ਉਸਾਰੀ ਕਾਮਿਆਂ ਨੂੰ 5 ਕਰੋੜ 43 ਲੱਖ ਤੋਂ ਵੱਧ ਦੀ ਦਿੱਤੀ ਜਾਵੇਗੀ ਰਾਸ਼ੀ
ਉਸਾਰੀ ਕਾਮਿਆਂ ਨੂੰ 5 ਕਰੋੜ 43 ਲੱਖ ਤੋਂ ਵੱਧ ਦੀ ਦਿੱਤੀ ਜਾਵੇਗੀ ਰਾਸ਼ੀ
-ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਹਰ ਯੋਗ ਵਿਅਕਤੀ ਨੂੰ ਮਿਲੇਗਾ ਲਾਭ : ਡਿਪਟੀ ਕਮਿਸ਼ਨਰ
ਪਟਿਆਲਾ, 14 ਸਤੰਬਰ:
ਉਸਾਰੀ ਕਿਰਤੀਆਂ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਅਧੀਨ ਪਟਿਆਲਾ ਅਤੇ ਨਾਭਾ ਸਬ ਡਿਵੀਜ਼ਨ ਦੇ ਉਸਾਰੀ ਕਾਮਿਆਂ ਲਈ 5 ਕਰੋੜ 42 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਇਹ ਰਾਸ਼ੀ 2331 ਅਰਜ਼ੀ ਧਾਰਕਾਂ ਦੇ ਬੈਂਕ ਖਾਤਿਆਂ ‘ਚ ਸਿੱਧੇ ਤੌਰ ‘ਤੇ ਟਰਾਂਸਫ਼ਰ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੇ ਰਜਿਸਟਰਡ ਲਾਭਪਾਤਰੀਆਂ ਨੂੰ ਬੋਰਡ ਦੀਆਂ ਵੱਖ ਵੱਖ ਭਲਾਈ ਸਕੀਮਾਂ ਅਧੀਨ ਲਾਭ ਦੇਣ ਹਿਤ 5,43,63,000/ ਰੁ: ਦੀ ਰਕਮ ਸਕੱਤਰ ਬੋਰਡ ਪਾਸੋਂ ਮੰਗ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹਨਾ ਸਕੀਮਾਂ ਦਾ ਹਰ ਯੋਗ ਵਿਅਕਤੀ ਨੂੰ ਲਾਭ ਦਿੱਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਐਸ.ਡੀ.ਐਮ. ਪਟਿਆਲਾ ਅਤੇ ਨਾਭਾ ਦੀ ਪ੍ਰਧਾਨਗੀ ਹੇਠ ਸਬ ਡਿਵੀਜ਼ਨ ਪੱਧਰ ‘ਤੇ ਬਣਾਈਆਂ ਗਈਆਂ ਕਮੇਟੀਆਂ ਵੱਲੋਂ ਬੋਰਡ ਦੇ ਰਜਿਸਟਰਡ ਲਾਭਪਾਤਰੀਆਂ ਨੂੰ ਬੋਰਡ ਦੀਆਂ ਵੱਖ ਵੱਖ ਸਕੀਮਾਂ ਅਧੀਨ ਲਾਭ ਦੇਣ ਲਈ ਤਜਵੀਜ਼ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਲੇਬਰ ਇੰਸਪੈਕਟਰਾਂ ਵੱਲੋਂ ਵੱਖ ਵੱਖ ਸਕੀਮਾਂ ਅਧੀਨ ਪ੍ਰਾਪਤ ਆਨ ਲਾਈਨ ਪ੍ਰਤੀਬੇਨਤੀਆਂ ਕਮੇਟੀ ਮੈਂਬਰਾਂ ਅੱਗੇ ਪੇਸ਼ ਕੀਤੀਆਂ ਗਈਆਂ ਅਤੇ ਕਮੇਟੀ ਵੱਲੋਂ ਇਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਵਜ਼ੀਫ਼ਾ ਸਕੀਮ ਅਧੀਨ, ਐਲ.ਟੀ.ਸੀ., ਸ਼ਗਨ ਸਕੀਮ, ਐਕਸ ਗ੍ਰੇਸ਼ੀਆ ਸਕੀਮ, ਦਾਹ ਸੰਸਕਾਰ ਸਕੀਮ, ਪ੍ਰਸੂਤਾ ਲਾਭ ਸਕੀਮ, ਮਾਨਸਿਕ ਰੋਗ ਸਕੀਮ ਅਤੇ ਬਾਲੜੀ ਸਕੀਮ ਅਧੀਨ ਪ੍ਰਾਪਤ ਅਰਜ਼ੀਆਂ ਨੂੰ ਕਮੇਟੀ ਵੱਲੋਂ ਪਾਸ ਕੀਤਾ ਗਿਆ। ਲਾਭਪਾਤਰੀਆਂ ਨੂੰ ਇਹ ਰਕਮ ਬੋਰਡ ਵੱਲੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਸਿੱਧੇ ਤੌਰ ‘ਤੇ ਟਰਾਂਸਫ਼ਰ ਕੀਤੀ ਜਾਵੇਗੀ। ਉਨ੍ਹਾਂ ਕਿਰਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਯੋਗ ਲਾਭਪਾਤਰੀ ਸਹੂਲਤਾਂ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਜਸਬੀਰ ਸਿੰਘ ਖਰੌੜ ਨੇ ਦੱਸਿਆ ਕਿ ਪਟਿਆਲਾ ਅਤੇ ਨਾਭਾ ਵਿਖੇ ਵਜ਼ੀਫ਼ਾ ਸਕੀਮ ਤਹਿਤ 2025 ਅਰਜ਼ੀਆਂ ਪ੍ਰਾਪਤ ਹੋਈਆਂ ਜਿਨ੍ਹਾਂ ‘ਤੇ ਕਾਰਵਾਈ ਕਰਦਿਆਂ 2,59,06,000 ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਇਸੇ ਤਰਾਂ ਐਕਸ ਗ੍ਰੇਸ਼ੀਆ ਸਕੀਮ ਤਹਿਤ 106 ਅਰਜ਼ੀਆਂ ਪ੍ਰਾਪਤ ਹੋਈ ਜਿਨ੍ਹਾਂ ਨੂੰ 2,37,40,000 ਰੁਪਏ ਦਿੱਤੇ ਜਾਣਗੇ, ਦਾਹ ਸੰਸਕਾਰ ਸਕੀਮ ‘ਚ 67 ਅਰਜ਼ੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਨੂੰ 13,40,000 ਰੁਪਏ, ਸ਼ਗਨ ਸਕੀਮ ਦੇ 61 ਲਾਭਪਾਤਰੀਆਂ ਨੂੰ 28,31,000 ਰੁਪਏ ਦਾ ਲਾਭ ਦਿੱਤਾ ਜਾ ਰਿਹਾ ਹੈ। ਐਲ.ਟੀ.ਸੀ. ਸਕੀਮ ਤਹਿਤ 36 ਲਾਭਪਾਤਰੀਆਂ ਨੂੰ 3,52,000 ਰੁਪਏ, ਪ੍ਰਸੂਤਾ ਲਾਭ ਸਕੀਮ ਦੀਆਂ10 ਅਰਜ਼ੀਆਂ ‘ਤੇ 98,000 ਰੁਪਏ ਅਤੇ ਮਾਨਸਿਕ ਰੋਗ ਸਕੀਮ ਦੇ 4 ਆਰਜ਼ੀਧਾਰਕਾਂ ਨੂੰ 96,000 ਰੁਪਏ ਅਤੇ ਬਾਲੜੀ ਸਕੀਮ ਦੇ 22 ਲਾਭਪਾਤਰੀਆਂ ਨੂੰ ਬੋਰਡ ਵੱਲੋਂ ਸੋਧੀ ਰਕਮ ਅਨੁਸਾਰ ਐਫ.ਡੀ.ਆਰ. ਜਾਰੀ ਕੀਤੀ ਜਾ ਰਹੀ ਹੈ।