'ਅਕਾਦਮਿਕ ਖੇਤਰ ਵਿੱਚ ਔਰਤਾਂ ਦੀ ਅਗਵਾਈ' ਵਿਸ਼ੇ ਉੱਤੇ ਪ੍ਰੋਗਰਾਮ ਕਰਵਾਇਆ

‘ਅਕਾਦਮਿਕ ਖੇਤਰ ਵਿੱਚ ਔਰਤਾਂ ਦੀ ਅਗਵਾਈ’ ਵਿਸ਼ੇ ਉੱਤੇ ਪ੍ਰੋਗਰਾਮ ਕਰਵਾਇਆ
-ਪ੍ਰਿੰਸੀਪਲ ਸਕੱਤਰ ਜਸਪ੍ਰੀਤ ਤਲਵਾਰ ਅਤੇ ਅਵਧ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕੀਤੀ ਸ਼ਿਰਕਤ
ਪਟਿਆਲਾ
ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ‘ਅਕਾਦਮਿਕ ਖੇਤਰ ਵਿੱਚ ਔਰਤ ਅਗਵਾਈ’ ਵਿਸ਼ੇ ਉੱਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬੀ ਯੂਨੀਵਰਸਿਟੀ ਦੀ ਮਹਿਲਾ ਵਾਈਸ-ਚਾਂਸਲਰ ਰਹੇ ਡਾ. ਇੰਦਰਜੀਤ ਕੌਰ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਤੋਂ ਪ੍ਰਿੰਸੀਪਲ ਸਕੱਤਰ ਜਸਪ੍ਰੀਤ ਤਲਵਾਰ ਅਤੇ ਡਾ. ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ ਅਯੋਧਿਆ (ਯੂ.ਪੀ.) ਤੋਂ ਵਾਈਸ ਚਾਂਸਲਰ ਪ੍ਰੋ. ਪ੍ਰਤਿਭਾ ਗੋਇਲ ਨੇ ਉਚੇਚੇ ਤੌਰ ਉੱਤੇ ਸ਼ਿਰਕਤ ਕੀਤੀ।
ਇਸ ਮੌਕੇ ਆਪਣੇ ਮੁੱਖ ਸੁਰ ਭਾਸ਼ਣ ਦੌਰਾਨ ਪ੍ਰੋ. ਪ੍ਰਤਿਭਾ ਗੋਇਲ, ਜੋ ਪੰਜਾਬੀ ਯੂਨੀਵਰਸਿਟੀ ਦੇ ਹੀ ਵਿਦਿਆਰਥੀ ਰਹੇ ਹਨ, ਨੇ ਔਰਤਾਂ ਦੀ ਅਕਾਦਮਿਕ ਖੇਤਰ ਵਿੱਚ ਅਗਵਾਈ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਭਾਰਤ ਵਿੱਚ ਤਕਰੀਬਨ 75 ਯੂਨੀਵਰਸਿਟੀਆਂ ਅਜਿਹੀਆਂ ਹਨ ਜਿਨ੍ਹਾਂ ਦੀ ਵਾਈਸ ਚਾਂਸਲਰ ਵਜੋਂ ਅਗਵਾਈ ਔਰਤਾਂ ਕਰ ਰਹੀਆਂ ਹਨ।
ਪ੍ਰਿੰਸੀਪਲ ਸਕੱਤਰ ਜਸਪ੍ਰੀਤ ਤਲਵਾਰ ਨੇ ਆਪਣੇ ਮੁੱਖ ਮਹਿਮਾਨ ਵਜੋਂ ਭਾਸ਼ਣ ਦੌਰਾਨ ਪ੍ਰਬੰਧਨ ਦੇ ਖੇਤਰ ਵਿੱਚ ਇੱਕ ਔਰਤ ਵਜੋਂ ਵਿਚਰਣ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਪ੍ਰਸ਼ਾਸ਼ਕੀ ਸੇਵਾਵਾਂ ਵਿੱਚ ਪਹਿਲਾਂ ਬਹੁਤ ਘੱਟ ਔਰਤਾਂ ਅੱਗੇ ਆਉਂਦੀਆਂ ਸਨ ਪਰ ਹੁਣ ਇਹ ਗਿਣਤੀ ਕਾਫ਼ੀ ਵਧੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਕੀ ਸੇਵਾਵਾਂ ਵਿੱਚ ਲੋਕਾਂ ਨੂੰ ਫਰਕ ਨਹੀਂ ਪੈਂਦਾ ਕਿ ਉਨ੍ਹਾਂ ਦੀ ਅਫ਼ਸਰ ਔਰਤ ਹੈ ਜਾਂ ਮਰਦ, ਪਰ ਬਹੁਤੀ ਵਾਰ ਉਨ੍ਹਾਂ ਦੀ ਤਾਇਨਾਤੀ ਨਾਲ਼ ਜੁੜੇ ਸਮਰੱਥ ਲੋਕਾਂ ਵੱਲੋਂ ਹੀ ਇਸ ਬਾਰੇ ਕਿਆਸ ਅਰਾਈਆਂ ਲਾ ਲਈਆਂ ਜਾਂਦੀਆਂ ਹਨ ਅਤੇ ਕੁੱਝ ਵਿਸ਼ੇਸ਼ ਮਹਿਕਮਿਆਂ ਵਿੱਚ ਸਿਰਫ਼ ਮਰਦ ਅਫ਼ਸਰਾਂ ਨੂੰ ਹੀ ਤਾਇਨਾਤ ਕਰਨ ਬਾਰੇ ਵਿਚਾਰ ਬਣਾ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਰ ਹੁਣ ਇਸ ਪੱਖੋਂ ਫ਼ਰਕ ਪੈ ਰਿਹਾ ਹੈ।
ਡਾ. ਇੰਦਰਜੀਤ ਕੌਰ ਦੇ ਬੇਟੇ ਰੁਪਿੰਦਰ ਸਿੰਘ, ਸੇਵਾਮੁਕਤ ਸੀਨੀਅਰ ਸਹਾਇਕ ਸੰਪਾਦਕ ਪੰਜਾਬੀ ਟ੍ਰਿਬਿਊਨ, ਵੱਲੋਂ ਇਸ ਮੌਕੇ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਦੇ ਹਵਾਲੇ ਨਾਲ ਆਪਣੀ ਮਾਤਾ ਜੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਡਾ. ਇੰਦਰਜੀਤ ਕੌਰ ਨਾਲ਼ ਨਿੱਜੀ ਸਹਾਇਕ ਵਜੋਂ ਤਾਇਨਾਤ ਰਹੇ ਦਲੀਪ ਸਿੰਘ ਉੱਪਲ ਵੱਲੋਂ ਵੀ ਉਨ੍ਹਾਂ ਦੇ ਕੰਮ ਕਾਜ ਬਾਰੇ ਗੱਲਾਂ ਕੀਤੀਆਂ ਗਈਆਂ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਬੋਲਦਿਆਂ ਦੱਸਿਆ ਕਿ ਕਿਸ ਤਰ੍ਹਾਂ ਔਰਤ ਨੂੰ ਹਾਲੇ ਵੀ ਆਪਣਾ ਬਾਰਾਬਰੀ ਵਾਲਾ ਸਮਾਜਿਕ ਰੁਤਬਾ ਹਾਸਿਲ ਕਰਨ ਲਈ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਅਥਾਰਿਟੀ ਵਿੱਚ ਔਰਤਾਂ ਦੀ ਪ੍ਰਤੀਨਿਧਤਾ ਦਾ ਵਿਸ਼ੇਸ਼ ਖ਼ਿਆਲ ਰੱਖਿਆ ਗਿਆ ਹੈ। ਰਜਿਸਟਰਾਰ, ਡਾਇਰੈਕਟਰ ਖੇਡਾਂ, ਡੀਨ ਵਿਦਿਆਰਥੀ ਭਲਾਈ, ਡੀਨ ਕਾਲਜ ਵਿਕਾਸ ਕੌਂਸਲ ਸਮੇਤ ਬਹੁਤ ਸਾਰੇ ਜ਼ਿੰਮੇਵਾਰ ਅਹੁਦਿਆਂ ਉੱਤੇ ਮੌਜੂਦਾ ਸਮੇਂ ਔਰਤਾਂ ਹੀ ਤਾਇਨਾਤ ਹਨ।
ਰਜਿਸਟਰਾਰ ਡਾ. ਨਵਜੋਤ ਕੌਰ ਵੱਲੋਂ ਇਸ ਮੌਕੇ ਬੋਲਦਿਆਂ ਅਗਵਾਈ ਦੀਆਂ ਵੱਖ-ਵੱਖ ਕਿਸਮਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਔਰਤਾਂ ਕਿਸੇ ਵੀ ਮਾਮਲੇ ਵਿੱਚ ਅਗਵਾਈ ਪੱਖੋਂ ਘੱਟ ਨਹੀਂ ਹਨ। ਉਨ੍ਹਾਂ ਰਜਿਸਟਰਾਰ ਵਜੋਂ ਵਿਚਰਦਿਆਂ ਆਪਣੇ ਤਜਰਬੇ ਵੀ ਸਾਂਝੇ ਕੀਤੇ।
ਨਾਰੀ ਅਧਿਐਨ ਕੇਂਦਰ ਦੀ ਨਿਰਦੇਸ਼ਕ ਡਾ. ਹਰਪ੍ਰੀਤ ਕੌਰ ਵੱਲੋਂ ਮੰਚ ਸੰਚਾਲਨ ਦੌਰਾਨ ਇਸ ਵਿਸ਼ੇ ਨਾਲ਼ ਸੰਬੰਧਤ ਆਪਣੀਆਂ ਟਿੱਪਣੀਆਂ ਕੀਤੀਆਂ ਗਈਆਂ। ਅੰਤ ਵਿੱਚ ਡੀਨ ਵਿਦਿਆਰਥੀ ਭਲਾਈ ਡਾ. ਹਰਵਿੰਦਰ ਕੌਰ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ।
