ਡਾ. ਜਸਵਿੰਦਰ ਸਿੰਘ ਨੂੰ ਭਾਈ ਵੀਰ ਸਿੰਘ ਚੇਅਰ ਦਾ ਇੰਚਾਰਜ ਲਗਾਇਆ

ਡਾ. ਜਸਵਿੰਦਰ ਸਿੰਘ ਨੂੰ ਭਾਈ ਵੀਰ ਸਿੰਘ ਚੇਅਰ ਦਾ ਇੰਚਾਰਜ ਲਗਾਇਆ
ਪਟਿਆਲਾ- ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਜਸਵਿੰਦਰ ਸਿੰਘ ਨੂੰ ਭਾਈ ਵੀਰ ਸਿੰਘ ਚੇਅਰ ਦਾ ਇੰਚਾਰਜ ਲਗਾਇਆ ਗਿਆ ਹੈ।
ਡਾ. ਜਸਵਿੰਦਰ ਸਿੰਘ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਿੱਖ ਅਧਿਐਨ ਦੇ ਸਹਾਇਕ ਪ੍ਰੋਫ਼ੈਸਰ ਵਜੋਂ ਕਾਰਜਸ਼ੀਲ ਹਨ। ਜ਼ਿਕਰਯੋਗ ਹੈ ਕਿ ਉਹ ਲੰਬੇ ਸਮੇਂ ਤੋਂ ਭਾਈ ਵੀਰ ਸਿੰਘ ਚਿੰਤਨ ਨਾਲ ਜੁੜੇ ਹੋਏ ਹਨ, ਜਿਸ ਕਰਕੇ ਉਹਨਾਂ ਨੂੰ 2014 ਵਿਚ ‘ਭਾਈ ਵੀਰ ਸਿੰਘ ਸ਼ਬਦ-ਚਿੰਤਨ ਪੁਰਸਕਾਰ’ ਅਤੇ 2019 ਵਿਚ ‘ਪ੍ਰੋ. ਪੂਰਨ ਸਿੰਘ ਯੁਵਾ ਸਾਹਿਤ ਪੁਰਸਕਾਰ’ ਦਾ ਸਨਮਾਨ ਹਾਸਿਲ ਹੋ ਚੁੱਕਾ ਹੈ।
ਉਹਨਾਂ ਦੇ 25 ਤੋਂ ਵਧੇਰੇ ਖੋਜ-ਪੱਤਰ ਵੱਖ-ਵੱਖ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਰਸਾਲਿਆਂ ਵਿੱਚ ਪ੍ਰਕਾਸ਼ਤ ਹੋ ਚੁੱਕੇ ਹਨ ਅਤੇ 30 ਤੋਂ ਵਧੇਰੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸੈਮੀਨਾਰ ਅਤੇ ਕਾਨਫ਼ਰੰਸਾਂ ਵਿਚ ਪਰਚੇ ਪੇਸ਼ ਕਰ ਚੁੱਕੇ ਹਨ।
ਡਾ. ਜਸਵਿੰਦਰ ਸਿੰਘ ਨੇ ਪ੍ਰੋ. ਪੂਰਨ ਸਿੰਘ ਦੇ ਅਹਿਮ ਦਸਤਾਵੇਜ਼ਾਂ ਨੂੰ ਪੰਜ ਭਾਗਾਂ ਵਿਚ ਪ੍ਰਕਾਸ਼ਤ ਕਰਵਾਇਆ ਹੈ।
ਉਨ੍ਹਾਂ ਵੱਲੋਂ ਹਾਲ ਹੀ ਵਿੱਚ ਪ੍ਰਕਾਸ਼ਿਤ ਕਰਵਾਏ ਗਏ ਭਾਈ ਵੀਰ ਸਿੰਘ ਅਤੇ ਹੋਰਨਾਂ ਸ਼ਖ਼ਸੀਅਤਾਂ ਨੂੰ ਲਿਖੇ ਗਏ ਪ੍ਰੋ. ਪੂਰਨ ਸਿੰਘ ਦੇ ਪੱਤਰ ਜੋ ਕਿ ‘ਗੋਲਡਨ ਫ਼ੀਦਰਜ਼ : ਲੈਟਰਜ਼ ਫ਼ਰੋਮ ਪ੍ਰੋ. ਪੂਰਨ ਸਿੰਘ ਟੂ ਭਾਈ ਵੀਰ ਸਿੰਘ ਐਂਡ ਅਦਰਜ਼ (2023)’ ਸਿਰਲੇਖ ਤਹਿਤ ਛਪੇ ਹਨ, ਦੀ ਪ੍ਰਕਾਸ਼ਨਾ ਭਾਈ ਵੀਰ ਸਿੰਘ ਅਧਿਐਨ ਵਿਚ ਇਕ ਨਵਾਂ ਅਤੇ ਮਹੱਤਵਪੂਰਨ ਸ੍ਰੋਤ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਉਂਕਿ ਉਨ੍ਹਾਂ ਨੇ ਭਾਈ ਵੀਰ ਸਿੰਘ ਬਾਰੇ ਬਹੁਤ ਸਾਰਾ ਅਕਾਦਮਿਕ ਮਹੱਤਵ ਵਾਲ਼ਾ ਕਾਰਜ ਕੀਤਾ ਹੈ, ਇਸ ਲਈ ਸਹਿਜੇ ਹੀ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਭਾਈ ਵੀਰ ਸਿੰਘ ਚੇਅਰ ਦੇ ਕੰਮ ਕਾਜ ਦਾ ਦਾਇਰਾ ਹੋਰ ਵਸੀਹ ਕਰਨਗੇ।
