ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ 2
ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ 2
ਪਟਿਆਲਾ ਜ਼ਿਲ੍ਹੇ ‘ਚ 26 ਸਤੰਬਰ ਤੋ ਸ਼ੁਰੂ ਹੋਣਗੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ
ਪਟਿਆਲਾ, 20 ਸਤੰਬਰ:
ਖੇਡ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਦੇ ਬਲਾਕ ਪੱਧਰੀ ਮੁਕਾਬਲਿਆਂ ਤੋ ਬਾਅਦ ਹੁਣ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ 26 ਸਤੰਬਰ ਤੋਂ 05 ਅਕਤੂਬਰ ਤੱਕ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿੱਚ 24 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਹੋਣ ਵਾਲੇ ਮੁਕਾਬਲਿਆਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋਹ-ਖੋਹ ਦੇ ਮੁਕਾਬਲੇ ਪੋਲੋ ਗਰਾਊਂਡ ਵਿਖੇ ਕਰਵਾਏ ਜਾਣਗੇ। ਕਬੱਡੀ ਸਰਕਲ ਤੇ ਕਬੱਡੀ ਨੈਸ਼ਨਲ ਦੇ ਮੁਕਾਬਲੇ ਫਿਜ਼ੀਕਲ ਕਾਲਜ ਪਟਿਆਲਾ ਵਿਖੇ ਹੋਣਗੇ। ਜਦਕਿ ਐਥਲੈਟਿਕਸ ਦੇ ਮੁਕਾਬਲੇ ਪੋਲੋ ਗਰਾਊਂਡ ਤੇ ਫੁੱਟਬਾਲ ਦੇ ਲੜਕਿਆਂ ਦੇ ਮੁਕਾਬਲੇ ਪੀ.ਐਸ.ਪੀ.ਸੀ.ਐਲ. ਗਰਾਊਂਡ ਵਿਖੇ ਅਤੇ ਲੜਕੀਆਂ ਦੇ ਮੁਕਾਬਲੇ ਪੋਲੋ ਗਰਾਊਂਡ ਵਿਖੇ ਕਰਵਾਏ ਜਾਣਗੇ। ਵਾਲੀਬਾਲ ਸਮੈਸਿੰਗ ਤੇ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਪੋਲੋ ਗਰਾਊਂਡ ‘ਚ ਹੀ ਹੋਣਗੇ।
ਉਨ੍ਹਾਂ ਦੱਸਿਆ ਕਿ ਤੈਰਾਕੀ ਦੇ ਮੁਕਾਬਲੇ ਸਰਕਾਰੀ ਤੈਰਾਕੀ ਪੂਲ ਪਟਿਆਲਾ ਵਿਖੇ, ਕਿੱਕ ਬਾਕਸਿੰਗ ਦੇ ਸਰਕਾਰੀ ਮਲਟੀਪਰਪਜ਼ ਸਕੂਲ, ਪਾਵਰ ਲਿਫ਼ਟਿੰਗ ਤੇ ਬਾਕਸਿੰਗ ਦੇ ਮੁਕਾਬਲੇ ਪੋਲੋ ਗਰਾਊਂਡ ਵਿਖੇ ਕਰਵਾਏ ਜਾਣਗੇ। ਕੁਸ਼ਤੀ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਰੁਸਤਮ-ਏ-ਹਿੰਦ ਕੇਸਰ ਅਖਾੜਾ ਵਿਖੇ ਹੋਣਗੇ। ਹੈਂਡਬਾਲ, ਬਾਸਕਟਬਾਲ, ਲਾਅਨ ਟੈਨਿਸ, ਚੈੱਸ, ਵੇਟ ਲਿਫ਼ਟਿੰਗ, ਹਾਕੀ, ਜੂਡੋ, ਗੱਤਕਾ, ਟੇਬਲ ਟੈਨਿਸ ਤੇ ਬੈਡਮਿੰਟਨ ਖੇਡਾਂ ਦੇ ਮੁਕਾਬਲੇ ਪੋਲੋ ਗਰਾਊਂਡ ਵਿਖੇ ਜਦਕਿ ਸਾਫਟਬਾਲ ਦੇ ਸਰਕਾਰੀ ਮਲਟੀਪਰਪਜ਼ ਸਕੂਲ ਤੇ ਨੈੱਟਬਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਵਿਖੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ 26 ਸਤੰਬਰ ਤੋ 5 ਅਕਤੂਬਰ ਤੱਕ ਕਰਵਾਏ ਜਾਣਗੇ।