ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਹੋਈ ਸ਼ਾਨੋ ਸ਼ੌਕਤ ਨਾਲ ਸਮਾਪਤ
ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਹੋਈ ਸ਼ਾਨੋ ਸ਼ੌਕਤ ਨਾਲ ਸਮਾਪਤ
ਮਾਨ ਸਰਕਾਰ ਨੇ ਸੂਬੇ ’ਚ ਖੇਡ ਸਭਿਆਚਾਰ ਪੈਦਾ ਕਰਨ ਲਈ ’ਖੇਡਾਂ ਵਤਨ ਪੰਜਾਬ ਦੀਆਂ’ ਦੀ ਕੀਤੀ ਸ਼ੁਰੂਆਤ : ਚੇਤਨ ਸਿੰਘ ਜੌੜਾਮਾਜਰਾ
ਪਟਿਆਲਾ, 4 ਸਤੰਬਰ:
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡ ਸਭਿਆਚਾਰ ਪੈਦਾ ਕਰਨ ਲਈ ’ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਕੀਤੀ ਹੈ, ਤਾਂ ਜੋ ਪੰਜਾਬੀਆਂ ਨੂੰ ਖੇਡ ਮੈਦਾਨਾਂ ਨਾਲ ਜੋੜਿਆ ਜਾ ਸਕੇ। ਇਹ ਪ੍ਰਗਟਾਵਾਂ ਉਨ੍ਹਾਂ ਨਵੋਦਿਆ ਵਿਦਿਆਲਿਆ ਸਮਿਤੀ ਦੀ 31ਵੀਂ ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਮੌਕੇ ਜਵਾਹਰ ਨਵੋਦਿਆ ਵਿਦਿਆਲਿਆ, ਫਤਿਹਪੁਰ ਰਾਜਪੂਤਾਂ, ਪਟਿਆਲਾ ਵਿਖੇ ਕਰਵਾਏ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਕੀਤਾ।
ਤਿੰਨ ਦਿਨਾਂ ਚੱਲੀ ਇਸ ਚੈਂਪੀਅਨਸ਼ਿਪ ਵਿੱਚ ਨਵੋਦਿਆ ਵਿਦਿਆਲਿਆ ਸਮਿਤੀ ਭੋਪਾਲ, ਲਖਨਊ, ਹੈਦਰਾਬਾਦ, ਪੁਣੇ, ਪਟਨਾ, ਜੈਪੁਰ, ਸ਼ਿਲਾਂਗ ਅਤੇ ਚੰਡੀਗੜ੍ਹ ਦੀਆਂ ਅੱਠ ਡਿਵੀਜ਼ਨਾਂ ਦੀਆਂ ਟੀਮਾਂ ਦੇ ਫਾਈਨਲ ਲਈ ਸਖ਼ਤ ਮੈਚ ਹੋਏ। ਲੜਕਿਆਂ ਦੇ ਅੰਡਰ 14 ਵਿੱਚ ਟੀਮ ਪਟਨਾ ਨੇ ਲਖਨਊ ਨੂੰ, ਅੰਡਰ 17 ਵਿੱਚ ਚੰਡੀਗੜ੍ਹ ਨੇ ਜੈਪੁਰ ਨੂੰ ਹਰਾਇਆ। ਅੰਡਰ 19 ਵਿੱਚ ਟੀਮ ਹੈਦਰਾਬਾਦ ਨੇ ਪਟਨਾ ਨੂੰ ਹਰਾਇਆ। ਜਦੋਂ ਕਿ ਲੜਕੀਆਂ ਦੀ ਅੰਡਰ-14 ਟੀਮ ਜੈਪੁਰ ਨੇ ਲਖਨਊ ਨੂੰ ਹਰਾਇਆ।ਅੰਡਰ 17 ਵਿੱਚ ਟੀਮ ਚੰਡੀਗੜ੍ਹ ਨੇ ਜੈਪੁਰ ਨੂੰ ਹਰਾਇਆ। ਅੰਡਰ 19 ਵਰਗ ਵਿੱਚ ਟੀਮ ਜੈਪੁਰ ਨੇ ਭੋਪਾਲ ਨੂੰ ਹਰਾਇਆ।
ਅੱਜ ਚੈਂਪੀਅਨਸ਼ਿਪ ਦੀ ਸਮਾਪਤੀ ਮੌਕੇ ਸੱਭਿਆਚਾਰਕ ਪ੍ਰੋਗਰਾਮ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸਨ। ਮੁੱਖ ਮਹਿਮਾਨ ਨੇ ਝੰਡਾ ਉਤਾਰ ਕੇ ਚੈਂਪੀਅਨਸ਼ਿਪ ਦੀ ਸਮਾਪਤੀ ਦਾ ਐਲਾਨ ਕੀਤਾ। ਇਸ ਮੌਕੇ ਕੈਪਟਨ ਟੀਨਾ ਧੀਰ (ਸੇਵਾਮੁਕਤ) ਡਿਪਟੀ ਕਮਿਸ਼ਨਰ ਨਵੋਦਿਆ ਵਿਦਿਆਲਿਆ ਸੰਮਤੀ, ਖੇਤਰੀ ਦਫ਼ਤਰ, ਚੰਡੀਗੜ੍ਹ ਨੇ ਸਵਾਗਤੀ ਭਾਸ਼ਣ ਦਿੱਤਾ। ਉਨ੍ਹਾਂ ਨੇ ਨਵੋਦਿਆ ਵਿਦਿਆਲਿਆ ਪ੍ਰਣਾਲੀ ਨੂੰ ਪੇਂਡੂ ਖੇਤਰਾਂ ਦੇ ਹੋਣਹਾਰ ਵਿਦਿਆਰਥੀਆਂ ਲਈ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਢੁਕਵਾਂ ਪਲੇਟਫਾਰਮ ਦੱਸਿਆ। ਵਿਦਿਆਰਥੀਆਂ ਵੱਲੋਂ ਪੇਸ਼ਕਾਰੀ ਕੀਤੀ ਗਈ। ਜਿਸ ਵਿੱਚ ਪਟਿਆਲਾ ਵੱਲੋਂ ਪੇਸ਼ ਕੀਤਾ ਗਿਆ ਲਿਲੀਪੁਟ ਅਤੇ ਨਵੋਦਿਆ ਵਿਦਿਆਲਿਆ ਨਾਹਨ (ਐਚ.ਪੀ.) ਵੱਲੋਂ ਪੇਸ਼ ਕੀਤਾ ਗਿਆ ਨਾਟਕ ਡਾਂਸ ਖਿੱਚ ਦਾ ਕੇਂਦਰ ਰਹੇ।
ਆਪਣੇ ਸੰਬੋਧਨ ਵਿੱਚ ਸਕੂਲ ਦੇ ਪ੍ਰਿੰਸੀਪਲ ਨੇ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਸਰਵਪੱਖੀ ਵਿਕਾਸ ਵਿੱਚ ਸਹਾਈ ਹੁੰਦੀਆਂ ਹਨ ਅਤੇ ਟੀਮ ਭਾਵਨਾ ਦਾ ਵਿਕਾਸ ਕਰਦੀਆਂ ਹਨ। ਸਕੂਲ ਦੇ ਪ੍ਰਿੰਸੀਪਲ ਗੁਰਜਿੰਦਰ ਸਿੰਘ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਨਵੋਦਿਆ ਵਿਦਿਆਲਿਆ ਦੀ ਰਿਹਾਇਸ਼ੀ ਪ੍ਰਣਾਲੀ ਵਿਦਿਆਰਥੀਆਂ ਵਿੱਚ ਉੱਚ ਵਿਗਿਆਨਕ ਅਤੇ ਸਮਾਜਿਕ ਸੋਚ ਦਾ ਵਿਕਾਸ ਕਰਦੀ ਹੈ। ਇਸ ਦਾ ਨਤੀਜਾ ਹੈ ਕਿ ਅੱਜ ਨਵੋਦਿਆ ਦੇ ਸਾਬਕਾ ਵਿਦਿਆਰਥੀ ਚੰਦਰਯਾਨ ਮਿਸ਼ਨ ਦੀ ਮੁੱਖ ਟੀਮ ਵਿੱਚ ਸ਼ਾਮਲ ਹਨ। ਨਵੋਦਿਆ ਵਿਦਿਆਲਿਆ ,ਪਟਿਆਲਾ ਤੋਂ ਪੜ੍ਹੇ ਵਿਦਿਆਰਥੀ ਉੱਚੇ ਅਹੁਦਿਆਂ ‘ਤੇ ਦੇਸ਼ ਦੀ ਸੇਵਾ ਕਰ ਰਹੇ ਹਨ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਨਵੋਦਿਆ ਵਿਦਿਆਲਿਆ ਦੇਸ਼ ਦੇ ਸਰਵੋਤਮ ਸਕੂਲਾਂ ਵਿੱਚ ਗਿਣਿਆ ਜਾਂਦਾ ਹੈ। ਇਹ ਸਕੂਲ ਵਿਦਿਆਰਥੀਆਂ ਨੂੰ ਤਰੱਕੀ ਦੇ ਵਧੀਆ ਮੌਕੇ ਪ੍ਰਦਾਨ ਕਰਦਾ ਹੈ। ਇੱਥੋਂ ਦੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾ ਰਹੇ ਹਨ।
ਅੰਤ ਵਿੱਚ ਪ੍ਰਿੰਸੀਪਲ ਨਵੋਦਿਆ ਵਿਦਿਆਲਿਆ ਪਟਿਆਲਾ ਨੇ ਧੰਨਵਾਦ ਪ੍ਰਗਟ ਕੀਤਾ।ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿੱਚ ਸਿਮਰਨਜੀਤ ਕੌਰ ਪਠਾਣ ਮਾਜਰਾ, ਸ੍ਰੀ ਇੰਦਰਜੀਤ ਸਿੰਘ (ਹਲਕਾ ਇੰਚਾਰਜ,ਲੋਕ ਸਭਾ-ਪਟਿਆਲਾ) ਡਾ. ਗੁਰਮੀਤ ਸਿੰਘ ਚੇਅਰਮੈਨ ਬਲਾਕ ਸਮਿਤੀ ਭੁਨਰਹੇੜੀ , ਸਰਕਲ ਇੰਚਾਰਜ ਸੁਰਜੀਤ ਸਿੰਘ ਫ਼ੌਜੀ ਹਾਜ਼ਰ ਸਨ।