ਪ੍ਰੋਫ਼ੈਸਰ 'ਪ੍ਰਿਥੀਪਾਲ ਸਿੰਘ ਕਪੂਰ ਯਾਦਗਾਰੀ ਭਾਸ਼ਣ' ਕਰਵਾਇਆ
ਪ੍ਰੋਫ਼ੈਸਰ ‘ਪ੍ਰਿਥੀਪਾਲ ਸਿੰਘ ਕਪੂਰ ਯਾਦਗਾਰੀ ਭਾਸ਼ਣ’ ਕਰਵਾਇਆ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ‘ਪ੍ਰੋਫ਼ੈਸਰ ਪ੍ਰਿਥੀਪਾਲ ਸਿੰਘ ਕਪੂਰ ਯਾਦਗਾਰੀ ਭਾਸ਼ਣ’ ਕਰਵਾਇਆ ਗਿਆ। ਉੱਘੇ ਸਿੱਖ ਵਿਦਵਾਨ ਪ੍ਰੋਫ਼ੈਸਰ ਪ੍ਰਿਥੀਪਾਲ ਸਿੰਘ ਕਪੂਰ ਜੋ ਹਾਲ ਹੀ ਵਿੱਚ ਚਲਾਣਾ ਕਰ ਗਏ ਸਨ, ਨਾਲ਼ ਸੰਬੰਧਤ ਇਹ ਭਾਸ਼ਣ ਵਰਲਡ ਪੰਜਾਬੀ ਸੈਂਟਰ ਦੇ ਸਾਬਕਾ ਡਾਇਰੈਕਟਰ ਡਾ. ਬਲਕਾਰ ਸਿੰਘ ਨੇ ਦਿੱਤਾ। ਪ੍ਰੋ. ਕਪੂਰ ਸਾਹਿਬ ਦੀ ਸਪੁੱਤਰੀ ਡਾ. ਹਰਗੁਣਜੋਤ ਕੌਰ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੋਏ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਵਿਭਾਗ ਮੁਖੀ ਡਾ. ਪਰਮਵੀਰ ਸਿੰਘ ਵੱਲੋਂ ਯਾਦਗਾਰੀ ਭਾਸ਼ਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਾਜ਼ਰ ਸਰੋਤਿਆਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨੇ ਸਿੱਖ ਵਿਸ਼ਵਕੋਸ਼ ਵਿਭਾਗ ਵਿਖੇ 1998-2001 ਦੌਰਾਨ ਸਿੱਖ ਧਰਮ ਵਿਸ਼ਵਕੋਸ਼ ਦੇ ਮੁੱਖ ਸੰਪਾਦਕ ਵਜੋਂ ਸੇਵਾ ਨਿਭਾਈ ਹੈ ਅਤੇ ਮੌਜੂਦਾ ਸਮੇਂ ਵਿਚ ਉਹ ਯੂਨੀਵਰਸਿਟੀ ਦੇ ਲਾਈਫ਼ ਫ਼ੈਲੋ ਸਨ।
ਡਾ. ਬਲਕਾਰ ਸਿੰਘ ਨੇ ਇਸ ਯਾਦਗਾਰੀ ਭਾਸ਼ਣ ਵਿਚ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨਾਲ ਸੰਬੰਧਿਤ ਕੁੱਝ ਨਿੱਜੀ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਪ੍ਰੋ. ਸਾਹਿਬ ਨੇ ਸਿੱਖ ਇਤਿਹਾਸ ਦੇ ਵੱਖ-ਵੱਖ ਪੱਖਾਂ ਨੂੰ ਪ੍ਰਮਾਣਿਕ ਸਰੋਤਾਂ ਦੇ ਅਧਾਰ ਉੱਤੇ ਪੇਸ਼ ਕੀਤਾ ਹੈ ਅਤੇ ਇਹਨਾਂ ਨੂੰ ਸਿੰਘ ਸਭਾ ਦੀ ਨਿਰੰਤਰਤਾ ਵਿਚ ਦੇਖਿਆ ਜਾਣਾ ਚਾਹੀਦਾ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਵਿਦਵਾਨਾਂ ਨੂੰ ਸੰਭਾਲਣ ਦੀ ਲੋੜ ਹੈ। ਵਿਦਵਾਨ ਅਜਿਹੇ ਵਡੇਰੇ ਪੁਰਖਾਂ ਵਾਂਗ ਹੁੰਦੇ ਹਨ ਜਿਨ੍ਹਾਂ ਦੇ ਮੋਢੇ ਉੱਤੇ ਬੈਠ ਕੇ ਜੀਵਨ ਵਿਚ ਸੁਚਾਰੂ ਢੰਗ ਨਾਲ ਅੱਗੇ ਵਧਿਆ ਜਾ ਸਕਦਾ ਹੈ। ਵਿਦਵਾਨਾਂ ਨੂੰ ਉਹਨਾਂ ਦੇ ਅਕਾਦਮਿਕ ਕੰਮਾਂ ਰਾਹੀਂ ਦੇਖਿਆ ਜਾਣਾ ਚਾਹੀਦਾ ਹੈ।
ਇਸ ਯਾਦਗਾਰੀ ਭਾਸ਼ਣ ਵਿਚ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੋਏ ਡਾ. ਹਰਗੁਣਜੋਤ ਕੌਰ ਨੇ ਆਪਣੇ ਪਿਤਾ ਕਪੂਰ ਸਾਹਿਬ ਨਾਲ ਸੰਬੰਧਿਤ ਕੁੱਝ ਵਿਸ਼ੇਸ਼ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਨਿਸ਼ਕਾਮ ਭਾਵਨਾ ਨਾਲ ਅਕਾਦਮਿਕ ਕਾਰਜਾਂ ਵਿਚ ਯੋਗਦਾਨ ਪਾਇਆ ਹੈ ਜਿਹੜਾ ਕਿ ਉਨ੍ਹਾਂ ਲਈ ਪ੍ਰੇਰਨਾਦਾਇਕ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅੰਗਰੇਜ਼ੀ ਪੜ੍ਹਨ-ਪੜ੍ਹਾਉਣ ਦਾ ਮੌਕਾ ਮਿਲਿਆ ਹੈ ਅਤੇ ਹੁਣ ਪਿਤਾ ਜੀ ਦੀ ਵਿਰਾਸਤ ਵੱਲ ਮੁੜਨ ਦੀ ਇੱਛਾ ਹੈ।
ਇਸ ਮੌਕੇ ਡਾ. ਸੁਖਦਿਆਲ ਸਿੰਘ ਅਤੇ ਡਾ. ਕੇਹਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਡਾ. ਕਰਮਜੀਤ ਕੌਰ ਨੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਭਿੰਨ ਵਿਭਾਗਾਂ ਦੇ ਅਧਿਆਪਕ ਸਾਹਿਬਾਨ, ਵਿਦਿਆਰਥੀ ਅਤੇ ਖੋਜਾਰਥੀ ਇਸ ਸਮਾਗਮ ਵਿਚ ਹਾਜ਼ਰ ਸਨ ਜਿਨ੍ਹਾਂ ਵਿਚ ਬਾਬਾ ਹਰਚਰਨ ਸਿੰਘ ਨਾਨਕਸਰ ਕੁਟੀਆ, ਬਾਬਾ ਸੁਖਦੇਵ ਸਿੰਘ ਗੁਰਦੁਆਰਾ ਨਾਨਕਸਰ, ਡਾ. ਚਮਕੌਰ ਸਿੰਘ, ਡਾ. ਦਲਜੀਤ ਸਿੰਘ, ਸ. ਦਲੀਪ ਸਿੰਘ ਉੱਪਲ, ਡਾ. ਮਲਕਿੰਦਰ ਕੌਰ, ਡਾ. ਗੁੰਜਨਜੋਤ ਕੌਰ ਅਤੇ ਡਾ. ਹਰਜੀਤ ਸਿੰਘ ਆਦਿ ਸ਼ਾਮਲ ਰਹੇ।