ਵਿਜੀਲੈਂਸ ਬਿਊਰੋ ਨੇ ਸੀ.ਡੀ.ਪੀ.ਓ. ਦਫ਼ਤਰ ਵਿਖੇ ਤਾਇਨਾਤ ਸੁਪਰਵਾਈਜ਼ਰ ਨੂੰ 18,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਵਿਜੀਲੈਂਸ ਬਿਊਰੋ ਨੇ ਸੀ.ਡੀ.ਪੀ.ਓ. ਦਫ਼ਤਰ ਵਿਖੇ ਤਾਇਨਾਤ ਸੁਪਰਵਾਈਜ਼ਰ ਨੂੰ 18,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਚੰਡੀਗੜ੍ਹ, 12 ਸਤੰਬਰ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਅਪਣਾਈ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਬਾਲ ਵਿਕਾਸ ਪ੍ਰਾਜੈਕਟ ਦਫ਼ਤਰ (ਸੀ.ਡੀ.ਪੀ.ਓ.), ਤਲਵੰਡੀ ਸਾਬੋ, ਬਠਿੰਡਾ ਵਿਖੇ ਤਾਇਨਾਤ ਸੁਪਰਵਾਈਜ਼ਰ ਹਰਮੇਲ ਕੌਰ ਨੂੰ 18,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਰੇਸ਼ਮਾ ਵਾਸੀ ਪਿੰਡ ਭਾਗੀਵਾਂਦਰ, ਤਹਿਸੀਲ ਤਲਵੰਡੀ ਸਾਬੋ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਸ ਦੀ ਭਤੀਜ ਨੂੰਹ ਨੂੰ ਆਂਗਣਵਾੜੀ ਵਰਕਰ ਵਜੋਂ ਭਰਤੀ ਕਰਵਾਉਣ ਬਦਲੇ ਉਕਤ ਮੁਲਜ਼ਮ ਸੁਪਰਵਾਈਜ਼ਰ ਹਰਮੇਲ ਕੌਰ ਨੇ ਉਸ ਕੋਲੋਂ 80,000 ਰੁਪਏ ਮੰਗੇ ਪਰ ਸੌਦਾ 60,000 ਰੁਪਏ ਵਿਚ ਤੈਅ ਹੋਇਆ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਸੁਪਰਵਾਈਜ਼ਰ ਪਹਿਲਾਂ ਹੀ ਉਸ ਕੋਲੋਂ 35,000 ਰੁਪਏ ਲੈ ਚੁੱਕੀ ਹੈ ਅਤੇ ਬਾਕੀ ਬਚੀ ਰਕਮ ਦੀ ਮੰਗ ਕਰ ਰਹੀ ਸੀ।
ਬੁਲਾਰੇ ਨੇ ਦੱਸਿਆ ਕਿ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਮੁਲਜ਼ਮ ਸੁਪਰਵਾਈਜ਼ਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 18,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ।
ਇਸ ਸਬੰਧੀ ਉਕਤ ਮੁਲਾਜ਼ਮ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ, ਬਠਿੰਡਾ ਵਿਖੇ ਰਿਸ਼ਵਤਖੋਰੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
