ਕਬੱਡੀ ਅਤੇ ਕੁਸ਼ਤੀ ਪੰਜਾਬ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀ ਹੈ: ਜਸਟਿਸ ਵਿਨੋਦ ਕੇ. ਸ਼ਰਮਾ
ਕਬੱਡੀ ਅਤੇ ਕੁਸ਼ਤੀ ਪੰਜਾਬ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀ ਹੈ: ਜਸਟਿਸ ਵਿਨੋਦ ਕੇ. ਸ਼ਰਮਾ
ਪੰਜਾਬ ਦੇ ਲੋਕਪਾਲ ਪਿੰਡ ਓਇੰਦ ਵਿਖੇ ਕਬੱਡੀ ਕੱਪ ਅਤੇ ਕੁਸ਼ਤੀ ਮੁਕਾਬਲੇ ਵਿੱਚ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
ਮੋਰਿੰਡਾ/ਚੰਡੀਗੜ੍ਹ, 10 ਸਤੰਬਰ:
ਕੁਸ਼ਤੀ ਅਤੇ ਕਬੱਡੀ ਸਾਡੇ ਅਮੀਰ ਵਿਰਸੇ ਦਾ ਅਨਿੱਖੜਵਾਂ ਅੰਗ ਹਨ ਅਤੇ ਇਹ ਖੇਡਾਂ ਸਾਡੇ ਸੱਭਿਆਚਾਰ ਦੀ ਅਸਲ ਭਾਵਨਾ ਨੂੰ ਦਰਸਾਉਂਦੀਆਂ ਹਨ। ਖੇਡਾਂ ਸਾਡੇ ਨੌਜਵਾਨਾਂ ਨੂੰ ਖੇਡਾਂ ਦੇ ਮੈਦਾਨਾਂ ਵਿੱਚ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਵੀ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਇਹ ਵਿਚਾਰ ਸ਼ਨੀਵਾਰ ਨੂੰ ਮੋਰਿੰਡਾ ਦੇ ਪਿੰਡ ਓਇੰਦ ਵਿਖੇ ਕਰਵਾਏ ਕਬੱਡੀ ਕੱਪ ਅਤੇ ਕੁਸ਼ਤੀ ਦੰਗਲ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਲੋਕਪਾਲ ਪੰਜਾਬ ਜਸਟਿਸ ਵਿਨੋਦ ਕੇ. ਸ਼ਰਮਾ ਨੇ ਪ੍ਰਗਟ ਕੀਤੇ।
ਜਸਟਿਸ ਵਿਨੋਦ ਕੇ.ਸ਼ਰਮਾ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਅਤੇ ਬਿਹਤਰ ਜ਼ਿੰਦਗੀ ਜਿਊਣ ਲਈ ਖੇਡਾਂ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ। ਨਰੋਏ ਸਮਾਜ ਦੀ ਸਿਰਜਣਾ ਲਈ ਜ਼ਰੂਰੀ ਹੈ ਕਿ ਸਾਰਿਆਂ ਨੂੰ ਆਪਣੀ ਰੋਜ਼ਾਨਾਂ ਦੀਆਂ ਗਤੀਵਿਧੀਆਂ ਵਿੱਚ ਖੇਡਾਂ ਨੂੰ ਅਪਣਾ ਕੇ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਬਣਾਇਆ ਜਾਵੇ।
ਹਜ਼ਰਤ ਗੁੱਗਾ ਜਾਹਰ ਪੀਰ ਜੀ ਦੀ ਯਾਦ ਨੂੰ ਸਮਰਪਿਤ ਇਹ ਸਮਾਗਮ ਨਹਿਰੂ ਯੁਵਾ ਕੇਂਦਰ ਰੋਪੜ, ਯੂਥ ਵੈਲਫੇਅਰ ਕਲੱਬ, ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਕੁਸ਼ਤੀ ਮੁਕਾਬਲੇ ਦੇ ਜੇਤੂ ਨੂੰ ਇਨਾਮ ਵਜੋਂ ਇੱਕ ਲੱਖ ਰੁਪਏ ਅਤੇ ਇੱਕ ਝੋਟੀ ਦਿੱਤੀ ਗਈ।
ਇਸ ਮੌਕੇ ਸਕੱਤਰ ਲੋਕਪਾਲ ਪੰਜਾਬ ਹਰਬੰਸ ਸਿੰਘ, ਐਸ.ਡੀ.ਐਮ. ਮੋਰਿੰਡਾ ਦੀਪਾਂਕਰ ਗਰਗ, ਡੀ.ਐਸ.ਪੀ. ਮੋਰਿੰਡਾ ਮਨਜੀਤ ਸਿੰਘ ਔਲਖ, ਤਹਿਸੀਲਦਾਰ ਮੋਰਿੰਡਾ ਮਨਿੰਦਰ ਸਿੰਘ ਸਿੱਧੂ, ਐਡਵੋਕੇਟ ਅਨਮੋਲ ਮਾਨ, ਐਡਵੋਕੇਟ ਪ੍ਰਿੰਸ ਮਾਨ, ਐਸ.ਐਚ.ਓ. ਸਦਰ ਮੋਰਿੰਡਾ ਸਿਮਰਨਜੀਤ ਸਿੰਘ, ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ, ਨੰਬਰਦਾਰ ਬਹਾਦਰਪੁਰ ਸਿੰਘ, ਜਸਕਰਨ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।