'ਖੇਡਾਂ ਵਤਨ ਪੰਜਾਬ ਦੀਆਂ ਸੀਜਨ-2' ਬਲਾਕ ਪੱਧਰੀ ਖੇਡਾਂ ਵਿੱਚ 5 ਬਲਾਕਾਂ ਦੇ ਆਖਰੀ ਦਿਨ ਹੋਏ ਦਿਲਚਸਪ ਮੁਕਾਬਲੇ
‘ਖੇਡਾਂ ਵਤਨ ਪੰਜਾਬ ਦੀਆਂ ਸੀਜਨ-2’ ਬਲਾਕ ਪੱਧਰੀ ਖੇਡਾਂ ਵਿੱਚ 5 ਬਲਾਕਾਂ ਦੇ ਆਖਰੀ ਦਿਨ ਹੋਏ ਦਿਲਚਸਪ ਮੁਕਾਬਲੇ
-ਪਟਿਆਲਾ ਸ਼ਹਿਰੀ, ਪਾਤੜਾਂ, ਰਾਜਪੁਰਾ ਤੇ ਸਨੌਰ ਬਲਾਕ ਵਿੱਚ ਲਗਭਗ 5000 ਖਿਡਾਰੀਆਂ ਨੇ ਹਿੱਸਾ ਲਿਆ
-ਐਥਲੈਟਿਕਸ, ਖੋ-ਖੋ, ਟੱਗ ਆਫ ਵਾਰ, ਵਾਲੀਬਾਲ ਸ਼ੂਟਿੰਗ, ਵਾਲੀਬਾਲ ਸ਼ਮੈਸ਼ਿੰਗ, ਫੁੱਟਬਾਲ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ ਗੇਮਾਂ ਦੇ ਮੁਕਾਬਲੇ
ਪਟਿਆਲਾ, 3 ਸਤੰਬਰ:
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਵਿਦਿਆਰਥੀਆਂ ਸਮੇਤ ਹਰ ਉਮਰ ਵਰਗ ਦੇ ਲੋਕਾਂ ਨੂੰ ਆਪਣੀ ਖੇਡਾਂ ਪ੍ਰਤੀ ਛੁਪੀ ਹੋਈ ਰੁਚੀ ਨੂੰ ਅੱਗੇ ਲਿਆਉਣ ਲਈ ਇੱਕ ਵੱਡਾ ਖੇਡ ਮੰਚ ਪ੍ਰਦਾਨ ਕਰਨ ਲਈ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ-ਸੀਜਨ 2 ਤਹਿਤ ਅੱਜ 5 ਬਲਾਕਾਂ ਦੀਆਂ ਬਲਾਕ ਪੱਧਰੀ ਖੇਡਾਂ ਦਾ ਅੱਜ ਇਹ ਤੀਜਾ ਤੇ ਆਖਰੀ ਦਿਨ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਡਾਂ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚੜ੍ਹੀਆਂ ਹਨ ਅਤੇ ਅਗਲੇ 5 ਬਲਾਕਾਂ ਦੀਆਂ ਖੇਡਾਂ 6 ਸਤੰਬਰ ਤੋਂ ਹੋਣਗੀਆਂ, ਜਿਸ ਲਈ ਜ਼ਿਲ੍ਹੇ ਦੇ ਸਮੂਹ ਖਿਡਾਰੀ ਅਤੇ ਖੇਡਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਵੱਧ ਚੜ੍ਹਕੇ ਹਿੱਸਾ ਲੈਣ ਅਤੇ ਨਾਲ ਹੀ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਵੀ ਕਰਨ।
ਇਸ ਦੌਰਾਨ ਬਲਾਕ ਪਟਿਆਲਾ ਸ਼ਹਿਰੀ ਵਿਖੇ ਆਖਰੀ ਦਿਨ ਦੀਆਂ ਖੇਡਾਂ ਵਿੱਚ ਸਾਬਕਾ ਡਿਪਟੀ ਡਾਇਕੈਟਰ ਸਪੋਰਟਸ ਉਪਕਾਰ ਸਿੰਘ ਵਿਰਕ ਨੇ ਮੁੱਖ ਮਹਿਮਾਨ ਵੱਜੋਂ ਪਹੁੰਚ ਕੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਬਲਾਕ ਨਾਭਾ ਵਿਖੇ ਰੈਸਲਿੰਗ ਅਕੈਡਮੀ ਮੰਡੌਰ ਤੋਂ ਹਰਮੈਲ ਸਿੰਘ (ਕਾਲਾ) ਅਤੇ ਐਸ.ਐਚ.ਓ. ਕੋਤਵਾਲੀ ਨਾਭਾ ਇੰਸਪੈਕਟਰ ਹੈਰੀ ਬੋਪਾਰਾਏ ਨੇ ਸ਼ਿਰਕਤ ਅਤੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਬਲਾਕ ਨਾਭਾ ਵਿਖੇ ਸ਼ਿਰਕਤ ਕੀਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਦੱਸਿਆ ਕਿ ਅੱਜ ਪਟਿਆਲਾ ਸ਼ਹਿਰੀ, ਪਾਤੜਾਂ, ਰਾਜਪੁਰਾ ਅਤੇ ਸਨੌਰ ਬਲਾਕ ਦੇ ਆਖਰੀ ਦਿਨ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਰਹਿਨੁਮਾਈ ਹੇਠ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪਟਿਆਲਾ ਵਿਖੇ ਇਨ੍ਹਾਂ ਖੇਡਾਂ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਬਲਾਕ ਖੇਡਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਬਲਾਕ ਇੰਚਾਰਜਾਂ ਤੇਜਪਾਲ ਸਿੰਘ ਪਟਿਆਲਾ ਸ਼ਹਿਰੀ, ਹਰਮਨਪ੍ਰੀਤ ਸਿੰਘ ਰਾਜਪੁਰਾ, ਇੰਦਰਜੀਤ ਸਿੰਘ ਸਨੌਰ, ਬਹਾਦਰ ਸਿੰਘ ਪਾਤੜਾਂ ਅਤੇ ਸਮੂਹ ਕੋਚਿਜ ਨੇ ਵੀ ਬਹੁਤ ਮਿਹਨਤ ਕੀਤੀ ਹੈ।
ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲ਼ਾ ਸ਼ਹਿਰੀ ਬਲਾਕ ਵਿੱਚ ਖੋ-ਖੋ ਗੇਮ ਵਿੱਚ ਅੰਡਰ 14 ਲੜਕੀਆਂ ਵਿੱਚ ਪੋਲੋ ਗਰਾਊਂਡ ਦੀ ਟੀਮ ਨੇ ਪਹਿਲਾ, ਵਜੀਦਪੁਰ ਦੀ ਟੀਮ ਨੇ ਦੂਸਰਾ ਅਤੇ ਰਾਮਗੜ੍ਹ (ਡਕਾਲਾ) ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 14 ਲੜਕਿਆਂ ਵਿੱਚ ਰਾਮਗੜ੍ਹ ਦੀ ਟੀਮ ਨੇ ਪਹਿਲਾ, ਵਜੀਦਪੁਰ ਦੀ ਟੀਮ ਨੇ ਦੂਸਰਾ ਅਤੇ ਡਕਾਲਾ (ਰਾਮਗੜ੍ਹ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਵਿੱਚ ਪੋਲੋ ਸੈਂਟਰ ਨੇ ਅਤੇ ਲੜਕੀਆਂ ਵਿੱਚ ਵਜੀਦਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਗੇਮ ਵਿੱਚ ਅੰਡਰ-14 ਲੜਕਿਆਂ ਵਿੱਚ ਰਣਬੀਰਪੁਰਾ ਦੀ ਟੀਮ ਨੇ ਪਹਿਲਾ ਸਥਾਨ, ਵਜੀਦਪੁਰ ਦੀ ਟੀਮ ਨੇ ਦੂਸਰਾ ਸਥਾਨ ਅਤੇ ਪੋਲੋ ਗਰਾਊਂਡ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਾਲੀਬਾਲ ਗੇਮ ਵਿੱਚ ਪੋਲੋ ਗਰਾਊਂਡ ਨੇ ਪਹਿਲਾ, ਸਿਵਲ ਲਾਈਨਜ ਦੀ ਟੀਮ ਨੇ ਦੂਸਰਾ ਅਤੇ ਬੁਢਾ ਦਲ ਸਕੂਲ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿੱਚ ਅੰਡਰ 21 ਵਿੱਚ ਪੋਲੋ ਗਰਾਊਂਡ ਦੀ ਟੀਮ ਨੇ ਪਹਿਲਾ ਸਥਾਨ, ਜੀਸੀਜੀ ਟੀਮ ਨੇ ਦੂਸਰਾ ਸਥਾਨ ਅਤੇ ਰਣਬੀਰਪੁਰਾ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਵਿੱਚ ਪੋਲੋ ਗਰਾਊਂਡ ਦੀ ਟੀਮ ਨੇ ਪਹਿਲਾ ਸਥਾਨ, ਰਣਬੀਰਪੁਰਾ ਦੀ ਟੀਮ ਨੇ ਦੂਸਰਾ ਸਥਾਨ ਅਤੇ ਓਪੀਐਲ ਸਕੂਲ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਬਲਾਕ ਨਾਭਾ ਵਿਖੇ ਐਥਲੈਟਿਕਸ ਗੇਮ ਵਿੱਚ 200 ਮੀਟਰ, 1500 ਮੀਟਰ ਈਵੈਂਟ ਵਿੱਚ ਉਮਰ ਵਰਗ 31-40 ਹਰਵਿੰਦਰ ਸਿੰਘ ਨੇ ਪਹਿਲਾ ਅਤੇ ਵੈਦ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਬਲਾਕ ਰਾਜਪੁਰਾ ਵਿਖੇ ਫੁੱਟਬਾਲ ਗੇਮ ਵਿੱਚ ਅੰਡਰ 17 ਲੜਕਿਆਂ ਵਿੱਚ ਮੁਕਤ ਪਬਲਿਕ ਸਕੂਲ ਦੀ ਟੀਮ ਨੇ ਸਮਾਰਟ ਮਾਈਂਡ ਸਕੂਲ ਦੀ ਟੀਮ ਨੂੰ 1-0 ਨਾਲ ਹਰਾਇਆ। ਭੱਪਲ ਸਕੂਲ ਦੀ ਟੀਮ ਨੇ ਮੁਕਤ ਪਬਲਿਕ ਸਕੂਲ ਦੀ ਟੀਮ ਨੂੰ 4-3 ਨਾਲ ਹਰਾਇਆ। ਵਾਲੀਬਾਲ ਗੇਮ ਵਿੱਚ ਅੰਡਰ 21 ਲੜਕਿਆਂ ਵਿੱਚ ਮਹਿੰਦਰਗੰਜ ਸਕੂਲ ਦੀ ਟੀਮ ਨੇ ਸਕਾਲਰ ਪਬਲਿਕ ਸਕੂਲ ਦੀ ਟੀਮ ਨੂੰ ਹਰਾਇਆ। ਟੱਗ ਆਫ ਵਾਰ (ਰੱਸਾ-ਕੱਸੀ) ਗੇਮ ਵਿੱਚ ਡੀਏਵੀ ਸਕੂਲ ਦੀ ਟੀਮ ਨੇ ਆਧਾਰਸ਼ੀਲਾ ਸਕੂਲ ਦੀ ਟੀਮ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।