ਪੰਜਾਬੀ ਯੂਨੀਵਰਸਿਟੀ ਪਹੁੰਚ ਰਹੇ ਹਨ ਜਾਵੇਦ ਅਖ਼ਤਰ

ਦੁਆਰਾ: Punjab Bani ਪ੍ਰਕਾਸ਼ਿਤ :Tuesday, 19 September, 2023, 07:05 PM

ਪੰਜਾਬੀ ਯੂਨੀਵਰਸਿਟੀ ਪਹੁੰਚ ਰਹੇ ਹਨ ਜਾਵੇਦ ਅਖ਼ਤਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਤ ਪ੍ਰੋ. ਗੁਰਦਿਆਲ ਸਿੰਘ ਚੇਅਰ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਪ੍ਰਸਿੱਧ ਫ਼ਿਲਮਕਾਰ, ਚਿੰਤਕ ਅਤੇ ਉੱਘੀ ਸ਼ਖ਼ਸੀਅਤ ਜਾਵੇਦ ਅਖ਼ਤਰ ਕੱਲ੍ਹ ਯੂਨੀਵਰਸਿਟੀ ਕੈਂਪਸ ਵਿਖੇ ਪਹੁੰਚ ਰਹੇ ਹਨ। ਉਹ ਦੋ ਦਿਨ ਯੂਨੀਵਰਸਟੀ ਵਿਖੇ ਸਰਗਰਮ ਰਹਿਣਗੇ ਅਤੇ ਤਿੰਨ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਗੇ। 20 ਸਤੰਬਰ ਨੂੰ ਉਲੀਕੇ ਗਏ ਪਹਿਲੇ ਪ੍ਰੋਗਰਾਮ ਅਨੁਸਾਰ ਉਹ ਸੈਨੇਟ ਹਾਲ ਵਿਖੇ ਸਵੇਰੇ 11 ਵਜੇ ‘ਪ੍ਰੋ. ਗੁਰਦਿਆਲ ਸਿੰਘ ਯਾਦਗਾਰੀ ਭਾਸ਼ਣ’ ਦੇਣਗੇ। ਜ਼ਿਕਰਯੋਗ ਹੈ ਕਿ ਇਸ ਪਹਿਲੇ ਪ੍ਰੋਗਰਾਮ ਵਿੱਚ ਵਿਸ਼ੇਸ਼ ਸੱਦੇ ਉੱਤੇ ਬੁਲਾਏ ਚੁਣਿੰਦਾ ਸਰੋਤੇ ਹੀ ਸ਼ਿਰਕਤ ਕਰ ਸਕਣਗੇ। ਇਸ ਉਪਰੰਤ ਇਸੇ ਦਿਨ ਬਾਅਦ ਦੁਪਹਿਰ ਸਾਢੇ ਚਾਰ ਵਜੇ ਗੁਰੂ ਤੇਗ ਬਹਾਦੁਰ ਹਾਲ ਵਿੱਚ ਰੂਬਰੂ ਪ੍ਰੋਗਰਾਮ ਹੋਵੇਗਾ। ਉਹ ਸਾਰੇ ਲੋਕ ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਵੱਖ-ਵੱਖ ਸੋਸ਼ਲ ਮੀਡੀਆ ਦੇ ਮਾਧਿਅਮਾਂ ਰਾਹੀਂ ਪਹਿਲਾਂ ਜਾਰੀ ਕਿਊ. ਆਰ. ਕੋਡ ਜ਼ਰੀਏ ਰਜਿਸਟ੍ਰੇਸ਼ਨ ਕਰਵਾਈ ਹੋਵੇ, ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕਣ ਦੇ ਯੋਗ ਹੋਣਗੇ।
ਇਸ ਉਪਰੰਤ ਅਗਲੇ ਦਿਨ 21 ਸਤੰਬਰ ਨੂੰ ਐਜੂਕੇਸ਼ਨ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ.ਸੀ.) ਵਿਖੇ ਉਹਨਾਂ ਦਾ ਇੱਕ ਇੰਟਰਵਿਊ ਰਿਕਾਰਡ ਕੀਤਾ ਜਾਣਾ ਹੈ।