ਹਜਾਰਾਂ ਵਿਦਿਆਰਥੀਆਂ ਨੇ ਕੀਤਾ ਰੋਸ਼ ਮਾਰਚ : ਤੰਗ ਕਰਨ ਵਾਲੇ ਪ੍ਰੋਫੈਸਰ ਦੀ ਜ਼ੋਰਦਾਰ ਕੁੱਟਮਾਰ
ਹਜਾਰਾਂ ਵਿਦਿਆਰਥੀਆਂ ਨੇ ਕੀਤਾ ਰੋਸ਼ ਮਾਰਚ : ਤੰਗ ਕਰਨ ਵਾਲੇ ਪ੍ਰੋਫੈਸਰ ਦੀ ਜ਼ੋਰਦਾਰ ਕੁੱਟਮਾਰ
– ਵਿਦਿਆਰਥੀਆਂ ਦਾ ਦੋਸ਼ ਪ੍ਰੋਫੈਸਰ ਵਿਦਿਆਰਥਣ ਨੂੰ ਕਰਦਾ ਰਿਹਾ ਟਾਰਚਰ
– ਪ੍ਰੋਫੈਸਰ ਨੇ ਬਾਰ ਬਾਰ ਬੇਨਤੀਆਂ ਕਰਨ ਤੋਂ ਬਾਅਦ ਵੀ ਛੁੱਟੀ ਨਹੀਂ ਦਿੱਤੀ, ਜਿਸ ਕਾਰਨ ਵਿਦਿਆਰਥਣ ਦੀ ਸਿਹਤ ਵਿਗੜੀ
ਪਟਿਆਲਾ, 14 ਸਤੰਬਰ : ਪੀਯੂ ਵਿਖੇ ਪੰਜ ਸਾਲਾ ਇੰਟਰੀਗ੍ਰੇਟਿਡ ਕੋਰਸ ਫਸਟਈਅਰ ਦੀ ਵਿਦਿਆਰਥਣ ਜਸ਼ਨਦੀਪ ਦੀ ਭੇਦਭਰੇ ਹਾਲਾਤਾਂ ਵਿੱਚ ਹੋਈ ਮੌਤ ਤੋਂ ਬਾਅਦ ਯੂਨੀਵਰਸਿਟੀ ਵਿਖੇ ਵੱਡਾ ਬਵਾਲ ਹੋ ਗਿਆ। ਹਜ਼ਾਰਾਂ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਰੋਸ ਮਾਰਚ ਕੀਤਾ ਅਤੇ ਉਪਕੁਲਪਤੀ ਦਫਤਰ ਅੱਗੇ ਧਰਨਾ ਦੇ ਰਹੇ ਵਿਦਿਆਰਥੀਆਂ ਦੀ ਭੀੜ ਵਿਚੋਂ ਕੁਝ ਨੇ ਆ ਕੇ ਪ੍ਰੋਫੈਸਰ ਸੁਰਜੀਤ ਦੀ ਕੁੱਟਮਾਰ ਕਰ ਦਿੱਤੀ। ਇਸ ਪ੍ਰੋਫੈਸਰ ‘ਤੇ ਦਰਜ਼ਨਾਂ ਵਿਦਿਆਰਥੀਆਂ ਨੇ ਦੋਸ਼ ਲਗਾਏ ਕਿ ਇਹ ਵਿਦਿਆਰਥਣ ਜਸ਼ਨਪ੍ਰੀਤ ਨੂੰ ਟਾਰਚਰ ਕਰਦਾ ਰਿਹਾ ਹੈ ਤੇ ਉਸਦੀ ਮੌਤ ਦਾ ਇਹ ਜਿੰਮੇਵਾਰ ਹੈ।
ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ਨਪ੍ਰੀਤ ਲੰਘੇ ਕੱਲ ਹੀ ਯੂਨੀਵਰਸਿਟੀ ਤੋਂ ਆਪਣੇ ਘਰ ਗਈ ਸੀ। ਮੌਤ ਤੋਂ ਬਾਅਦ ਅੱਜ ਇਥੇ ਪੰਜਾਬੀ ਯੁਨੀਵਰਸਿਟੀ ਕੈਂਪਸ ਵਿਖੇ ਵਿਦਿਆਰਥੀਆਂ ਵਲੋਂ ਇਕ ਪ੍ਰੋਫੈਸਰ ‘ਤੇ ਸਿੱਧੇ ਤੌਰ ‘ਤੇ ਤੰਗ ਪ੍ਰੇਸ਼ਾਨ ਦਾ ਦੋਸ਼ ਲਗਾਉਂਦਿਆਂ ਧਰਨਾ ਦਿੱਤਾ ਜਾ ਰਿਹਾ ਸੀ। ਦੁਪਹਿਰ ਸਮੇਂ ਪ੍ਰੋਫੈਸਰ ਸੁਰਜੀਤ ਵਿਦਿਆਰਥੀਆਂ ਵਿਚਕਾਰ ਪੁੱਜੇ ਤਾਂ ਮਾਹੌਲ ਅਚਾਨਕ ਗਰਮ ਹੋ ਗਿਆ ਤੇ ਭੀੜ ਵਿਚੋਂ ਕਿਸੇ ਨੇ ਆ ਕੇ ਪ੍ਰੋਫੈਸਰ ਦੀ ਕੁੱਟਮਾਰ ਕਰ ਦਿੱਤੀ ਗਈ। ਮੌਕੇ ‘ਤੇ ਮੋਜੂਦ ਯੂਨੀਵਰਸਿਟੀ ਸੁਰੱਖਿਆ ਮੁਲਾਜਮਾਂ ਵਲੋਂ ਪ੍ਰੋਫੈਸਰ ਨੂੰ ਚੁੱਕ ਕੇ ਇਕੱਠ ਵਿਚੋਂ ਬਾਹਰ ਲਿਆਂਦਾ ਗਿਆ। ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੇ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ‘ਚ ਪੜਦੀ ਵਿਦਿਆਰਥਣ ਦੀ ਘਰ ਵਿਚ ਹੋਈ ਮੌਤ ਤੋਂ ਬਾਅਦ ਧਰਨੇ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਵੱਡੀ ਗਿਣਤੀ ਵਿਦਿਆਰਥੀਆਂ ਨੇ ਕਈ ਅਜਿਹੇ ਖੁਲਾਸੇ ਕੀਤੇ ਜੋ ਲਿਖਣ ਤੇ ਸੁਣਨ ਯੋਗ ਨਹੀ ਹਨ। ਇਨਾ ਵਿਦਿਆਰਥੀਆ ਨੇ ਕਿਹਾ ਕੇ ਪ੍ਰ੍ਰੋਫੈਸਰ ਵੱਲੋਂ ਦਿੱਤੇ ਮਾਨਸਿਕ ਤਸੱਦਦ ਕਾਰਨ ਹੀ ਅੱਜ ਜਸਨਦੀਪ ਦੁਨੀਆ ਵਿਚ ਨਹੀਂ ਹੈ। ਉਨਾ ਕਿਹਾ ਕੇ ਜੇਕਰ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਹੋਵੇ ਤਾਂ ਕਈ ਹੋਰ ਮਾਮਲੇ ਉਜਾਗਰ ਹੋ ਸਕਦੇ ਹਨ, ਜਿਨਾ ਕਾਰਨ ਕਈ ਮਾਪੇ ਆਪਣੀਆ ਲੜਕੀਆ ਨੂੰ ਯੂਨੀਵਰਸਿਟੀ ਵੱਲ ਮੂੰਹ ਨਹੀਂ ਕਰਨ ਦਿੰਦੇ। ਕੁਝ ਵਿਦਿਆਰਥੀਆਂ ਨੇ ਇਸ ਦੋਰਾਨ ਲੜਕੀ ਦੇ ਘਰ ਜਾਣ ਤੋਂ ਇਕ ਦਿਨ ਪਹਿਲਾਂ ਦਾ ਖੁਲਾਸਾ ਵੀ ਕੀਤਾ ਕਿ ਕਿਵੇਂ ਉਸ ਨੂੰ ਘਰ ਜਾਣ ਲਈ ਮਜਬੂਰ ਕੀਤਾ ਗਿਆ। ਖਬਰ ਲਿਖੇ ਜਾਣ ਤੱਕ ਯੂਨੀਵਰਸਿਟੀ ਅੰਦਰ ਬਵਾਲ ਜਾਰੀ ਸੀ ਪਰ ਹਾਲਾਤ ਕਾਬੂ ਹੇਠ ਸਨ।
ਉਧਰ ਲੋਕ ਸੰਪਰਕ ਡਾਇਰੈਕਟਰ ਨੇ ਦੱਸਿਆ ਕਿ ਪੰਜ ਸਾਲਾ ਇੰਟੇਗ੍ਰੇਟਡ ਕੋਰਸ ਦੇ ਪਹਿਲੇ ਸਾਲ ਦੀ ਵਿਦਿਆਰਥਣ ਜਸ਼ਨਦੀਪ ਪਹਿਲਾਂ ਤੋਂ ਬਿਮਾਰ ਚੱਲ ਰਹੀ ਸੀ, ਜਿਸ ਦੀ ਬੀਤੇ ਦਿਨ ਤਬੀਅਤ ਖਰਾਬ ਹੋਈ ਸੀ। ਇਸ ਬਾਰੇ ਉਸ ਦੇ ਪਰਿਵਾਰ ਨੂੰ ਵੀ ਜਾਣਕਾਰੀ ਮਿਲ ਗਈ ਸੀ ਤੇ ਵਿਦਿਆਰਥਣ ਨੂੰ ਕੈਂਪਸ ਦੇ ਸਿਹਤ ਕੇਂਦਰ ਵਿਚ ਮੁਢਲਾ ਇਲਾਜ ਦੇਣ ਤੋਂ ਬਾਅਦ ਪਰਿਾਵਰ ਆਪਣੇ ਨਾਲ ਘਰ ਲੈ ਗਿਆ ਸੀ। ਘਰ ਜਾ ਕੇ ਵਿਦਿਆਰਥਣ ਦੀ ਮੌਤ ਹੋ ਗਈ ਸੀ। ਇਸ ਦੁਖਦਾਈ ਘਟਨਾ ਵਿਚ ਪੂਰੀ ਯੂਨੀਵਰਸਿਟੀ ਸੋਗਮਈ ਹੈ। ਦਲਜੀਤ ਅਮੀ ਨੇ ਕਿਹਾ ਕਿ ਅੱਜ ਧਰਨੇ ਦੌਰਾਨ ਪ੍ਰੋਫੈਸਰ ਸੁਰਜੀਤ ਸਿੰਘ ‘ਤੇ ਕੀਤਾ ਗਿਆ ਹਮਲਾ, ਹੁੱਲੜਬਾਜੀ ਹੈ। ਜਿਸ ਨੂੰ ਬਰਾਦਸ਼ਤ ਨਹੀਂ ਕੀਤਾ ਜਾਵੇਗਾ। ਹਮਲਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਪ੍ਰੋਫੈਸਰ ‘ਤੇ ਵਿਦਿਆਰਥਣ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਲੱਗੇ ਦੋਸ਼ਾਂ ਨੂੰ ਦਲਜੀਤ ਅਮੀ ਨੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਅਜਿਹੀ ਸ਼ਿਕਾਇਤ ਨਾ ਪਹਿਲਾਂ ਕਦੇ ਮਿਲੀ ਸੀ ਤੇ ਨਾ ਹੁਣ ਕੋਈ ਸਬੂਤ ਪੇਸ਼ ਕੀਤਾ ਗਿਆ ਹੈ। ਇਸ ਲਈ ਦੋਸ਼ ਝੂਠੇ ਹਨ।