ਪੰਜਾਬੀ ਭਾਸ਼ਾ ਅਤੇ ਸ਼ਾਨਾਮੱਤੇ ਇਤਿਹਾਸ ਨਾਲ ਸਰਕਾਰ ਕਰ ਰਹੀ ਖਿਲਵਾੜ : ਪ੍ਰੋ. ਬਡੂੰਗਰ

ਦੁਆਰਾ: Punjab Bani ਪ੍ਰਕਾਸ਼ਿਤ :Saturday, 02 September, 2023, 07:56 PM

ਪੰਜਾਬੀ ਭਾਸ਼ਾ ਅਤੇ ਸ਼ਾਨਾਮੱਤੇ ਇਤਿਹਾਸ ਨਾਲ ਸਰਕਾਰ ਕਰ ਰਹੀ ਖਿਲਵਾੜ : ਪ੍ਰੋ. ਬਡੂੰਗਰ
ਸਰਕਾਰ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਬਰਬਾਦੀ ਬੋਰਡ ਤੋਂ ਵੱਧ ਕੁਝ ਵੀ ਨਹੀਂ
ਪਟਿਆਲਾ 2 ਸਤੰਬਰ ()
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਰਕਾਰ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬੀ ਭਾਸ਼ਾ ਅਤੇ ਸ਼ਾਨਾਮੱਤੇ ਇਤਿਹਾਸ ਨਾਲ ਕੀਤੇ ਜਾ ਰਹੇ ਖਿਲਵਾੜ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਭੇਜ ਕੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਗਠਨ ਪੰਜਵੀਂ, ਅੱਠਵੀਂ, ਦਸਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਯੂਨੀਵਰਸਿਟੀ ਦੇ ਕੰਟਰੋਲ ਤੋਂ ਬਾਹਰ ਕੱਢਕੇ ਨੇਪਰੇ ਚੜਾਉਣਾ, ਸਮੇਂ ਸਮੇਂ ਤੇ ਪਾਠ ਪੁਸਤਕਾਂ ਤਿਆਰ ਕਰਵਾਉਣ ਹਿੱਤ ਕੀਤਾ ਗਿਆ ਸੀ ਤਾਂ ਕਿ ਪ੍ਰੀਖਿਆਵਾਂ ਕਰਵਾਉਣ, ਪਾਠ ਪੁਸਤਕਾਂ ਛਪਾਉਣ ਦੇ ਨਾਲ ਨਾਲ ਪੰਜਾਬ ਦਾ ਇਤਿਹਾਸ, ਸੱਭਿਆਚਾਰ, ਪੰਜਾਬੀ ਭਾਸ਼ਾ ਨੂੰ ਸਹੀ ਅਤੇ ਸ਼ੁੱਧ ਰੂਪ ਵਿਚ ਨੌਜਵਾਨ ਪੀੜ੍ਹੀ ਅਤੇ ਸਕੂਲ ਦੇ ਵਿਦਿਆਰਥੀਆਂ ਤੱਕ ਪਹੁੰਚਾਉਣਾ ਸੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਕਿਸੇ ਸੋਚੀ, ਸਮਝੀ ਅਤੇ ਗੁੱਝੀ ਨੀਤੀ ਤਹਿਤ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀ ਹੈ ਇਸ ਕਰਕੇ ਸਰਕਾਰ ਦਾ ਅਜਿਹਾ ਰਵੱਈਆ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ’ਤੇ ਸਰਕਾਰਾਂ ਅਤੇ ਚੇਅਰਮੈਨ ਵੀ ਬਦਲਦੇ ਰਹੇ ਹਨ, ਪ੍ਰੰਤੂ ਅਜਿਹੀ ਕੋਝੀ ਨੀਤੀ ਬਾਦਸਤੂਰ ਜਾਰੀ ਹੈ। ਪ੍ਰੋ. ਬਡੂੰਗਰ ਨੇ ਜ਼ਿਕਰ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਦੇਸ਼ ਦੇ ਮਹਾਨ ਸਪੂਤ ਅਮਰ ਸ਼ਹੀਦ ਸਰਦਾਰ ਊਧਮ ਸਿੰਘ ਬਾਰੇ ਮਨਘੜਤ ਬਿਲਕੁਲ ਗਲਤ ਸੂਚਨਾ ਤੱਥਾਂ ਤਾਰੀਖਾਂ ਲਿਖਵਾਕੇ ਪੰਜਾਬ ਅਤੇ ਦੇਸ਼ ਦੀ ਅਜ਼ਾਦੀ ਦੇ ਮਹਾਨ ਨਾਇਕ ਨਾਲ ਹੀ ਵੀ ਘੋਰ ਬੇਇਨਸਾਫੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲ੍ਹਿਆਂ ਵਾਲੇ ਬਾਗ ਦਾ 13 ਅਪ੍ਰੈਲ 1919 ਨੂੰ ਵਾਪਰਿਆ ਇਹ ਹਿਰਦੇਵੇਦਕ ਸਾਕਾ ਜਿਸ ਵਿਚ ਅਨੇਕਾਂ ਹੀ ਅਜ਼ਾਦੀ ਦੇ ਪਰਵਾਨੇ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਸਮੇਤ ਪੰਜਾਬੀਆਂ ਦਾ ਸਾਂਝਾ ਪਵਿੱਤਰ ਖੂਨ ਜਨਰਲ ਡਾਇਰ ਨੇ ਵਹਾਇਆ ਸੀ, ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਜੀ ਦੇ ਇਤਿਹਾਸ ਨੂੰ ਤੋੜ ਮਰੋੜਕੇ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਇਹ ਬੋਰਡ ਵਾਲੇ ਕਿਸ ਦੀ ਸੇਵਾ ਕਰ ਰਹੇ ਹਨ? ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਸਕੂਲ ਸਿੱਖਿਆ ਬੋਰਡ ਬਰਬਾਦੀ ਬੋਰਡ ਬਣਕੇ ਹੀ ਰਹਿ ਗਿਆ ਹੈ। ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਨੂੰ ਅਪੀਲ ਕਤੀ ਹੈ ਕਿ ਇਸ ਕੋਝੇ ਵਰਤਾਰੇ ਲਈ ਜ਼ਿੰਮੇਵਾਰ ਅਧਿਕਾਰੀਆਂ, ਚੇਅਰਮੈਨ ਅਤੇ ਚੇਅਰਪਰਸਨ ਵਿਰੁੱਧ ਸਖਤ ਕਾਰਵਾਈ ਕਰਵਾਉਣ ਤਾਂ ਜੋ ਇਹ ਗੰਦਾ ਅਤੇ ਮੰਦਭਾਗਾ ਸਿਲਸਿਲਾ ਪੱਕੇ ਤੌਰ ’ਤੇ ਬੰਦ ਹੋ ਸਕੇ।



Scroll to Top