ਓਜ਼ੋਨ ਪਰਤ ਜੀਵਨ ਦਾ ਸੁਰੱਖਿਆ ਕਵਚ: ਡਾ. ਵਿਰਕ
ਓਜ਼ੋਨ ਪਰਤ ਜੀਵਨ ਦਾ ਸੁਰੱਖਿਆ ਕਵਚ: ਡਾ. ਵਿਰਕ
-ਵਣ ਰੇੰਜ (ਵਿਸਥਾਰ) ਨੇ ਮਨਾਇਆ ਵਿਸ਼ਵ ਓਜ਼ੋਨ ਦਿਵਸ
ਪਟਿਆਲਾ, 17 ਸਤੰਬਰ:
ਵਾਯੂਮੰਡਲ ‘ਚ ਮੌਜੂਦ ਓਜ਼ੋਨ ਪਰਤ ਧਰਤੀ ‘ਤੇ ਮੌਜੂਦ ਜੀਵਨ ਦਾ ਸੁਰੱਖਿਆ ਕਵਚ ਹੈ। ਇਸ ਕਵਚ ਦਾ ਵਜੂਦ ਬਣਾਈ ਰੱਖਣ ਵਿੱਚ ਯੋਗਦਾਨ ਦੇਣਾ ਹਰ ਮਨੁੱਖ ਦਾ ਫਰਜ਼ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਸੋਸ਼ਲ ਵਰਕ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਗੁਰਨਾਮ ਵਿਰਕ ਨੇ ਕੀਤਾ। ਉਹ ਸਰਕਾਰੀ ਹਾਈ ਸਮਾਰਟ ਸਕੂਲ ਖੇੜੀ ਗੰਢਿਆਂ ਵਿਖੇ ਵਿਸ਼ਵ ਓਜ਼ੋਨ ਦਿਵਸ ਨੂੰ ਸਮਰਪਿਤ ਸਮਾਗਮ ਮੌਕੇ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਇਹ ਸਮਾਗਮ ਵਣ ਰੇੰਜ (ਵਿਸਥਾਰ) ਪਟਿਆਲਾ ਨੇ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਵਿੱਦਿਆ ਸਾਗਰੀ ਆਰ.ਯੂ. ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਰੇੰਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ। ਮੁੱਖ ਅਧਿਆਪਕ ਨਾਇਬ ਸਿੰਘ ਰੰਧਾਵਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਡਾ. ਵਿਰਕ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਪੱਖੀ ਆਦਤਾਂ ਨੂੰ ਆਪਣੀ ਜੀਵਣ ਸ਼ੈਲੀ ਦਾ ਹਿੱਸਾ ਬਣਾਉਣ ਦਾ ਸੱਦਾ ਦਿੰਦਿਆਂ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਮੁੱਖ ਅਧਿਆਪਕ ਨਾਇਬ ਸਿੰਘ ਰੰਧਾਵਾ ਨੇ ਵਾਤਾਵਰਣ ਦੇ ਮੁੱਦਿਆਂ ਪ੍ਰਤੀ ਸੰਵਾਦ ਰਚਾਉਣ ਲਈ ਵਣ ਰੇੰਜ (ਵਿਸਥਾਰ) ਪਟਿਆਲਾ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਸਾਇੰਸ ਅਧਿਆਪਿਕਾ ਰਿਤੂ ਮਿੱਤਲ ਨੇ ਓਜ਼ੋਨ ਪਰਤ ਦੇ ਮਹੱਤਵ, ਇਸ ਨੂੰ ਨੁਕਸਾਨ ਪਹੁੰਚਾ ਰਹੇ ਕਾਰਕਾਂ ਅਤੇ ਇਸਦੀ ਰੱਖਿਆ ਸੰਬੰਧੀ ਵਿਦਿਆਰਥੀਆਂ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ। ਵਣ ਬੀਟ ਅਫ਼ਸਰ ਅਮਨ ਅਰੋੜਾ ਨੇ ਮਹਿਮਾਨਾਂ ਅਤੇ ਸਕੂਲ ਪ੍ਰਬੰਧਨ ਦਾ ਧੰਨਵਾਦ ਕੀਤਾ। ਆਰਟ ਅਧਿਆਪਿਕਾ ਹਰਪ੍ਰੀਤ ਕੌਰ ਨੇ ਮੰਚ ਸੰਚਾਲਨ ਕੀਤਾ। ਸਮਾਰੋਹ ਦੌਰਾਨ ਸਕੂਲੀ ਬੱਚਿਆਂ ਦੇ ਪੇਂਟਿੰਗ, ਭਾਸ਼ਣ ਅਤੇ ਨਿਬੰਧ ਲੇਖਣ ਮੁਕਾਬਲੇ ਕਰਵਾਏ ਗਏ। ਪੇਂਟਿੰਗ ਮੁਕਾਬਲੇ ਵਿੱਚ ਹਰਸ਼ਦੀਪ ਕੌਰ ਨੇ ਪਹਿਲਾ ਅਤੇ ਰਜਨੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿੱਚ ਰਮਨ ਕੌਰ ਅਵੱਲ ਰਹੀ। ਜੈਸਮੀਨ ਨੇ ਦੂਜਾ ਸਥਾਨ ਹਾਸਲ ਕੀਤਾ। ਨਿਬੰਧ ਲੇਖਣ ਵਿੱਚ ਸ਼ਾਹਿਦ ਪਹਿਲੇ ਅਤੇ ਰੁਖਸਾਨਾ ਦੂਜੇ ਸਥਾਨ ‘ਤੇ ਰਹੇ। ਫੋਟੋ ਕੈਪਸ਼ਨ-ਪਟਿਆਲਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਖੇੜੀ ਗੰਢਿਆਂ ਵਿਖੇ ਵਿਸ਼ਵ ਓਜ਼ੋਨ ਦਿਵਸ ਨੂੰ ਸਮਰਪਿਤ ਸਮਾਰੋਹ ਦੌਰਾਨ ਵਿੱਦਿਅਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨਾਲ ਮੁੱਖ ਮਹਿਮਾਨ ਡਾ. ਗੁਰਨਾਮ ਵਿਰਕ, ਮੁੱਖ ਅਧਿਆਪਕ ਨਾਇਬ ਸਿੰਘ ਰੰਧਾਵਾ, ਬੀਟ ਅਫ਼ਸਰ ਅਮਨ ਅਰੋੜਾ ਅਤੇ ਹੋਰ।