ਨਾਭਾ ਕਿਲਾ ਮੁਬਾਰਕ ਦੀ ਮੁਰੰਮਤ ਤੇ ਪੁਨਰਸੁਰਜੀਤੀ ਕਰਕੇ ਸੈਰ ਸਪਾਟੇ ਦਾ ਕੇਂਦਰ ਬਣਾਉਣ ਲਈ ਵਿਚਾਰਾਂ
ਨਾਭਾ ਕਿਲਾ ਮੁਬਾਰਕ ਦੀ ਮੁਰੰਮਤ ਤੇ ਪੁਨਰਸੁਰਜੀਤੀ ਕਰਕੇ ਸੈਰ ਸਪਾਟੇ ਦਾ ਕੇਂਦਰ ਬਣਾਉਣ ਲਈ ਵਿਚਾਰਾਂ
-ਡਿਪਟੀ ਕਮਿਸ਼ਨਰ ਵੱਲੋਂ ਐਸ.ਡੀ.ਐਮ. ਤੇ ਹੋਰ ਅਧਿਕਾਰੀਆਂ ਨਾਲ ਬੈਠਕ, ਅਗਲੇ 15 ਦਿਨਾਂ ‘ਚ ਮੁਢਲੀ ਰਿਪੋਰਟ ਤਿਆਰ ਕਰਨ ਦੇ ਆਦੇਸ਼
ਪਟਿਆਲਾ, 8 ਸਤੰਬਰ:
ਰਿਆਸਤੀ ਸ਼ਹਿਰ ਨਾਭਾ ਦੇ ਪੁਰਾਤਨ, ਇਤਿਹਾਸਕ ਤੇ ਵਿਰਾਸਤੀ ਕਿਲਾ ਮੁਬਾਰਕ ਦੀ ਮੁਰੰਮਤ ਕਰਕੇ ਇਸਨੂੰ ਸੈਲਾਨੀਆਂ ਲਈ ਹੱਬ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਫੈਸਲੇ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਸ.ਡੀ.ਐਮ. ਤਰਸੇਮ ਚੰਦ ਤੇ ਹੋਰ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਹਾਰਾਜਾ ਹੀਰਾ ਸਿੰਘ ਤੇ ਮਹਾਰਾਜਾ ਰਿਪੁਦਮਨ ਸਿੰਘ ਨਾਲ ਸਬੰਧਤ ਨਾਭੇ ਦਾ ਕਿਲਾ ਮੁਬਾਰਕ ਇਤਿਹਾਸਕ ਮਹੱਤਤਾ ਰੱਖਦਾ ਹੈ, ਇਸ ਲਈ ਇਸ ਦੀ ਹੋਂਦ ਨੂੰ ਸੰਭਾਲਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਗੰਭੀਰ ਹੈ। ਉਨ੍ਹਾਂ ਕਿਹਾ ਕਿ ਨਾਭਾ ਦੇ ਕਿਲਾ ਮੁਬਾਰਕ ਦੇ ਇਤਿਹਾਸ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਇੱਥੇ ਕਿਊ ਆਰ ਕੋਡ ਪ੍ਰਣਾਲੀ ਲਗਾਈ ਜਾਵੇਗੀ ਅਤੇ ਇਸ ਕਿਲੇ ਦੀ ਵਿਰਾਸਤੀ ਸੈਰ ਵੀ ਉਲੀਕੀ ਜਾਵੇਗੀ।
ਸਾਕਸ਼ੀ ਸਾਹਨੀ ਨੇ ਮੀਟਿੰਗ ਦੌਰਾਨ ਐਸ.ਡੀ.ਐਮ. ਨਾਭਾ ਤਰਸੇਮ ਚੰਦ ਨੂੰ ਇਸ ਕਿਲੇ ਦੀ ਪੁਨਰਸੁਰਜੀਤੀ ਤੇ ਮੁਰੰਮਤ ਲਈ ਨੋਡਲ ਅਫ਼ਸਰ ਲਗਾਉਂਦਿਆਂ ਕਿਹਾ ਕਿ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ, ਲੋਕ ਨਿਰਮਾਣ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਨਾਲ ਤਾਲਮੇਲ ਕਰਕੇ 15 ਦਿਨਾਂ ਦੇ ਅੰਦਰ-ਅੰਦਰ ਮੁਢਲੀ ਰਿਪੋਰਟ ਤਿਆਰ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕਿਲੇ ਦੀ ਮੁਰੰਮਤ ਦਾ ਕੰਮ ਕਾਫੀ ਵੱਡਾ ਹੈ, ਇਸ ਲਈ ਇਸ ਨੂੰ ਪੜਾਅਵਾਰ ਕੀਤਾ ਜਾਣਾ ਹੈ, ਜਿਸ ਕਰਕੇ ਸਬੰਧਤ ਵਿਭਾਗਾਂ ਵੱਲੋਂ ਆਪਣੀਆਂ ਤਜਵੀਜਾਂ ਬਣਾਈਆਂ ਜਾਣ ਤਾਂ ਕਿ ਇਸ ਵਿਰਾਸਤੀ ਧਰੋਹਰ ਨੂੰ ਬਚਾਅ ਕੇ ਸਾਡੀਆਂ ਅਗਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਣ ਦੇ ਨਾਲ-ਨਾਲ ਇਸ ਨੂੰ ਸੈਲਾਨੀਆਂ ਦਾ ਕੇਂਦਰ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਲਾ ਕੰਪਲੈਕਸ ਵਿੱਚੋਂ ਚੋਰੀਆਂ ਆਦਿ ਰੋਕਣ, ਨਜਾਇਜ਼ ਕਬਜ਼ੇ ਹਟਾਉਣ ਤੇ ਕੰਪਲੈਕਸ ਦੀ ਸਾਫ਼-ਸਫ਼ਾਈ, ਲੋਕਾਂ ਨੂੰ ਕੂੜਾ ਕਰਕਟ ਸੁੱਟਣ ਤੋਂ ਰੋਕਣ ਲਈ ਸਬੰਧਤ ਵਿਭਾਗਾਂ ਸਮੇਤ ਨਗਰ ਕੌਂਸਲ ਤੇ ਪੁਲਿਸ ਨੂੰ ਹਦਾਇਤ ਕੀਤੀ।
ਬੈਠਕ ਦੌਰਾਨ ਸਹਾਇਕ ਕਮਿਸ਼ਨਰ (ਜ) ਮਨਪ੍ਰੀਤ ਕੌਰ, ਤਹਿਸੀਲਦਾਰ ਅੰਕਿਤਾ ਅਗਰਵਾਲ, ਐਸ.ਐਚ.ਓ. ਕੋਤਵਾਲੀ ਹੈਰੀ ਬੋਪਾਰਾਏ, ਲੋਕ ਨਿਰਮਾਣ ਦੇ ਐਸ.ਈ. ਦੀਪਕ ਗੋਇਲ, ਕਾਰਜਕਾਰੀ ਇੰਜੀਨੀਅਰ ਰਿਚਾ ਅਗਰਵਾਲ, ਐਸ.ਡੀ.ਓ. ਇਕਬਾਲ ਸ਼ਰੀਫ਼, ਕਾਰਜ ਸਾਧਕ ਅਫ਼ਸਰ ਗੁਰਚਰਨ ਸਿੰਘ, ਸੈਰ ਸਪਾਟਾ ਵਿਭਾਗ ਤੋਂ ਰਮਨ ਖੇੜਾ ਤੇ ਜਸਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।