ਛੁੱਟੀ ਵਾਲੇ ਦਿਨ ਵੀ ਯੂਨੀਵਰਸਿਟੀ ਵਿੱਚ ਗੂੰਜਦੇ ਰਹੇ ਨਾਅਰੇ : ਧਰਨੇ ਵਿੱਚ ਪੁੱਜੇ ਸਿਮਰਨਜੀਤ ਮਾਨ

ਛੁੱਟੀ ਵਾਲੇ ਦਿਨ ਵੀ ਯੂਨੀਵਰਸਿਟੀ ਵਿੱਚ ਗੂੰਜਦੇ ਰਹੇ ਨਾਅਰੇ : ਧਰਨੇ ਵਿੱਚ ਪੁੱਜੇ ਸਿਮਰਨਜੀਤ ਮਾਨ
– ਇੱਕ ਪਾਸੜ ਕਾਰਵਾਈ ਕਾਰਨ ਵਿਦਿਆਰਥੀਆਂ ਵਿੱਚ ਗੁੱਸੇ ਦੀ ਲਹਿਰ : ਮਾਨ
– ਬੱਚਿਆਂ ਨਾਲ ਹੋ ਰਹੇ ਇਸ ਤਰ੍ਹੇ ਦੇ ਵਿਤਕਰੇ ਕਾਰਨ ਹੀ ਬਾਹਰੀ ਮੁਲਕਾਂ ‘ਚ ਜਾ ਰਹੇ ਹਨ ਵਿਦਿਆਰਥੀ
ਵਿਦਿਆਰਥਣ ਦੀ ਮੌਤ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਹੁੰਚੇ ਸੰਸਦ ਸਿਮਰਨਜੀਤ ਸਿੰਘ ਮਾਨ
ਪਟਿਆਲਾ, 16 ਸਤੰਬਰ
ਪੰਜਾਬੀਯੂਨੀਵਰਸਿਟੀ ਪਟਿਆਲਾ ਵਿੱਚ ਲੰਘੇ ਦਿਨ ਵਿਦਿਆਰਕਣ ਜਸ਼ਨਦੀਪ ਕੌਰ ਦੀ ਹੋਈ ਮੌਤ ਦਾ ਮਾਮਲਾ ਅੱਜ ਵੀ ਪੂਰੀ ਤਰ੍ਹਾਂ ਗਰਮਾਇਆ ਰਿਹਾ। ਛੁੱਟੀ ਵਾਲੇ ਦਿਨ ਵਿਦਿਆਰਥਦੀਆਂ ਨੇ ਵੀਸੀ ਦਫ਼ਤਰ ਅੱਗੇ ਧਰਨਾ ਲਗਾਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਪੁੱਜੇ, ਜਿਨ੍ਹਾ ਨੇ ਆਖਿਆ ਕਿ ਵਿਦਿਆਰਥੀਆਂ ਨਾਲ ਧੱਕਾ ਬਰਦਾਸ਼ਤ ਨਹੀਂ ਹੋਵੇਗਾ।
ਇਸ ਮੌਕੇ ਵਿਦਿਆਰਥੀਆਂ ਨੇ ਆਖਿਆ ਕਿ ਉਨ੍ਹਾਂ ਉਪਰ ਕੀਤੀ ਐਫਆਈਆਰ ਬਿਲਕੁਲ ਗਲਤ ਹੈ, ਜਿਸਦਾ ਉਹ ਡਟਕੇ ਵਿਰੋਧ ਕਰਦੇ ਹਨ। ਜੇਕਰ ਇਸ ਕੇਸ ਨੂੰ ਰੱਦ ਕਰਕੇ ਪ੍ਰੋਫੈਸਰ ਉਪਰ ਪਰਚਾ ਦਰਜ ਨਾ ਕੀਤਾ ਗਿਆ ਤਾਂ ਯੂਨੀਵਰਸਿਟੀ ਵੱਡੇ ਸੰਘਰਸ਼ ਦਾ ਮੈਦਾਨ ਬਣੇਗੀ।
ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਇਸ ਮੌਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਖਿਆ ਕਿ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਜੇਕਰ ਲੜਕੀ ਨੇ ਉਸ ਪ੍ਰੋਫੈਸਰ ਦੇ ਉਕਸਾਉਣ ‘ਤੇ ਆਪਣੇ ਆਪ ਨੂੰ ਮੁਕਾ ਲਿਆ ਹੈ ਤਾਂ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਨਾ ਚਾਹੀਦਾ ਹੈ ਕਿਉਂਕਿ ਯੂਨੀਵਰਸਿਟੀ ਦੇ ਵਿਦਿਆਰਥੀ ਹੁਣ ਆਪਣੇ ਹੋਸਟਲ ਛੱਡ ਕੇ ਬਾਹਰ ਜਾ ਰਹੇ ਹਨ, ਇਹ ਬਿਲਕੁੱਲ ਗਲਤ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਦੋ ਪਾਸਿਓਂ ਕੰਮ ਨਹੀਂ ਕਰਨਾ ਚਾਹੀਦਾ ਅਤੇ ਬੱਚਿਆਂ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਵਿਚ ਮਰ ਰਹੇ ਪੰਜਾਬੀ ਵਿਦਿਆਰਥੀਆਂ ਸਬੰਧੀ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਹਮਾਇਤ ਕਰ ਰਹੇ ਸਿੱਖਾਂ ਦੀਆਂ ਵਿਦੇਸ਼ਾਂ ਵਿੱਚ ਮੌਤਾਂ ਹੋ ਰਹੀਆਂ ਨੇ ਜਿਸ ਲਈ ਉਥੋਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਵਿਦਿਆਰਥੀਆਂ ਦੀ ਸੁਰੱਖਿਆ ਕਰੇ ਕਿਉਂਕਿ ਜੇਕਰ ਸਿੱਖਾਂ ਨੇ ਉਨ੍ਹਾਂ ਦੇ ਮੁਲਕਾਂ ਵਿੱਚ ਸ਼ਰਨ ਲਈ ਹੈ ਤਾਂ ਉਨ੍ਹਾਂ ਨੂੰ ਸੁਰੱਖਿਆ ਵੀ ਦੇਣੀ ਪਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਪਿੱਛੇ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਜੇ ਸਮਾਂ ਮਿਲਿਆ ਤਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਨਾਲ ਹੋ ਰਹੇ ਵਿਵਹਾਰ ਦਾ ਮੁੱਦਾ ਸੰਸਦ ਵਿਚ ਵੀ ਚੁੱਕਣਗੇ। ਇਸ ਮੌਕੇ ਤੇ ਹਰਭਜਨ ਸਿੰਘ ਕਸ਼ਮੀਰੀ, ਮਹਿੰਦਰਪਾਲ ਸਿੰਘ, ਹਰਮੀਤ ਸਿੰਘ ਸੋਢੀ, ਹਰਪ੍ਰੀਤ ਸਿੰਘ, ਇਕਬਾਲ ਸਿੰਘ ਤੋਂ ਇਲਾਵਾ ਯੂਨੀਵਰਸਿਟੀ ਦੇ ਵਿਦਿਆਰਥੀ ਹਾਜ਼ਰ ਸਨ।
