ਪਟਿਆਲਾ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਨੇ ਸਵੱਛਤਾ ਦਾ ਸੁਨੇਹਾ ਦਿੰਦੀਆਂ ਜਾਗਰੂਕਤਾ ਰੈਲੀਆਂ ਕੱਢੀਆਂ
ਪਟਿਆਲਾ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਨੇ ਸਵੱਛਤਾ ਦਾ ਸੁਨੇਹਾ ਦਿੰਦੀਆਂ ਜਾਗਰੂਕਤਾ ਰੈਲੀਆਂ ਕੱਢੀਆਂ
ਪਟਿਆਲਾ, 17 ਸਤੰਬਰ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੁਰਪ੍ਰੀਤ ਸਿੰਘ ਥਿੰਦ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਪਟਿਆਲਾ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਵਿੱਚ ਇੰਡੀਅਨ ਸਵੱਛਤਾ ਲੀਗ ਅਧੀਨ ਸਵੱਛਤਾ ਦਾ ਸੁਨੇਹਾ ਦਿੰਦੀਆਂ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ, ਜਿਸ ਵਿੱਚ ਵੱਡੀ ਗਿਣਤੀ ਸਕੂਲੀ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੱਜ ਨਗਰ ਕੌਂਸਲ ਸਮਾਣਾ ਦੇ ਬਾਜ਼ਾਰਾਂ ਵਿੱਚ ਸਕੂਲੀ ਵਿਦਿਆਰਥੀਆਂ ਨੇ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣਾ ਦਾ ਸੁਨੇਹਾ ਦਿੱਤਾ। ਜਦ ਕਿ ਨਗਰ ਕੌਂਸਲ ਸਨੌਰ ਵਿਖੇ ‘ਸਨੌਰ ਸਵੱਛਤਾ ਚੈਂਪੀਅਨਸ਼ਿਪ ਦੇ ਬੈਨਰ ਲੈ ਕੇ ਵਿਦਿਆਰਥੀਆਂ ਅਤੇ ਸਮਾਜ ਸੇਵੀਆਂ ਨੇ ਲੋਕਾਂ ਨੂੰ ਜਾਗਰੂਕ ਕੀਤਾ।
ਨਗਰ ਕੌਂਸਲ ਨਾਭਾ ਵਿਖੇ ਸਰਕਾਰੀ ਰਿਪੁਦਮਨ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਸ਼ਹਿਰ ਵਿਚ ਜਾਗਰੂਕਤਾ ਰੈਲੀ ਕੱਢੀ। ਨਗਰ ਕੌਂਸਲ ਪਾਤੜਾਂ ਨੇ ਜਿਥੇ ਜਾਗਰੂਕਤਾ ਰੈਲੀ ਕੱਢੀ ਉਥੇ ਹੀ ਸਵੱਛਤਾ ਜਾਗਰੂਕਤਾ ਕੈਂਪ ਲਗਾਕੇ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਰਾਜਪੁਰਾ ਵਿਖੇ ਨਗਰ ਕੌਂਸਲ ਦੇ ਦਫ਼ਤਰ ਤੋਂ ਸ਼ੁਰੂ ਹੋਈ ਜਾਗਰੂਕਤਾ ਰੈਲੀ ਨੇ ਬੱਸ ਸਟੈਂਡ, ਗਗਨ ਚੌਂਕ, ਆਰਿਆ ਸਮਾਜ ਭਵਨ ਅਤੇ ਝੰਡਾ ਗਰਾਊਂਡ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਸਿਹਤ ਵਿਭਾਗ ਤੇ ਐਨ.ਜੀ.ਓ. ਵੱਲੋਂ ਖੂਨ ਦਾਨ ਕੈਂਪ ਵੀ ਲਗਾਇਆ ਗਿਆ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਨੂੰ ਸਾਫ਼ ਸੁਥਰਾ ਬਣਾਉਣ ਲਈ ਹਰੇਕ ਨਾਗਰਿਕ ਦਾ ਯੋਗਦਾਨ ਜ਼ਰੂਰੀ ਹੈ ਇਸੇ ਲਈ ਸਵੱਛਤਾ ਮੁਹਿੰਮ ਨਾਲ ਸਭ ਨੂੰ ਜੋੜਨ ਲਈ ਜਾਗਰੂਕਤਾ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇੰਡੀਅਨ ਸਵੱਛਤਾ ਲੀਗ ਦਾ ਹਿੱਸਾ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਫੋਨ ਨੰਬਰ 82880-11145 ‘ਤੇ ਕਾਲ ਕਰਕੇ ਆਪਣੇ ਆਪ ਨੂੰ ਰਜਿਸਟਰ ਕੀਤਾ ਜਾ ਸਕਦਾ ਹੈ, ਜਿਸ ਨਾਲ ਵਟਸ ਐਪ ‘ਤੇ ਮੈਸਜ ਆਵੇਗਾ ਜਿਸ ਵਿੱਚ ਕੁਝ ਜਾਣਕਾਰੀ ਭਰਨ ਤੋਂ ਬਾਅਦ ਆਪਣੀ ਸੈਲਫੀ ਅਪਲੋਡ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਬਿਹਤਰ ਕੰਮ ਕਰਨ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ।