Breaking News ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ.ਸੁਪਰੀਮ ਕੋਰਟ ਨੇ ਲਗਾਈ ਰਾਹੁਲ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ `ਤੇ ਰੋਕਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ : ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ 2 ਕਰੋੜ ਤੋਂ ਵਧੇਰੇ ਦੀਆਂ ਗ੍ਰਾਂਟਾਂ

ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਨਾਬ ਜਾਵੇਦ ਅਖਤਰ ਦਾ ਵਿਸ਼ੇਸ਼ ਭਾਸ਼ਣ ਕਰਵਾਇਆ

ਦੁਆਰਾ: Punjab Bani ਪ੍ਰਕਾਸ਼ਿਤ :Wednesday, 20 September, 2023, 07:58 PM

ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਨਾਬ ਜਾਵੇਦ ਅਖਤਰ ਦਾ ਵਿਸ਼ੇਸ਼ ਭਾਸ਼ਣ ਕਰਵਾਇਆ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬੀ ਵਿਭਾਗ ਅਤੇ ਈ.ਐੱਮ.ਆਰ.ਸੀ ਦੇ ਸਹਿਯੋਗ ਨਾਲ ‘ਸਮਕਾਲ ਵਿੱਚ ਸਿਰਜਣਾਤਮਕ ਲੇਖਣ: ਚੁਣੌਤੀਆਂ ਅਤੇ ਸੰਭਾਵਨਾਵਾਂ’ ਵਿਸ਼ੇ ਉੱਤੇ ਪਹਿਲਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਦੇਣ ਲਈ ਪ੍ਰਸਿੱਧ ਉਰਦੂ ਸ਼ਾਇਰ/ਗੀਤਕਾਰ ਅਤੇ ਉੱਘੇ ਫ਼ਿਲਮਸਾਜ਼ ਜਾਵੇਦ ਅਖ਼ਤਰ ਵਿਸ਼ੇਸ਼ ਤੌਰ ਉੱਤੇ ਪਹੁੰਚੇ।
ਜਾਵੇਦ ਅਖ਼ਤਰ ਨੇ ਆਪਣੇ ਭਾਸ਼ਣ ਦੌਰਾਨ ਸਿਰਜਣਾਤਮਕ ਲੇਖਣ ਦੀ ਪ੍ਰਸੰਗਿਕਤਾ ਸੰਬੰਧੀ ਸੰਵਾਦ ਰਚਾਉਂਦਿਆਂ ਕਿਹਾ ਕਿ ਜ਼ਿਆਦਾਤਰ ਸਾਹਿਤ ਸਿਰਜਣ ਲਿਖਤਾਂ ਦੀ ਪੁਨਰ-ਲਿਖਤ ਨਾਲ ਹੀ ਵਾਬਸਤਾ ਮਿਲਦਾ ਹੈ। ਸਿਰਜਣਾਤਮਕ ਲੇਖਣ ਮੂਲ ਰੂਪ ਵਿੱਚ ਸਿਰਜਣਾਤਮਕ ਹੋਵੇ ਤਾਂ ਹੀ ਮੌਲਿਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਇਨਸਾਨ ਦੀ ਜ਼ਿੰਦਗੀ ਦਾ ਇਤਿਹਾਸ ਕੇਵਲ ਸਾਹਿਤ ਹੁੰਦਾ ਹੈ। ਵੰਨ-ਸੁਵੰਨੇ ਭਾਸ਼ਾਈ ਅਤੇ ਸਾਹਿਤਕ ਲੇਖਣ ਵਿੱਚੋਂ ਸਾਨੂੰ ਦੁਨੀਆਂ ਵਿੱਚ ਕਿਹੋ ਜਿਹੀਆਂ ਵੰਨ-ਸੁਵੰਨਤਾਵਾਂ ਵਾਲੇ ਮਨੁੱਖ ਹਨ, ਇਹ ਤਸਵੀਰ ਮਿਲਦੀ ਹੈ। ਜੋ ਇਨਸਾਨ ਸਾਡੇ ਤੋਂ ਅਲੱਗ ਭਾਸ਼ਾ, ਸਭਿਆਚਾਰ ਜਾਂ ਸਥਾਨ ਦੇ ਨਹੀਂ ਵੀ ਹਨ, ਸਾਹਿਤ ਸਾਨੂੰ ਉਹਨਾਂ ਨਾਲ ਮੁਹੱਬਤੀ ਰਿਸ਼ਤੇ ਲਈ ਪ੍ਰੇਰਦਾ ਹੈ। ਉਨ੍ਹਾਂ ਕਵਿਤਾ ਦੇ ਸੰਬੰਧ ਵਿੱਚ ਵਿਸ਼ੇਸ਼ ਤੌਰ ਉੱਤੇ ਕਿਹਾ ਕਿ ਨਿਰੋਲ ਤੁਕ-ਤੁਕਾਂਤ ਜਾਂ ਮਸਨੂਈ ਬੰਧਨਾਂ ਵਿੱਚ ਬੱਝੀ ਸ਼ਾਇਰੀ ਕਦੇ ਵੀ ਅਸਲ ਮੁੱਦੇ ਤੀਕਰ ਨਹੀਂ ਪਹੁੰਚਦੀ ਅਤੇ ਲੋਕਾਂ ਦੀ ਸ਼ਾਇਰੀ ਨਹੀਂ ਬਣ ਪਾਉਂਦੀ। ਉਨ੍ਹਾਂ ਕਿਹਾ ਕਿ ਮਨੁੱਖੀ ਮਨ ਦੇ ਚੇਤਨ ਅਤੇ ਅਚੇਤਨ ਦੇ ਦਰਮਿਆਨ ਨੋ ਮੈਨ’ਜ਼ ਲੈਂਡ ਦੇ ਕੋਨੇ ਉੱਪਰ ਸ਼ਾਇਰੀ ਹੁੰਦੀ ਹੈ। ਸ਼ਿਲਪ ਅਤੇ ਕਲਪਨਾ ਮਿਲ ਕੇ ਸ਼ਾਇਰੀ ਨੂੰ ਘੜਦੇ ਹਨ। ਕਵਿਤਾ ਵਿੱਚ ਪ੍ਰਗਟਾਵੇ ਦੀ ਅਜ਼ਾਦੀ ਵਧੇਰੇ ਹੈ। ਸਾਹਿਤ ਦੋ ਲੋਕਾਂ ਨਾਲ ਵਾਬਸਤਾ ਹੈ ਇੱਕ ਲਿਖਣ ਵਾਲੇ ਨਾਲ ਅਤੇ ਦੂਸਰਾ ਪੜ੍ਹਨ ਵਾਲੇ ਨਾਲ। ਉਨ੍ਹਾਂ ਕਿਹਾ ਕਿ ਹਰ ਦੌਰ ਤੁਹਾਨੂੰ ਇੱਕ ਪੈਕੇਜ ਆਫਰ ਕਰਦਾ ਹੈ। ਤੁਸੀਂ ਕੀ ਚੁਣਦੇ ਹੋ, ਤੁਹਾਡੀਆਂ ਤਰਜੀਹਾਂ ਕੀ ਹਨ, ਇਹ ਤੁਹਾਡੇ ਉੱਪਰ ਨਿਰਭਰ ਕਰਦਾ ਹੈ। ਤਕਨਾਲੋਜੀ ਨੇ ਸਿਰਜਣਾ ਅਤੇ ਸਾਡੇ ਮਹਿਸੂਸ ਕਰਨ ਦੇ ਦਰਜੇ ਨੂੰ ਬਿਨਾਂ ਸ਼ੱਕ ਪ੍ਰਭਾਵਿਤ ਕੀਤਾ ਹੈ। ਅੰਤਰਝਾਤ ਕਰਨ ਦੀ ਵਿਹਲ ਨਹੀਂ ਹੈ ਅੱਜ ਦੇ ਯੁੱਗ ਦੇ ਬੰਦੇ ਕੋਲ। ਹੁਣ ਦੀ ਪੀੜ੍ਹੀ ਕੋਲ ਠਹਿਰਾਅ ਦਾ ਘੱਟ ਹੋਣਾ ਅਤੇ ਜਮੀਨੀ ਹਕੀਕਤਾਂ ਨਾਲ ਲਗਾ ਘੱਟ ਹੋਣਾ ਵੀ ਸਾਡੀ ਸਿਰਜਨਾਤਮਕਤਾ ਨੂੰ ਖੋਰਾ ਲਾਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮਸ਼ੀਨ ਯੁੱਗ ਦੇ ਬਾਸ਼ਿੰਦੇ ਹਾਂ ਅਤੇ ਮਸ਼ੀਨਾਂ ਦੀ ਜੜ ਨਹੀਂ ਹੁੰਦੀ ਜੜ ਕੇਵਲ ਅਹਿਸਾਸਾਂ ਵਾਲਿਆਂ ਦੀ ਜਿਊਂਦੇ-ਥੀਂਦੇ ਖਿਆਲਾਂ ਵਾਲਿਆਂ ਦੀ ਹੁੰਦੀ ਹੈ। ਅਸੀਂ ਆਪਣੇ ਕਾਵਿ, ਸਾਹਿਤ ਅਤੇ ਕਲਾਤਮਕ ਲੇਖਣ ਨਾਲ ਵਾਬਸਤਾ ਅਸਲ ਮਨੋਰਥਾਂ ਤੋਂ ਦੂਰ ਜਾ ਰਹੇ ਹਾਂ। ਅੱਜ ਦੇ ਬੰਦਿਆਂ ਦਾ ‘ਅਸੀਂ’ ਸ਼ਬਦ ਕਮਜੋਰ ਹੋਇਆ ਹੈ ਅਤੇ ‘ਮੈਂ’ ਸ਼ਬਦ ਤਾਕਤਵਰ ਹੋਇਆ ਹੈ। ਸਾਡੇ ਗੁਣਾਤਮਕ ਢਾਂਚੇ ਵਿੱਚ ਗੜਬੜ ਹੋਣ ਕਾਰਣ ਅਸੀਂ ਇਸ ਨਿਘਾਰ ਦਾ ਸਾਹਮਣਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਬੱਚਾ ਉਹ ਨਹੀਂ ਕਰਦਾ ਜੋ ਅਸੀਂ ਕਹਿੰਦੇ ਹਾਂ ਬੱਚਾ ਉਹ ਕਰਦਾ ਹੈ ਜੋ ਅਸੀਂ ਕਰਦੇ ਹਾਂ। ਸਾਡੇ ਘਰਾਂ ਵਿੱਚ ਪਈਆਂ ਸਾਹਿਤਕ ਅਤੇ ਗਿਆਨ ਨਾਲ ਸੰਬੰਧਿਤ ਕਿਤਾਬਾਂ ਸਿਰਫ਼ ਤੇ ਸਿਰਫ਼ ਨੁਮਾਇਸ਼ੀ ਵਸਤਾਂ ਬਣ ਕੇ ਰਹਿ ਗਈਆਂ ਹਨ। ਸਾਹਿਤ ਜਾਂ ਕਵਿਤਾ ਕਿਸੇ ਸਮਾਜ ਦੀ ਬੁਲੰਦ ਆਵਾਜ਼ ਹੁੰਦੀ ਹੈ।
‘ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ’ ਦੇ ਕੋਆਰਡੀਨੇਟਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਗੁਰਮੁਖ ਸਿੰਘ ਨੇ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਜਿੱਥੇ ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ ਦੇ ਕੰਮਾਂ ਅਤੇ ਪ੍ਰੋਫ਼ੈਸਰ ਗੁਰਦਿਆਲ ਸਿੰਘ ਦੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ ਉੱਥੇ ਉਨ੍ਹਾਂ ਨੇ ਜਾਵੇਦ ਅਖ਼ਤਰ ਸਾਹਿਬ ਦੀ ਸਿਰਜਣਾਤਮਕ ਪ੍ਰਤਿਭਾ ਅਤੇ ਸਿਰਜਣਾਤਮਕ ਲੇਖਨ ਬਾਰੇ ਦੱਸਦਿਆਂ ਉਨ੍ਹਾਂ ਦੀ ਬਹੁ-ਗੁਣੀ ਸ਼ਖ਼ਸੀਅਤ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਨਾਬ ਜਾਵੇਦ ਅਖ਼ਤਰ ਇੱਕ ਭਾਰਤੀ ਕਵੀ,ਹਿੰਦੀ/ਉਰਦੂ ਫਿਲਮਾਂ ਦੇ ਦਿੱਗਜ ਗੀਤਕਾਰ ਅਤੇ ਪਟਕਥਾ ਲੇਖਕ ਵਜੋਂ ਆਪਣੀ ਨਿਵੇਕਲੀ ਪਛਾਣ ਰੱਖਦੇ ਹਨ। ਇਸ ਸਭ ਦੇ ਨਾਲ-ਨਾਲ ਉਹ ਇੱਕ ਸਮਾਜਕ ਕਾਰਕੁਨ ਵਜੋਂ ਵੀ ਵੱਖਰੀ ਪਛਾਣ ਰੱਖਦੇ ਹਨ।
ਉੱਘੇ ਉਰਦੂ ਸ਼ਾਇਰ ਪ੍ਰੋਫ਼ੈਸਰ ਨਾਸ਼ਿਰ ਨਕਵੀ ਨੇ ਜਾਵੇਦ ਅਖਤਰ ਸਾਹਿਬ ਦੇ ਅਦਬ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਸਾਹਿਤ ਦਾ ਵੱਡਾ ਹਾਸਲ ਦੱਸਿਆ। ਪ੍ਰਗਤੀਵਾਦੀ ਸਾਹਿਤ ਲਹਿਰ ਵਿੱਚ ਜਾਵੇਦ ਸਾਹਿਬ ਦੇ ਪਰਿਵਾਰਕ ਯੋਗਦਾਨ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜਾਵੇਦ ਅਖ਼ਤਰ ਨੇ ਪਰਿਵਾਰ ਵਿੱਚੋਂ ਮਿਲੇ ਕਲਾ ਦੇ ਗੁਣ ਨੂੰ ਅੱਗੋਂ ਹੋਰ ਖ਼ੂਬਸੂਰਤ ਰੰਗ ਦਿੱਤੇ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪ੍ਰਸਿੱਧ ਪੰਜਾਬੀ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਨੇ ਕਿਹਾ ਕਿ ਜਾਵੇਦ ਸਾਹਿਬ ਨੂੰ ਸੁਣਨਾ ਬਹੁਤ ਖੁਸ਼ਗਵਾਰ ਹੈ। ਮੈਂ ਇਹਨਾਂ ਦੇ ਲੇਖਣ ਤੋਂ ਇਹਨਾਂ ਦੀ ਕਲਾਕਾਰੀ ਤੋਂ ਬਹੁਤ ਮੁਤਾਸਰ ਹਾਂ। ਉਨ੍ਹਾਂ ਕਿਹਾ ਕਿ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹਾਂ ਅਤੇ ਹੁਣ ਤੀਕਰ ਮੈਂ ਯੂਨੀਵਰਸਿਟੀ ਦੀ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨਾਲ ਜੁੜਿਆ ਹੋਇਆ ਹਾਂ। ਉਨ੍ਹਾਂ ਕਿਹਾ ਕਿ ਸਾਹਿਤਕਾਰ/ਸ਼ਾਇਰ ਸਾਡੀਆਂ ਖਾਮੋਸ਼ੀਆਂ ਨੂੰ ਪਕੜਦੇ ਅਤੇ ਚਿਤਰਦੇ ਹਨ ਉਹਨਾਂ ਇਸ ਮੌਕੇ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਲੇਖਣ ਬਾਰੇ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੇ ਆਪਣੇ ਵਿੱਚ ਹੋਰ ਭਾਸ਼ਾਵਾਂ ਨੂੰ ਸਮੋਇਆ ਹੈ। ਪੰਜਾਬੀ ਜ਼ੁਬਾਨ ਨੇ ਰੀਤ ਨਾਲੋਂ ਪ੍ਰੀਤ ਨੂੰ ਵਧੇਰੇ ਤਰਜੀਹ ਦਿੱਤੀ/ਮਾਣ ਦਿੱਤਾ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਨੇ ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਸਮਾਜ ਦੀ ਆਵਾਜ਼ ਲੱਗਣਾ ਅਤੇ ਅਤੇ ਸਮਾਜ ਦੀ ਆਵਾਜ਼ ਬਣਨਾ ਵੱਖੋ-ਵੱਖਰੇ ਕੰਮ ਹਨ। ਸਾਹਿਤਕ ਲੇਖਣ ਦਾ ਕੰਮ ਬਹੁਤ ਗੰਭੀਰ ਅਤੇ ਕਠਿਨ ਹੈ। ਇਹ ਜ਼ਿੰਮੇਵਾਰੀ ਵਾਲਾ ਕੰਮ ਹੈ ਅਤੇ ਸਾਡੇ ਸਾਹਿਤਕਾਰਾਂ ਨੂੰ ਹਰ ਹੀਲੇ ਇਸ ਨੂੰ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਵੇਦ ਸਾਹਿਬ ਦੀ ਆਮਦ ਸਾਡੇ ਲਈ ਬਹੁਤ ਖੁਸ਼ਗਵਾਰ ਹੈ। ਇਨ੍ਹਾਂ ਦੇ ਆਉਣ ਨਾਲ ਯੂਨੀਵਰਸਿਟੀ ਵਿੱਚ ਬੜਾ ਸਿਰਜਣਾਤਮਕ ਮਾਹੌਲ ਬਣਿਆ ਹੈ ਅਤੇ ਪ੍ਰੋਫੈਸਰ ਗੁਰਦਿਆਲ ਸਿੰਘ ਚੇਅਰ ਦਾ ਪਹਿਲਾ ਲੈਕਚਰ ਅੱਗੋਂ ਲਈ ਉਦਾਹਰਣ ਸਾਬਤ ਹੋਵੇਗਾ।
ਪੰਜਾਬੀ ਯੂਨੀਵਰਸਿਟੀ ਦੇ ਡੀਨ ਭਾਸ਼ਾਵਾਂ, ਪ੍ਰੋਫ਼ੈਸਰ ਰਾਜਿੰਦਰਪਾਲ ਸਿੰਘ ਬਰਾੜ ਨੇ ਆਏ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਾਵੇਦ ਸਾਹਿਬ ਨੇ ਸਾਡੀਆਂ ਦੋ-ਪੀੜੀਆਂ ਦੇ ਅਹਿਸਾਸਾਂ ਨੂੰ ਜੁਬਾਨ ਦਿੱਤੀ। ਉਨ੍ਹਾਂ ਨੇ ਪੰਜਾਬ ਸਰਕਾਰ ਦਾ ਚੇਅਰ ਦੀ ਸਥਾਪਨਾ ਲਈ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ।



Scroll to Top