ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਵੱਲੋਂ ਡੇਂਗੂ ਤੇ ਚਿਕਨਗੁਨੀਆ ਦਾ ਪਸਾਰਾ ਰੋਕਣ ਲਈ ਜਾਇਜ਼ਾ ਮੀਟਿੰਗ
ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਵੱਲੋਂ ਡੇਂਗੂ ਤੇ ਚਿਕਨਗੁਨੀਆ ਦਾ ਪਸਾਰਾ ਰੋਕਣ ਲਈ ਜਾਇਜ਼ਾ ਮੀਟਿੰਗ
-ਨਗਰ ਨਿਗਮ ਵੱਲੋਂ 8 ਟੀਮਾਂ ਗਠਿਤ, ਸਿਹਤ ਵਿਭਾਗ ਨਾਲ ਮਿਲਕੇ ਚੈਕਿੰਗ ਕਰਕੇ ਕੱਟੇ ਜਾਣਗੇ ਚਲਾਨ
ਪਟਿਆਲਾ, 31 ਅਗਸਤ:
ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਨੇ ਨਿਗਮ ਅਧੀਨ ਖੇਤਰ ਵਿੱਚ ਡੇਂਗੂ ਤੇ ਚਿਕਨਗੁਨੀਆ ਦਾ ਪਸਾਰਾ ਰੋਕਣ ਲਈ ਸਿਹਤ ਵਿਭਾਗ ਤੇ ਨਗਰ ਨਿਗਮ ਅਧਿਕਾਰੀਆਂ ਨਾਲ ਇੱਕ ਸਾਂਝੀ ਜਾਇਜ਼ਾ ਮੀਟਿੰਗ ਕੀਤੀ।
ਮਨੀਸ਼ਾ ਰਾਣਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਸ਼ਹਿਰ ਵਾਸੀਆਂ ਨੂੰ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਸ਼ਹਿਰ ਵਿੱਚ ਸਾਫ਼-ਸਫ਼ਾਈ ਦੀ ਮੁਹਿੰਮ ਵੀ ਵਿੱਢੀ ਗਈ ਹੈ।
ਸੰਯੁਕਤ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਕਮਿਸ਼ਨਰ ਅਦਿੱਤਿਆ ਉਪਲ ਦੇ ਆਦੇਸ਼ਾਂ ਤਹਿਤ 8 ਵਿਸ਼ੇਸ਼ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਸਿਹਤ ਵਿਭਾਗ ਨਾਲ ਮਿਲਕੇ ਸ਼ਹਿਰ ਵਿੱਚ 60 ਵਾਰਡਾਂ ਵਿੱਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਡੇਂਗੂ ਚਿਕਨਗੁਨੀਆ ਮੱਛਰ ਦਾ ਲਾਰਵਾ ਮਿਲਣ ‘ਤੇ ਚਲਾਨ ਵੀ ਕੱਟੇ ਜਾ ਰਹੇ ਹਨ।
ਇਸ ਤੋਂ ਬਿਨ੍ਹਾਂ ਸਮੂਹ ਸੈਨਟਰੀ ਇੰਸਪੈਕਟਰਾਂ ਨੂੰ ਵਿਸ਼ੇਸ਼ ਹਦਾਇਤ ਕੀਤੀ ਗਈ ਹੈ ਕਿ ਡੇਂਗੂ ਦੇ ਹਾਟ-ਸਪਾਟ ਖੇਤਰਾਂ ਵਿੱਚ ਵਿਸ਼ੇਸ਼ ਚੈਕਿੰਗ ਕੀਤੀ ਜਾਵੇ, ਕਿਸੇ ਵੀ ਥਾਂ ‘ਤੇ ਕੂੜੇ ਦੇ ਢੇਰ ਨਾ ਹੋਣ, ਜਨਤਕ ਪਖਾਨਿਆਂ ਦੀ ਵਿਸ਼ੇਸ਼ ਸਾਫ਼-ਸਫ਼ਾਈ ਯਕੀਨੀ ਬਣਾਈ ਜਾਵੇ ਅਤੇ ਨਾਲ ਹੀ ਲੋਕਾਂ ਨੂੰ ਵੀ ਸਫਾਈ ਬਾਰੇ ਜਾਗਰੂਕ ਕੀਤਾ ਜਾਵੇ।
ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਨੇ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਤੇ ਨਗਰ ਨਿਗਮ ਦੀਆਂ ਟੀਮਾਂ ਨੂੰ ਸਹਿਯੋਗ ਕਰਨ ਤਾਂ ਕਿ ਡੇਂਗੂ ਤੇ ਚਿਕਨਗੁਨੀਆ ਅਤੇ ਹੋਰ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਮੀਟਿੰਗ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮਿਤ ਸਿੰਘ, ਸਿਹਤ ਅਫ਼ਸਰ ਡਾ. ਸ਼ਿਖਾ, ਚੀਫ਼ ਸੈਨੈਟਰੀ ਇੰਸਪੈਕਟਰ ਤੇ ਸਮੂਹ ਸੈਨੈਟਰੀ ਇੰਸਪੈਕਟਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।