ਚੰਦਰਯਾਨ-3 ਮਿਸ਼ਨ ਵਿਸ਼ੇ ਉੱਤੇ ਸਪੈਸ਼ਲ ਭਾਸ਼ਣ ਕਰਵਾਇਆ
ਚੰਦਰਯਾਨ-3 ਮਿਸ਼ਨ ਵਿਸ਼ੇ ਉੱਤੇ ਸਪੈਸ਼ਲ ਭਾਸ਼ਣ ਕਰਵਾਇਆ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਚੰਦਰਯਾਨ-3 ਮਿਸ਼ਨ ਵਿਸ਼ੇ ਉੱਤੇ ਸਪੈਸ਼ਲ ਭਾਸ਼ਣ ਕਰਵਾਇਆ ਗਿਆ। ਤਿਕ ਵਿਗਿਆਨ ਵਿਭਾਗ ਵੱਲੋਂ ਆਊਟਰੀਚ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਅੰਦਰ ਵਿਗਿਆਨਿਕ ਚੇਤਨਾ ਲਿਆਉਣ ਦੇ ਪ੍ਰਯੋਜਨ ਵਜੋਂ ਚੰਦਰਯਾਨ-3 ਮਿਸ਼ਨ ਵਿਸ਼ੇ ਉੱਤੇ ਸਪੈਸ਼ਲ ਲੈਕਚਰ-ਕਮ-ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਵਿਭਾਗ ਮੁਖੀ, ਡਾ. ਅਨੂਪ ਠਾਕੁਰ ਨੇ ਕਿਹਾ ਕਿ ਭੌਤਿਕ ਵਿਗਿਆਨ ਵਿਭਾਗ ਦੀ ਪੁਰਾਣੇ ਸਮੇਂ ਤੋਂ ਇਹ ਰੀਤ ਰਹੀ ਹੈ ਕਿ ਵਿਭਾਗ ਦੇ ਅਧਿਆਪਨ ਅਤੇ ਖੋਜ-ਕਾਰਜਾਂ ਦੇ ਨਾਲ-ਨਾਲ ਆਮ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਵਿਚ ਵਿਗਿਆਨ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਪਰਾਲੇ ਕੀਤੇ ਜਾਣ। ਅਜਿਹੇ ਪ੍ਰੋਗਰਾਮ ਕਰਨ ਨਾਲ ਸਮਾਜ ਵਿਚ ਤਰਕਸ਼ੀਲ ਸੋਚ ਦੇ ਨਾਲ ਵਿਗਿਆਨਕ ਚੇਤਨਾ ਦਾ ਪਸਾਰਾ ਹੁੰਦਾ ਹੈ। ਇਸ ਪ੍ਰੋਗਰਾਮ ਦੇ ਮੁੱਖ ਵਕਤਾ ਡਾ. ਕਰਮਜੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫ਼ੈਸਰ, ਭੋਤਿਕ ਵਿਗਿਆਨ ਵਿਭਾਗ ਨੇ ਆਪਣੇ ਭਾਸ਼ਣ ਦੌਰਾਨ ਬ੍ਰਹਿਮੰਡ ਦੀ ਉਤਪਤੀ ਤੋਂ ਲੈ ਕੇ ਅਜੋਕੇ ਚੰਦਰਯਾਨ ਮਿਸ਼ਨ ਤਕ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ, ਭਾਰਤ ਦੀਆਂ ਪੁਲਾੜ ਖੋਜ ਖੇਤਰ ਵਿਚ ਛੂਹੀਆਂ ਬੁਲੰਦੀਆਂ ਦਾ ਤਫ਼ਸੀਲ ਨਾਲ ਵਿਖਿਆਨ ਕੀਤਾ। ਉਨ੍ਹਾਂ ਕਿਹਾ ਕਿ ਅਜੋਕਾ ਵਿਗਿਆਨ ਭਾਵੇਂ ਰੋਜਾਨਾ ਨਵੇਂ ਦਿਸਹੱਦੇ ਸਿਰਜ ਰਿਹਾ ਹੈ, ਪ੍ਰੰਤੂ ਅਜੇ ਵੀ ਅਸੀਮ ਕੁਦਰਤ ਬਾਰੇ ਬਹੁਤ ਕੁਝ ਜਾਣਨਾ ਬਾਕੀ ਹੈ। ਇਸ ਪ੍ਰੋਗਰਾਮ ਵਿਚ 200 ਤੋਂ ਵੱਧ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵਿਗਿਆਨ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਿਲ ਕੀਤੀ। ਸਮਾਗਮ ਦੇ ਆਖ਼ੀਰ ਵਿਚ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਅਤੇ ਯੂਨੀਵਰਸਿਟੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਦੇ ਇੰਚਾਰਜ, ਡਾ. ਬਾਲ ਕ੍ਰਿਸ਼ਨ ਨੇ ਇਸ ਪ੍ਰੋਗਰਾਮ ਦੇ ਆਯੋਜਨ ਲਈ ਵਿਭਾਗ ਦਾ ਧੰਨਵਾਦ ਕੀਤਾ। ਇਸ ਪੂਰੇ ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਡਾ. ਮਹਿੰਦਰ ਸਿੰਘ, ਸਹਾਇਕ ਪ੍ਰੋਫ਼ੈਸਰ ਭੌਤਿਕ ਵਿਗਿਆਨ ਵਿਭਾਗ ਨੇ ਨਿਭਾਈ। ਇਸ ਮੌਕੇ ਵਿਭਾਗ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਕੂਲੀ ਅਧਿਆਪਕ ਵੀ ਸ਼ਾਮਿਲ ਸਨ।