆਲਾ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਪੰਜਾਬ ਦੇ ਆਬਕਾਰੀ ਅਤੇ ਖਜ਼ਾਨਾ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਸਨ। ਮੇਲੇ ਦੀ ਪ੍ਰਧਾਨਗੀ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ।
ਇਸ ਤੋਂ ਇਲਾਵਾ ਵਿਸ਼ਵ ਭੋਜਨ ਪੁਰਸਕਾਰ ਜੇਤੂ ਸੰਸਾਰ ਪ੍ਰਸਿੱਧ ਝੋਨਾ ਮਾਹਿਰ ਡਾ ਗੁਰਦੇਵ ਸਿੰਘ ਖੁਸ਼ ਅਤੇ ਪਨਸੀਡ ਦੇ ਚੇਅਰਮੈਨ ਸ ਮਹਿੰਦਰ ਸਿੰਘ ਸਿੱਧੂ ਵੀ ਮੇਲੇ ਦੇ ਮੰਚ ਉੱਪਰ ਸੁਸ਼ੋਭਿਤ ਸਨ।
ਮੁੱਖ ਮਹਿਮਾਨ ਸ਼੍ਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਪੰਜਾਬ ਵਿੱਚ ਸੱਤ ਮੇਲੇ ਲਾ ਕੇ ਕਿਸਾਨਾਂ ਦੇ ਬੂਹੇ ਤਕ ਵਿਗਿਆਨਕ ਖੇਤੀ ਦੀ ਸੂਝ ਲਿਜਾਣਾ ਬੜਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖੇਤੀ ਖੋਜ ਨੂੰ ਗਤੀਸ਼ੀਲ ਰੱਖਣ ਲਈ ਕੋਈ ਕਸਰ ਨਹੀਂ ਛੱਡੇਗੀ। ਖੇਤੀ ਨੂੰ ਨਵੀਆਂ ਤਕਨੀਕਾਂ ਨਾਲ ਭਰਪੂਰ ਕਰਨ ਲਈ ਨਵੀਆਂ ਖੋਜਾਂ, ਨਵੀਆਂ ਕਿਸਮਾਂ ਤੇ ਨਵੀਆਂ ਤਕਨੀਕਾਂ ਬਹੁਤ ਜ਼ਰੂਰੀ ਹਨ। ਸ ਚੀਮਾ ਨੇ ਕਿਹਾ ਕਿ ਸਾਡੇ ਵੱਡੇਭਾਗ ਹਨ ਕਿ ਡਾ ਖੁਸ਼ ਵਰਗੇ ਵਿਗਿਆਨੀ ਤੇ ਪੀ ਏ ਯੂ ਵਰਗੀ ਸੰਸਥਾ ਪੰਜਾਬ ਕੋਲ ਹੈ। ਉਨ੍ਹਾਂ ਕਿਸਾਨਾਂ ਨੂੰ ਯੂਨੀਵਰਸਿਟੀ ਵਲੋਂ ਦਿੱਤੀਆਂ ਜਾ ਰਹੀਆਂ ਪਸਾਰ ਸੇਵਾਵਾਂ ਦਾ ਲਾਭ ਲੈਣ ਲਈ ਕਿਹਾ ਤੇ ਦੱਸਿਆ ਕਿ ਕਿਸਾਨੀ ਦੀ ਬਿਹਤਰੀ ਲਈ ਜਲਦ ਖੇਤੀ ਨੀਤੀ ਲਾਗੂ ਕੀਤੀ ਜਾਏਗੀ। ਇਸ ਨਾਲ ਕਿਸਾਨੀ ਦੀ ਕਾਇਆਕਲਪ ਹੋਵੇਗੀ। ਉਨ੍ਹਾਂ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਖੇਤੀ ਖੋਜ ਲਈ ਹਮੇਸ਼ਾ ਤਤਪਰ ਹੈ ਤੇ ਪੀ ਏ ਯੂ ਦੀ ਹਰ ਸੰਭਵ ਇਮਦਾਦ ਲਈ ਸਦਾ ਤਿਆਰ ਹੈ।
ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਨੇ ਆਪਣੀ ਪ੍ਰਧਾਨਗੀ ਟਿੱਪਣੀ ਵਿਚ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਇਸ ਕੇਂਦਰ ਵਿਚ ਮੇਲੇ ਦਾ ਹਿੱਸਾ ਬਣਦੇ ਰਹੇ ਹਨ। ਕਿਸਾਨਾਂ ਦਾ ਇਸ ਮੇਲੇ ਵਿਚਲਾ ਇਕੱਠ ਸ਼ਾਨਦਾਰ ਦਿੱਖ ਪ੍ਰਦਾਨ ਕਰਦਾ ਹੈ। ਇਸ ਮੇਲੇ ਰਾਹੀਂ ਵਿਗਿਆਨਕ ਖੇਤੀ ਦੀ ਚੇਤਨਾ ਦੇ ਪ੍ਰਸਾਰ ਲਈ ਮੇਲੇ ਦਾ ਉਦੇਸ਼ ਵਿਗਿਆਨਕ ਖੇਤੀ ਦੇ ਰੰਗ, ਪੀ ਏ ਯੂ ਦੇ ਕਿਸਾਨ ਮੇਲਿਆਂ ਦੇ ਸੰਗ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡਾ ਖੁਸ਼ ਦੀ ਦੇਣ ਨੂੰ ਸਮਰਪਿਤ ਪੀ ਏ ਯੂ ਵਿਚ ਉਸਾਰੀ ਜਾ ਰਹੀ ਇਮਾਰਤ ਦਾ ਉਦਘਾਟਨ ਆਉਂਦੇ ਦਿਨੀਂ ਕੀਤਾ ਜਾਵੇਗਾ। ਫਰੀਦਕੋਟ ਦੇ ਬੀੜ ਸਿੱਖਾਂਵਾਲਾ ਫਾਰਮ ਨੂੰ ਦੁਬਾਰਾ ਸਰਕਾਰ ਵਲੋਂ ਯੂਨੀਵਰਸਿਟੀ ਨੂੰ ਦੇਣ ਲਈ ਧੰਨਵਾਦ ਕਰਦਿਆਂ ਡਾ ਗੋਸਲ ਨੇ ਸਰਕਾਰ ਦੀ ਸਹਾਇਤਾ ਦਾ ਸ਼ੁਕਰੀਆ ਅਦਾ ਕੀਤਾ। ਨਾਲ ਹੀ ਸਰਕਾਰ ਵਲੋਂ ਕਰਾਈਆਂ ਗਈਆਂ ਸਰਕਾਰ ਕਿਸਾਨ ਮਿਲਣੀਆਂ ਨੂੰ ਕਿਸਾਨਾਂ ਦੇ ਲਾਭ ਦੀ ਦਿਸ਼ਾ ਵਿਚ ਵੱਡਾ ਕਦਮ ਕਿਹਾ। ਇਨ੍ਹਾਂ ਮਿਲਣੀਆਂ ਤੋਂ ਹੀ ਖੇਤੀ ਨੀਤੀ ਦੇ ਨਿਰਮਾਣ ਲਈ ਕਿਸਾਨਾਂ ਦੀਆਂ ਰਾਵਾਂ ਸ਼ਾਮਿਲ ਹੋਣਗੀਆਂ। ਪਰਵਾਸੀ ਕਿਸਾਨਾਂ ਨੂੰ ਪੀ ਏ ਯੂ ਵਿਚ ਬੁਲਾ ਕੇ ਉਨ੍ਹਾਂ ਦੇ ਤਜਰਬੇ ਸਰਕਾਰੀ ਸਹਾਇਤਾ ਨਾਲ ਪੰਜਾਬੀ ਕਿਸਾਨਾਂ ਨਾਲ ਸਾਂਝੇ ਕੀਤੇ ਗਏ। ਪਰਵਾਸੀ ਕਿਸਾਨਾਂ ਨੇ ਖੇਤੀ ਨੂੰ ਕਾਰੋਬਾਰ ਵਿਚ ਬਦਲਿਆ ਹੈ ਤੇ ਕਿਰਤ ਨਾਲ ਕਿਰਸ ਨੂੰ ਬਰਾਬਰ ਦਾ ਮਹੱਤਵ ਦਿੱਤਾ ਹੈ। ਪੰਜਾਬ ਦੇ ਕਿਸਾਨ ਨੂੰ ਵੀ ਇਸੇ ਤਰੀਕੇ ਦੇ ਧਾਰਨੀ ਹੋਣ ਦੀ ਲੋੜ ਬਾਰੇ ਡਾ ਗੋਸਲ ਨੇ ਜ਼ੋਰ ਦਿੱਤਾ।
ਕਣਕ ਦੀ ਕਿਸਮ ਪੀ ਬੀ ਡਬਲਿਊ 826 ਅਤੇ ਝੋਨੇ ਦੀ ਕਿਸਮ ਪੀ ਆਰ 126 ਦਾ ਜ਼ਿਕਰ ਖਾਸ ਤੌਰ ਤੇ ਕਰਦਿਆਂ ਡਾ ਗੋਸਲ ਨੇ ਸਿਫਾਰਿਸ਼ ਕਿਸਮਾਂ ਬੀਜਣ ਲਈ ਕਿਹਾ। ਉਨ੍ਹਾਂ ਕਣਕ ਦੀ ਬਿਜਾਈ ਦੀ ਨਵੀਂ ਵਿਧੀ ਸਰਫੇਸ ਸੀਡਿੰਗ ਮਸ਼ੀਨ ਬਾਰੇ ਜਾਣਕਾਰੀ ਦਿੰਦਿਆਂ ਇਸਦੀ ਸਫਲਤਾ ਦਾ ਹਵਾਲਾ ਦਿੱਤਾ। ਘਰੇਲੂ ਵਰਤੋਂ ਲਈ ਦਾਲਾਂ, ਸਬਜ਼ੀਆਂ, ਫਲ ਅਤੇ ਦੁੱਧ ਆਦਿ ਪੈਦਾ ਕਰਨ ਲਈ ਸੰਯੁਕਤ ਖੇਤੀ ਪ੍ਰਣਾਲੀ ਅਪਣਾਉਣ ਲਈ ਕਿਸਾਨਾਂ ਨੂੰ ਅਪੀਲ ਕਰਦਿਆਂ ਵਾਈਸ ਚਾਂਸਲਰ ਨੇ ਹੋਰ ਵਸੀਲਿਆਂ ਤੋਂ ਆਮਦਨ ਲੈਣ ਲਈ ਕਿਹਾ ।
ਡਾ ਗੁਰਦੇਵ ਸਿੰਘ ਖੁਸ਼ ਨੇ ਕਿਸਾਨਾਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਕਿਸਾਨਾਂ ਦਾ ਇਕੱਠ ਉਨ੍ਹਾਂ ਨੂੰ ਖੁਸ਼ੀ ਨਾਲ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਵਿਦੇਸ਼ ਦੇ ਕਿਸਾਨਾਂ ਨਾਲ ਗੱਲਬਾਤ ਕਰਦੇ ਰਹੇ ਹਨ ਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਹੀ ਖੇਤੀ ਮੁਸ਼ਕਿਲਾਂ ਦਾ ਹੱਲ ਕੱਢਿਆ ਜਾ ਸਕਦਾ ਹੈ। ਮਾਹਿਰਾਂ ਤੇ ਕਿਸਾਨਾਂ ਦਾ ਇਹ ਇਕੱਠ ਦੁਨੀਆਂ ਵਿੱਚ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦਾ। ਇਸ ਤੋਂ ਪੀ ਏ ਯੂ ਉੱਪਰ ਕਿਸਾਨਾਂ ਦਾ ਭਰੋਸਾ ਪ੍ਰਗਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਝੋਨਾ ਵੇਖ ਕੇ ਉਨ੍ਹਾਂ ਨੂੰ ਅਪਣਾ ਸੁਪਨਾ ਪੂਰਾ ਹੁੰਦਾ ਦਿਸਦਾ ਹੈ। ਉਹ ਦੁਆਬੇ ਵਿਚ ਜਨਮੇ ਜਿੱਥੇ ਉਦੋਂ ਝੋਨਾ ਨਹੀਂ ਹੁੰਦਾ ਸੀ। ਪਰ ਅੱਜ ਪੰਜਾਬੀਆਂ ਨੇ ਝੋਨੇ ਨਾਲ ਦੇਸ਼ ਨੂੰ ਰਜਾ ਦਿੱਤਾ ਹੈ। ਪਹਿਲੀ ਕਿਸਮ ਆਈ ਆਰ 8 ਦਾ ਜ਼ਿਕਰ ਕਰਦਿਆਂ ਡਾ ਖੁਸ਼ ਨੇ ਕਿਹਾ ਕਿ ਉਸ ਤੋਂ ਬਾਅਦ ਮਿਆਰੀ ਦਾਣਿਆਂ ਵਾਲੀਆਂ ਕਿਸਮਾਂ ਪੈਦਾ ਕੀਤੀਆਂ ਗਈਆਂ। ਪੀ ਆਰ 6 ਪਹਿਲੀ ਵੱਧ ਝਾੜ ਵਾਲੀ ਝੋਨੇ ਦੀ ਕਿਸਮ ਦੀ ਜਿਸ ਨਾਲ ਹਰੀ ਕ੍ਰਾਂਤੀ ਦਾ ਸੁਪਨਾ ਪੂਰਾ ਹੋ ਸਕਿਆ। ਸਭ ਤੋਂ ਚੰਗੀਆਂ ਚੌਲਾਂ ਦੀਆਂ ਕਿਸਮਾਂ ਉਨ੍ਹਾਂ ਨੇ ਪੰਜਾਬ ਨੂੰ ਭੇਜੀਆਂ ਤਾਂ ਕਿ ਕਿਸਾਨਾਂ ਨੂੰ ਵੱਧ ਝਾੜ ਮਿਲ ਸਕੇ। ਡਾ ਖੁਸ਼ ਨੇ ਫਿਲਪੀਨਜ਼ ਦੇ ਝੋਨਾ ਖੋਜ ਕੇਂਦਰ ਤੋਂ ਸਿੱਖ ਕੇ ਪੰਜਾਬ ਵਿੱਚ ਕੰਮ ਕਰਨ ਵਾਲੇ ਝੋਨਾ ਵਿਗਿਆਨੀਆਂ ਦਾ ਵੀ ਜ਼ਿਕਰ ਕੀਤਾ। ਮੌਜੂਦਾ ਸਮੇਂ ਵਿਚ ਪੀ ਆਰ 126 ਪੈਦਾ ਕਰਨ ਉੱਪਰ ਡਾ ਖੁਸ਼ ਨੇ ਪ੍ਰਸੰਨਤਾ ਪ੍ਰਗਟਾਈ । ਨਾਲ ਹੀ ਉਨ੍ਹਾਂ ਨੇ ਘੱਟ ਪਾਣੀ ਤੇ ਘੱਟ ਪਰਾਲੀ ਵਾਲੀਆਂ ਕਿਸਮਾਂ ਬੀਜਣ ਲਈ ਕਿਸਾਨਾਂ ਨੂੰ ਕਿਹਾ ਤਾਂ ਜੋ ਵਾਤਾਵਰਨ ਦੀ ਸੰਭਾਲ ਹੋ ਸਕੇ। ਡਾ ਖੁਸ਼ ਨੇ ਨਾਲ ਹੀ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਨਾਲ ਜੁੜਨ ਤੇ ਖੇਤ ਵਿਚ ਹੀ ਪਰਾਲੀ ਦੀ ਸੰਭਾਲ ਨੂੰ ਸਾੜਨ ਤੋਂ ਮੁਕਤ ਕਰਨ ਲਈ ਕਿਹਾ। ਇਸ ਪ੍ਰਸੰਗ ਵਿਚ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਪਣਾਉਣ ਬਾਰੇ ਉਨ੍ਹਾਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਤਾਂ ਕਿ ਮਿੱਟੀ ਦੇ ਸੂਖਮ ਜੀਵਾਂ ਦੀ ਸੁਰੱਖਿਆ ਕੀਤੀ ਜਾ ਸਕੇ।
ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਹਾੜ੍ਹੀ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੇ ਖੇਤੀ ਖੋਜ ਉਪਰਾਲੇ ਸਾਂਝੇ ਕੀਤੇ । ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤਕ ਵੱਖ ਵੱਖ ਫ਼ਸਲਾਂ ਦੀਆਂ 940 ਕਿਸਮਾਂ ਦੀ ਸਿਫਾਰਿਸ਼ ਕੀਤੀ ਹੈ। ਇਸ ਲਿਹਾਜ਼ ਨਾਲ ਯੂਨੀਵਰਸਿਟੀ ਪੂਰੇ ਦੇਸ਼ ਦੇ ਕਿਸਾਨਾਂ ਦੀ ਸੇਵਾ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਪੀ ਏ ਯੂ ਝਾੜ ਦੇ ਨਾਲ ਪੌਸ਼ਟਿਕਤਾ ਵੱਲ ਵੀ ਧਿਆਨ ਦੇ ਰਹੀ ਹੈ। ਇਸ ਦਿਸ਼ਾ ਵਿਚ ਉਨ੍ਹਾਂ ਪੀ ਏ ਯੂ ਦੀ ਕਿਸਮ ਪੀ ਬੀ ਡਬਲਿਊ 826 ਦੀ ਕਾਮਯਾਬੀ ਲਈ ਕਿਸਾਨਾਂ ਦੀ ਮਿਹਨਤ ਨੂੰ ਜ਼ਿੰਮੇਵਾਰ ਕਿਹਾ। ਉਨ੍ਹਾਂ ਦੱਸਿਆ ਕਿ ਨਵੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਵਿੱਚ ਸ਼ੂਗਰ ਦੇ ਮਰੀਜ਼ਾਂ ਲਈ ਢੁਕਵੀਂ ਕਣਕ ਦੀ ਕਿਸਮ ਪੀ ਬੀ ਡਬਲਿਊ ਆਰ ਐੱਸ 1 ਵਿਸ਼ੇਸ਼ ਖੋਜ ਪ੍ਰਾਪਤੀ ਹੈ। ਨਾਲ ਹੀ ਉਨ੍ਹਾਂ ਪੀ ਬੀ ਡਬਲਯੂ ਜ਼ਿੰਕ-2 ਦਾ ਜ਼ਿਕਰ ਕੀਤਾ ਜੋ ਜ਼ਿੰਕ ਦੇ ਭਰਪੂਰ ਤੱਤਾਂ ਵਾਲੀ ਹੈ। ਛੋਲਿਆਂ ਦੀ ਕਿਸਮ ਪੀ ਬੀ ਜੀ-10 ਅਤੇ ਪਕਾਵੇਂ ਮਟਰਾਂ ਦੀ ਕਿਸਮ ਆਈ ਪੀ ਐੱਫ ਡੀ-12 ਤੋਂ ਇਲਾਵਾ ਮੱਕੀ ਦੀ ਕਿਸਮ ਜੇ-1008 ਅਤੇ ਗੋਭੀ ਸਰੋਂ ਕੋਨੋਲਾ ਦੀ ਕਿਸਮ ਜੀ ਐੱਸ ਸੀ 7 ਬਾਰੇ ਜਾਣਕਾਰੀ ਦਿੱਤੀ। ਨਾਲ ਹੀ ਉਨ੍ਹਾਂ ਅੰਤਰ ਫ਼ਸਲਾਂ ਵਿੱਚ ਛੋਲਿਆਂ ਨਾਲ ਅਲਸੀ ਦੀ ਬਿਜਾਈ ਦੇ ਲਾਭ ਗਿਣਾਏ । ਉਤਪਾਦਨ ਤਕਨੀਕਾਂ ਵਿੱਚ ਸਰਫੇਸ ਸੀਡਿੰਗ ਲਈ ਕੰਬਾਇਨ ਨਾਲ ਵਾਢੀ ਤੋਂ ਬਾਅਦ ਕਣਕ ਦੇ ਬੀਜ ਅਤੇ ਖਾਦ ਦਾ ਛੱਟਾ ਦੇ ਕੇ ਕਟਰ-ਕਮ-ਸਪਰੈਡਰ ਚਲਾ ਕੇ ਪਾਣੀ ਲਾਉਣ ਦੀ ਤਕਨੀਕ ਸਾਂਝੀ ਕੀਤੀ। ਉਨ੍ਹਾਂ ਇਸ ਤਕਨੀਕ ਨਾਲ ਮਿਹਨਤ ਅਤੇ ਸਮੇਂ ਦੀ ਬੱਚਤ ਤੋਂ ਜਾਣੂੰ ਕਰਵਾਇਆ । ਉਨ੍ਹਾਂ ਪਰਾਲੀ ਦੀ ਸੰਭਾਲ ਨਾਲ ਜੈਵਿਕ ਮਾਦੇ ਵਿਚ ਵਾਧੇ ਬਾਰੇ ਪੀ ਏ ਯੂ ਦੇ ਖੋਜ ਨਤੀਜੇ ਸਾਂਝੇ ਕੀਤੇ। ਡਾ ਢੱਟ ਨੇ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਅੱਗ ਨਾ ਲਾ ਕੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨਾਲ ਜੁੜਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾਲਾਂ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਨੂੰ ਅਜੋਕੇ ਸਮੇਂ ਦੀ ਲੋੜ ਆਖਿਆ।
ਸਭ ਦਾ ਸਵਾਗਤ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕੀਤਾ। ਉਨ੍ਹਾਂ ਨੇ ਖਜ਼ਾਨਾ ਮੰਤਰੀ ਵਲੋਂ ਯੂਨੀਵਰਸਿਟੀ ਲਈ ਦਿੱਤੀ ਇਮਦਾਦ ਦਾ ਜ਼ਿਕਰ ਕਰਨ ਦੇ ਨਾਲ ਹੀ ਡਾ ਗੁਰਦੇਵ ਸਿੰਘ ਖੁਸ਼ ਦੀਆਂ ਪ੍ਰਾਪਤੀ ਤੋਂ ਕਿਸਾਨਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਨੇ ਭਾਰਤ ਦੀਆਂ 63 ਯੂਨੀਵਰਸਿਟੀਆਂ ਵਿੱਚੋਂ ਪੀ ਏ ਯੂ ਨੂੰ ਮਿਲੀ ਸਿਖਰਲੀ ਰੈਂਕਿੰਗ ਦਾ ਸਿਹਰਾ ਵੀ ਕਿਸਾਨਾਂ ਤੇ ਮਾਹਿਰਾਂ ਦੀ ਸਾਂਝ ਸਿਰ ਬੰਨ੍ਹਿਆ। ਡਾ ਬੁੱਟਰ ਨੇ ਮੇਲੇ ਵਿਚ ਕਿਸਾਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਬੀਜ, ਫਲਦਾਰ ਬੂਟੇ, ਸਬਜ਼ੀਆਂ ਦੀ ਕਿੱਟ ਤੇ ਖੇਤੀ ਸਾਹਿਤ ਦੀ ਖਰੀਦ ਕਰਨ ਲਈ ਪ੍ਰੇਰਿਤ ਕੀਤਾ। ਨਾਲ ਹੀ ਡਾ ਬੁੱਟਰ ਨੇ ਕਣਕ ਦੀਆਂ ਪੀ ਏ ਯੂ ਵਲੋਂ ਸਿਫਾਰਿਸ਼ ਕਿਸਮਾਂ ਦੀ ਹੀ ਬਿਜਾਈ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ।
ਨਾਲ ਹੀ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫਾਰਿਸ਼ਾਂ ਦੀ ਕਿਤਾਬ ਪ੍ਰਧਾਨਗੀ ਮੰਡਲ ਨੇ ਆਪਣੇ ਕਰ ਕਮਲਾਂ ਨਾਲ ਲੋਕ ਅਰਪਿਤ ਕੀਤੀ। ਪਟਿਆਲਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਤਿਆਰ ਫੁਲਕਾਰੀ ਦੇ ਨਮੂਨੇ ਵੀ ਜਾਰੀ ਕੀਤੇ ਗਏ। ਸਬਜ਼ੀ ਉਤਪਾਦਕ ਕੁਲਦੀਪ ਸਿੰਘ ਬਿਰੜਵਾਲ, ਬੀਬੀ ਭੁਪਿੰਦਰ ਕੌਰ ਚਾਹਲ, ਪਰਮਿੰਦਰ ਸਿੰਘ ਕੱਲੇਮਾਜਰਾ, ਬੀਬੀ ਗੁਰਪ੍ਰੀਤ ਕੌਰ ਪਿੰਡ ਕਲਿਆਣ, ਸ ਇਕਬਾਲ ਸਿੰਘ ਪਿੰਡ ਜਲਾਲਾਬਾਦ ਨੂੰ ਸਨਮਾਨਿਤ ਕੀਤਾ ਗਿਆ ।
ਯੂਨੀਵਰਸਿਟੀ ਵਲੋਂ ਡਾ ਗੁਰਦੇਵ ਸਿੰਘ ਖੁਸ਼ ਅਤੇ ਸ਼੍ਰੀਮਤੀ ਰਜਵੰਤ ਕੌਰ ਖੁਸ਼ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ ਕੁਲਦੀਪ ਸਿੰਘ ਨੇ ਕੀਤਾ।ਅੰਤ ਵਿੱਚ ਧੰਨਵਾਦ ਦੇ ਸ਼ਬਦ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਪਟਿਆਲਾ ਦੇ ਇੰਚਾਰਜ ਡਾ ਗੁਰਉਪਦੇਸ਼ ਕੌਰ ਨੇ ਕਹੇ। ਪੀ ਏ ਯੂ ਦੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਹਿਰਾਂ ਨੇ ਕਿਸਾਨਾਂ ਨਾਲ ਸਵਾਲ ਜਵਾਬ ਸੈਸ਼ਨ ਦੌਰਾਨ ਉਨ੍ਹਾਂ ਦੇ ਸਵਾਲ ਸੁਣੇ ਤੇ ਢੁਕਵੇਂ ਜਵਾਬ ਵੀ ਦਿੱਤੇ।ਇਸ ਮੇਲੇ ਦੌਰਾਨ ਪੀ ਏ ਯੂ ਦੇ ਵਿਭਾਗਾਂ, ਨਿੱਜੀ ਮਸ਼ੀਨਰੀ ਨਿਰਮਾਤਾਵਾਂ ਅਤੇ ਖੇਤੀਬਾੜੀ ਵਿਭਾਗ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ। ਕਿਸਾਨਾਂ ਨੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ।