ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨੀ ਧਰਨਿਆਂ ਦੀ ਸ਼ੁਰੂਆਤ

ਦੁਆਰਾ: Punjab Bani ਪ੍ਰਕਾਸ਼ਿਤ :Monday, 11 September, 2023, 08:05 PM

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨੀ ਧਰਨਿਆਂ ਦੀ ਸ਼ੁਰੂਆਤ
– 13 ਸਤੰਬਰ ਤੱਕ ਚੱਲਣਗੇ ਧਰਨੇ
ਪਟਿਆਲਾ, 11 ਸਤੰਬਰ ( ) –
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਕੈਬਨਿਟ ਮੰਤਰੀਆ ਤੇ ਭਾਜਪਾ ਸਾਂਸਦ ਮੈਬਰ ਦੇ ਘਰਾਂ ਸਾਹਮਣੇ ਤਿੰਨ ਦਿਨਾਂ ਪੱਕਾ ਧਰਨਾ ਲਗਾਇਆ ਗਿਆ। ਇਸ ਧਰਨੇ ਦੀ ਮੁੱਖ ਮੰਗ ਹੜ੍ਹ ਪੀੜਿਤ ਕਿਸਾਨਾਂ ਨੂੰ ਦਿੱਤੀ ਜਾ ਰਹੀ 6800 ਰੁਪਏ ਮੁਆਵਜਾ ਰਾਸ਼ੀ ਨੂੰ ਵਧਾ ਕੇ 50 ਹਜਾਰ ਕਰਨ ਦੀ ਮੁੱਖ ਮੰਗ ਸਮੇਤ ਹੋਰ ਕਿਸਾਨੀ ਮੰਗਾਂ ਸ਼ਾਮਲ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਧਰਨੇ 13 ਸਤੰਬਰ ਤੱਕ ਲਗਾਤਾਰ ਚੱਲਣਗੇ। ਸ਼ਹਿਰ ’ਚ ਇੱਕ ਧਰਨਾ ਪਟਿਆਲਾ ਤੋਂ ਮੈਂਬਰ ਲੋਕ ਸਭਾ ਪਰਨੀਤ ਕੌਰ ਦੇ ਮੋਤੀ ਮਹਿਲ ਦੇ ਕੋਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤੇ ਹੋਰਨਾਂ ਜਥੇਬੰਦੀਆਂ ਦੀ ਅਗਵਾਈ ਹੇਠ ਲਗਾਇਆ ਗਿਆ ਜਦੋਂ ਕਿ ਦੂਜਾ ਧਰਨਾ ਭਾਕਿਯੂ ਏਕਤਾ ਡਕੋਂਦਾ ਯੂਨੀਅਨ ਦੀ ਅਗਵਾਈ ਹੇਠ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ ਦੇ ਸਾਹਮਣੇ ਪਾਸ਼ੀ ਰੋ਼ਡ ’ਤੇ ਦਿੱਤਾ ਗਿਆ । ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲਗਾਏ ਦੋਨੋਂ ਧਰਨਿਆਂ ’ਚ ਕਿਸਾਨਾਂ ਨੇ ਮੰਗ ਕੀਤੀ ਗਈ ਕਿ ਸੂਬੇ ਅੰਦਰ ਆਏ ਹੜ੍ਹਾਂ ਨਾਲ ਕਿਸਾਨਾਂ ਦੀਆਂ ਮਰੀਆਂ ਫ਼ਸਲਾਂ ਦਾ ਸਰਕਾਰ ਵੱਲੋਂ ਦਿੱਤਾ ਜਾ ਰਿਹੇ ਮੁਆਵਜੇ ਨੂੰ ਵਧਾ ਕੇ 6800 ਤੋਂ 50 ਹਜਾਰ ਕੀਤਾ ਜਾਵੇ।
ਪ੍ਰਨੀਤ ਕੌਰ ਦੀ ਰਿਹਾਇਸ ਨੇੜੇ ਲੱਗੇ ਧਰਨੇ ਨੂੰ ਸਬੋਧਨ ਕਰਦਿਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਮੀਤ ਸਿੰਘ ਦਿੱਤੂਪੁਰ ਅਤੇ ਸੁਖਵਿੰਦਰ ਸਿੰਘ ਤੁੱਲੇਵਾਲ ਨੇ ਆਖਿਆ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਕਿਸਾਨੀਂ ਨੂੰ ਅੱਖੋਂ ਪਰੋਖੇ ਕਰਕੇ ਕਿਸਾਨਾਂ ਨਾਲ ਦਿੱਲੀ ਧਰਨੇ ਦਾ ਵੈਰ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਉਨ੍ਹਾਂ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਹੈ ਕਿ ਇਸ ਮੁਆਵਜੇ ਦੀ ਰਾਸ਼ੀ ਨੂੰ ਵਧਾ ਕੇ 50 ਹਜਾਰ ਪ੍ਰਤੀ ਏਕੜ ਕੀਤਾ ਜਾਵੇ । ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆ ਡਕੋਂਦਾ ਯੂਨੀਅਨ ਦੇ ਆਗੂ ਰਾਮ ਸਿੰਘ ਮਟੋਰੜਾ ਨੇ ਕਿਹਾ ਕਿ ਕਿਸਾਨਾਂ ਦਾ ਝੋਨਾ ਲਗਾਉਣ ’ਤੇ ਵੱਡਾ ਖਰਚ ਹੋ ਚੁੱਕਾ ਸੀ ਪ੍ਰੰਤੂ ਆਪ ਸਰਕਾਰ ਵੱਲੋਂ ਕਿਸਾਨਾਂ ਨੂੰ ਸਿਰਫ਼ 6800 ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾ ਰਿਹਾ ਹੈ ਜੋ ਕਿ ਬਹੁਤ ਘੱਟ ਹੈ ਜਦੋਂ ਕਿ ਮੁੱਖ ਮੰੱਤਰੀ ਨੇ ਸਾਰੀ ਫਸਲ ਦਾ ਤੇ ਪਸੂ ਮਾਲ ਡੱਗਰ ਦਾ ਮੁਆਵਜਾ ਦੇਣ ਦਾ ਵਾਅਦਾ ਵੀ ਕੀਤਾ ਸੀ ਪਰ ਹੁਣ ਸਿਰਫ਼ ਪੰਜ ਏਕੜ ਤੱਕ ਦੇ ਹੀ ਪੈਸੇ ਦੇਣ ਦੀ ਗੱਲ ਸਾਹਮਣਏ ਆਈ ਹੈ।
ਇਸ ਮੌਕੇ ਗੁਰਮੇਲ ਸਿੰਘ ਢੱਕਡੱਬਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੋਂਦਾ, ਜਗਮੇਲ ਸਿੰਘ ਸੁੱਧੇਵਾਲ, ਗੁਰਚਰਨ ਸਿੰਘ, ਮੁਖਤਿਆਰ ਸਿੰਘ ਕੱਕੇਪੁਰ, ਬਲਜੀਤ ਪੰਜੌਲਾ, ਟਹਿਲ ਸਿੰਘ ਕੱਕੇਪੁਰ, ਮਹਿੰਦਰ ਸਿੰਘ, ਨਿਰਮਲ ਸਿੰਘ, ਸੁਰਜੀਤ ਲਚਕਾਣੀ, ਰਣਜੀਤ ਸਿੰਘ ਆਕੜ, ਗੁਰਮੇਲ ਸਿੰਘ ਬੋਸਰ, ਮੁਖਤਿਆਰ ਸਿੰਘ ਤੋ ਹੋਰਨਾਂ ਕਿਸਾਨਾਂ ਨੇ ਵੀ ਸੰਬੋਧਨ ਕੀਤਾ।