ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੀਆਂ ਭਲਾਈ ਸਕੀਮਾਂ ਦਾ ਜਾਇਜ਼ਾ
ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੀਆਂ ਭਲਾਈ ਸਕੀਮਾਂ ਦਾ ਜਾਇਜ਼ਾ
-ਕਿਹਾ, ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਤੈਅ ਸਮੇਂ ‘ਚ ਹੀ ਮੁਹੱਈਆ ਕਰਵਾਈ ਜਾਣ
-ਲੰਬਿਤ ਕੇਸਾਂ ਦੀ ਹਰੇਕ ਦੋ ਦਿਨਾਂ ਬਾਅਦ ਕੀਤੀ ਜਾਵੇਗੀ ਸਮੀਖਿਆ
ਪਟਿਆਲਾ, 4 ਸਤੰਬਰ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੇਵਾ ਕੇਂਦਰ, ਸਾਂਝ ਕੇਂਦਰ, ਐਸ.ਡੀ.ਐਮ ਦਫ਼ਤਰ, ਸਿਹਤ ਵਿਭਾਗ ਅਤੇ ਆਰ.ਟੀ.ਏ ਦਫ਼ਤਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਸਮਾਂਬੱਧ ਤਰੀਕੇ ਨਾਲ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖੁਦ ਜਾਇਜ਼ਾ ਲੈਂਦੇ ਹਨ, ਤਾਂ ਜੋ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਮਿਲਣ ਦੇ ਨਾਲ ਨਾਲ ਸਮੇਂ ਸਿਰ ਸੇਵਾਵਾਂ ਵੀ ਪ੍ਰਾਪਤ ਹੋਣ। ਉਨ੍ਹਾਂ ਕਿਹਾ ਕਿ ਜਿਹੜੇ ਕੇਸ ਕਿਸੇ ਕਾਰਨ ਲੰਬਿਤ ਪਏ ਹਨ, ਉਨ੍ਹਾਂ ਦੀ ਹਰੇਕ ਦੋ ਦਿਨਾਂ ਬਾਅਦ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਲੰਬਿਤ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ 42 ਸੇਵਾ ਕੇਂਦਰਾਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ 425 ਸੇਵਾਵਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਭਾਵੇਂ ਸੇਵਾ ਕੇਂਦਰਾਂ ਵਿੱਚ ਲੰਬਿਤ ਕੇਸਾਂ ਦੀ ਦਰ 0.17 ਫ਼ੀਸਦੀ ਹੈ ਪਰ ਇਸ ਨੂੰ ਸਿਫ਼ਰ ‘ਤੇ ਲਿਆਉਣ ਲਈ ਕੰਮ ਕੀਤਾ ਜਾਵੇ, ਇਸ ਲਈ ਸੇਵਾ ਕੇਂਦਰ ਵਿੱਚ ਅਪਲਾਈ ਕਰਨ ਸਮੇਂ ਨਾਗਰਿਕਾਂ ਵੱਲੋਂ ਦਿੱਤੇ ਜਾਂਦੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ, ਤਾਂ ਜੋ ਕਾਗਜ਼ਾਂ ਦੀ ਕਮੀ ਕਾਰਨ ਕੇਸ ਪੈਡਿੰਗ ਨਾ ਹੋਣ। ਉਨ੍ਹਾਂ ਰਿਜਨਲ ਟਰਾਂਸਪੋਰਟ ਅਫ਼ਸਰ ਨੂੰ ਡਰਾਈਵਿੰਗ ਲਾਇਸੈਂਸ ਅਤੇ ਵਾਹਨਾਂ ਦੀ ਆਰ.ਸੀ. ਦੇ ਕੰਮ ਨੂੰ ਸਮਾਂਬੱਧ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਜਿਹੜੇ ਪੈਡਿੰਗ ਕੇਸ ਹਨ, ਉਨ੍ਹਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।
ਸਿਹਤ ਵਿਭਾਗ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਜਿਹੜੇ ਨਵੇਂ ਆਮ ਆਦਮੀ ਕਲੀਨਿਕ ਦਾ ਕੰਮ ਚੱਲ ਰਿਹਾ ਹੈ, ਉਨ੍ਹਾਂ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕਰਕੇ ਉਥੇ ਸਿਹਤ ਸੇਵਾਵਾਂ ਸ਼ੁਰੂ ਕੀਤੀ ਜਾਣ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਮਿਲ ਰਹੀ ਬੁਢਾਪਾ ਪੈਨਸ਼ਨ ਦੀ ਸਮੀਖਿਆ ਕਰਦਿਆਂ ਕਿਹਾ ਕਿ ਵਿਭਾਗ ਨਿਰੰਤਰ ਤੌਰ ‘ਤੇ ਵੈਰੀਫਿਕੇਸ਼ਨ ਦਾ ਕੰਮ ਕਰੇ ਤਾਂ ਜੋ ਸਮੇਂ ਸਮੇਂ ‘ਤੇ ਨਵੇਂ ਕਾਰਡ ਬਣਾਉਣ ਅਤੇ ਮਿਰਤਕ ਵਿਅਕਤੀਆਂ ਦੇ ਕਾਰਡ ਕੱਟਣ ਦਾ ਕੰਮ ਹੁੰਦਾ ਰਹੇ। ਇਸ ਮੌਕੇ ਡੀ.ਐਸ.ਐਸ.ਓ. ਵਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਬੁਢਾਪਾ ਪੈਨਸ਼ਨ ਦੇ ਜੋ ਨਵੇਂ ਕੇਸ ਆ ਰਹੇ ਹਨ, ਉਨ੍ਹਾਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਰਿਹਾ ਹੈ।
ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਗਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ, ਐਸ.ਪੀ. ਹਰਵੰਤ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।