ਹਿੰਦੀ ਵਿਭਾਗ ਵੱਲੋਂ ਮਨਾਏ ਜਾ ਰਹੇ 'ਹਿੰਦੀ ਹਫ਼ਤੇ' ਦੀ ਸ਼ੁਰੂਆਤ

ਦੁਆਰਾ: Punjab Bani ਪ੍ਰਕਾਸ਼ਿਤ :Tuesday, 12 September, 2023, 06:57 PM

ਹਿੰਦੀ ਵਿਭਾਗ ਵੱਲੋਂ ਮਨਾਏ ਜਾ ਰਹੇ ‘ਹਿੰਦੀ ਹਫ਼ਤੇ’ ਦੀ ਸ਼ੁਰੂਆਤ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਹਿੰਦੀ ਦਿਵਸ ਦੇ ਸੰਬੰਧ ਵਿੱਚ ‘ਹਿੰਦੀ ਸਪਤਾਹ’ ਮਨਾਇਆ ਜਾ ਰਿਹਾ ਹੈ। ਪ੍ਰੋਗਰਾਮਾਂ ਦੀ ਇਸ ਲੜੀ ਦੀ ਸ਼ੁਰੂਆਤ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਰਿਟਾਇਰਡ ਪ੍ਰੋਫੈਸਰ ਡਾ. ਲਾਲ ਚੰਦ ਗੁਪਤ ਮੰਗਲ ਦੇ ਭਾਸ਼ਣ ਨਾਲ਼ ਹੋਈ।
ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਹੋਏ ਇਸ ਪ੍ਰੋਗਰਾਮ ਵਿੱਚ ਬੋਲਦਿਆਂ ਡਾ. ਲਾਲਚੰਦ ਗੁਪਤਾ ‘ਮੰਗਲ’ ਨੇ ਵਿਸ਼ਵ ਪੱਧਰ ਉੱਤੇ ਹਿੰਦੀ ਭਾਸ਼ਾ ਦੀ ਸਥਿਤੀ ਬਾਰੇ ਵੱਖ-ਵੱਖ ਪੱਖਾਂ ਉੱਤੇ ਚਾਨਣਾ ਪਾਇਆ। ਉਨ੍ਹਾਂ ਹਿੰਦੀ ਭਾਸ਼ਾ ਦੇ ਪਸਾਰ ਲਈ ਸਹੀ ਨੀਅਤ ਅਤੇ ਨੀਤੀ ਨੂੰ ਅਪਣਾਏ ਜਾਣ ਉੱਤੇ ਜ਼ੋਰ ਦਿੱਤਾ ਅਤੇ ਦੁਨੀਆ ਦੇ ਕਈ ਦੇਸ਼ਾਂ ਦੀਆਂ ਉਦਾਹਰਣਾਂ ਪੇਸ਼ ਕੀਤੀਆਂ ਜਿੱਥੇ ਭਾਸ਼ਾਵਾਂ ਦੇ ਪਸਾਰ ਸੰਬੰਧੀ ਸਹੀ ਨੀਤੀ ਅਪਣਾਈ ਗਈ।
ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਮੌਕੇ ਦਿੱਤੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਤਿੰਨ ਨੁਕਤਿਆਂ ਉੱਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਹਿੰਦੀ ਭਾਸ਼ਾ ਦਾ ਸਰਲੀਕਰਨ, ਹਿੰਦੀ ਨੂੰ ਗਿਆਨ ਅਤੇ ਵਿਗਿਆਨ ਨਾਲ ਜੋੜਨ ਅਤੇ ਹਿੰਦੀ ਦਾ ਹੋਰ ਭਾਸ਼ਾਵਾਂ ਨਾਲ ਤਾਲਮੇਲ ਸਥਾਪਤ ਕਰਨ ਬਾਰੇ ਗੱਲ ਕੀਤੀ।
ਹਿੰਦੀ ਵਿਭਾਗ ਦੀ ਮੁਖੀ ਡਾ. ਨੀਤੂ ਕੌਸ਼ਲ ਵੱਲੋਂ ਇਸ ਮੌਕੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਵਿਭਾਗ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਬਾਰੇ ਦੱਸਿਆ ਅਤੇ ਹਿੰਦੀ ਭਾਸ਼ਾ ਦੀ ਅਹਿਮੀਅਤ ਬਾਰੇ ਵੀ ਗੱਲ ਕੀਤੀ।
ਯੂਨੀਵਰਸਿਟੀ ਦੀ ਭਾਸ਼ਾਵਾਂ ਨਾਲ਼ ਸੰਬੰਧਤ ਫ਼ੈਕਲਟੀ ਦੇ ਡੀਨ, ਡਾ. ਰਜਿੰਦਰਪਾਲ ਸਿੰਘ ਬਰਾੜ ਨੇ ਮੀਟਿੰਗ ਵਿੱਚ ਹਾਜ਼ਰ ਸਾਰੇ ਵਿਦਵਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਵਿਭਾਗਾਂ ਦੇ ਅਧਿਆਪਕ ਵੀ ਹਾਜ਼ਰ ਸਨ।