ਨਗਰ ਨਿਗਮ ਦੀ ਪਹਿਲਕਦਮੀ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਮੌਕੇ ਧਾਰਮਿਕ ਸਮਾਗਮਾਂ 'ਚ ਸਿੰਗਲ ਯੂਜ਼ ਪਲਾਟਿਕ ਦੀ ਵਰਤੋਂ ਨਾ ਕਰਨ ਬਾਰੇ ਮੀਟਿੰਗ

ਨਗਰ ਨਿਗਮ ਦੀ ਪਹਿਲਕਦਮੀ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਮੌਕੇ ਧਾਰਮਿਕ ਸਮਾਗਮਾਂ ‘ਚ ਸਿੰਗਲ ਯੂਜ਼ ਪਲਾਟਿਕ ਦੀ ਵਰਤੋਂ ਨਾ ਕਰਨ ਬਾਰੇ ਮੀਟਿੰਗ
-ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਨੇ ਮੰਦਿਰ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਪ੍ਰਣ
-ਮੰਦਿਰ ਕਮੇਟੀਆਂ ਨੂੰ ਲੰਗਰ ਤੇ ਹੋਰ ਸਮਾਨ ਵਰਤਾਉਣ ਲਈ ਇੱਕ ਵਾਰ ਵਰਤਿਆ ਜਾਣ ਵਾਲਾ ਪਲਾਟਿਕ ਨਾ ਵਰਤਣ ਦੀ ਅਪੀਲ
ਪਟਿਆਲਾ, 5 ਸਤੰਬਰ:
ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਨੇ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਮੌਕੇ ਮੰਦਿਰਾਂ ਵਿੱਚ ਧਾਰਮਿਕ ਸਮਾਗਮ ਦੌਰਾਨ ਲੰਗਰ ਤੇ ਹੋਰ ਸਮਾਨ ਵਰਤਾਉਣ ਲਈ ਸਿੰਗਲ ਯੂਜ਼ ਪਲਾਸਟਿਕ ਨਾ ਵਰਤਣ ਲਈ ਪਟਿਆਲਾ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਦੀਆਂ ਕਮੇਟੀਆਂ ਦੇ ਕਰੀਬ ਦੋ ਦਰਜਨ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਕੀਤੀ। ਇਸ ਦੌਰਾਨ ਸਾਰਿਆਂ ਨੂੰ ਇਹ ਪ੍ਰਣ ਕਰਵਾਇਆ ਗਿਆ ਕਿ ਉਹ ਵਾਤਾਵਰਣ ਤੇ ਆਪਣੇ ਚੁਗਿਰਦੇ ਦੀ ਸੰਭਾਂਲ ਲਈ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਕਰਨਗੇ।
ਮਨੀਸ਼ਾ ਰਾਣਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਤੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਦੀ ਅਗਵਾਈ ਹੇਠ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਸਾਫ਼-ਸਫ਼ਾਈ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਇੱਕ ਮੁਹਿੰਮ ਅਰੰਭੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਸਮੇਤ ਵਾਤਾਵਰਣ ਬਚਾਉਣ ਲਈ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੀ ਵਰਤੋਂ ਕਿਸੇ ਵੀ ਕੰਮ ਲਈ ਨਾ ਕਰਨ।
ਨਗਰ ਨਿਗਮ ਵੱਲੋਂ ਕੀਤੀ ਗਈ ਇਸ ਵਿਸ਼ੇਸ਼ ਪਹਿਲਕਦਮੀ ਤਹਿਤ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਨੇ ਮੰਦਿਰ ਕਮੇਟੀਆਂ ਦੇ ਨਾਲ-ਨਾਲ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਵਨ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਸ੍ਰੀ ਕ੍ਰਿਸ਼ਨ ਜੀ ਦੇ ਕੁਦਰਤ ਨੂੰ ਪਿਆਰ ਕਰਨ ਦੇ ਸੰਦੇਸ਼ ਨੂੰ ਮੰਨਦੇ ਹੋਏ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ।
ਇਸ ਮੀਟਿੰਗ ਦੌਰਾਨ ਕਾਲੀ ਮਾਤਾ ਮੰਦਿਰ, ਰਾਧਾ ਕ੍ਰਿਸ਼ਨ ਮੰਦਿਰ, ਹਨੂਮਾਨ ਮੰਦਿਰ ਅਨੰਦ ਨਗਰ, ਸਨਾਤਨ ਧਰਮ ਸਭਾ ਸਮੇਤ ਹੋਰਨਾਂ ਮੰਦਿਰਾਂ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲੈਂਦਿਆਂ ਪ੍ਰਣ ਕੀਤਾ ਕਿ ਉਹ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਮੌਕੇ ਆਪਣੇ ਧਾਰਮਿਕ ਅਸਥਾਨਾਂ ਵਿਖੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਕਰਨਗੇ।
