9ਵੀਂ ਯੂਕੇ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਹੇਜ਼ ਵਿਖੇ 2 ਸਤੰਬਰ ਨੂੰ : ਸੰਸਦ ਮੈਂਬਰ ਢੇਸੀ
9ਵੀਂ ਯੂਕੇ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਹੇਜ਼ ਵਿਖੇ 2 ਸਤੰਬਰ ਨੂੰ : ਸੰਸਦ ਮੈਂਬਰ ਢੇਸੀ
ਯੂਕੇ ਦੇ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਦਿਖਾਉਣਗੀਆਂ ਗੱਤਕਾ ਦੇ ਜੌਹਰ
ਚੰਡੀਗੜ੍ਹ/ਯੂ.ਕੇ., 31 ਅਗਸਤ, 2023 : ਵਿਸ਼ਵ ਗੱਤਕਾ ਫੈਡਰੇਸ਼ਨ ਨਾਲ ਸਬੰਧਤ ਗੱਤਕਾ ਫੈਡਰੇਸ਼ਨ ਯੂਕੇ ਵੱਲੋਂ ਹੇਜ਼ ਸ਼ਹਿਰ ਦੇ ਗੁਰਦੁਆਰਾ ਨਾਨਕਸਰ ਗਰੀਬ ਨਿਵਾਜ ਦੇ ਸਹਿਯੋਗ ਨਾਲ ਆਗਾਮੀ ਯੂ.ਕੇ. ਦੀ 9ਵੀਂ ਕੌਮੀ ਗੱਤਕਾ ਚੈਂਪੀਅਨਸ਼ਿਪ-2023 ਸ਼ਨੀਵਾਰ, 2 ਸਤੰਬਰ ਨੂੰ ਗੁਰਦੁਆਰਾ ਨਾਨਕਸਰ ਦੇ ਗਰਾਊਂਡ ਵਿੱਚ ਕਰਵਾਈ ਜਾਵੇਗੀ ਜਿਸ ਵਿੱਚ ਬਰਤਾਨੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਗੱਤਕਾ ਅਖਾੜੇ (ਟੀਮਾਂ) ਭਾਗ ਲੈਣਗੇ।
ਸਲੋਹ ਤੋਂ ਸੰਸਦ ਮੈਂਬਰ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਸੇਵਾ ਨਿਭਾਅ ਰਹੇ ਗੱਤਕਾ ਫੈਡਰੇਸ਼ਨ ਯੂਕੇ ਦੇ ਸੰਸਥਾਪਕ ਪ੍ਰਧਾਨ ਤਨਮਨਜੀਤ ਸਿੰਘ ਢੇਸੀ ਨੇ ਇਸ ਸਮਾਗਮ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲਾਨਾ ਕੌਮੀ ਚੈਂਪੀਅਨਸ਼ਿਪ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਲੜਕੇ ਅਤੇ ਲੜਕੀਆਂ ਅਤੇ ਮਰਦ ਤੇ ਔਰਤਾਂ ਦੀਆਂ ਗੱਤਕਾ ਟੀਮਾਂ ਆਪਣੇ ਜੌਹਰ ਦਿਖਾਉਣਗੀਆਂ।
ਉਨ੍ਹਾਂ ਦੱਸਿਆ ਕਿ ਗ੍ਰੇਵਜੈਂਡ ਵਿੱਚ 2013 ਤੋਂ ਸ਼ੁਰੂ ਹੋਣ ਪਿੱਛੋਂ ਇਹ ਨੈਸ਼ਨਲ ਗੱਤਕਾ ਮੁਕਾਬਲੇ ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਅੱਠ ਸ਼ਹਿਰਾਂ ਜਿਵੇਂ ਕਿ ਸਾਲ 2014 ਵਿੱਚ ਡਰਬੀ ਵਿਖੇ, 2015 ਵਿੱਚ ਸਾਊਥਾਲ, 2016 ਵਿੱਚ ਸਮੈਥਵਿਕ (ਬਰਮਿੰਘਮ), 2017 ਵਿੱਚ ਇਲਫੋਰਡ (ਲੰਡਨ), 2018 ਵਿੱਚ ਸਲੋਹ, 2019 ਵਿੱਚ ਵੁਲਵਰਹੈਂਪਟਨ ਅਤੇ 2022 ਵਿੱਚ ਲੇਮਿੰਗਟਨ ਸਪਾ ਵਿਖੇ ਸਫਲਤਾਪੂਰਵਕ ਆਯੋਜਿਤ ਕੀਤੇ ਜਾ ਚੁੱਕੇ ਹਨ।
ਢੇਸੀ ਨੇ ਉਤਸ਼ਾਹ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਹੇਜ਼ ਵੱਲੋਂ ਪਹਿਲੀ ਵਾਰ ਇਸ ਰਾਸ਼ਟਰੀ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ ਅਤੇ ਇੰਨਾਂ ਮੁਕਾਬਲਿਆਂ ਦੌਰਾਨ ਲੜਕੀਆਂ ਅਤੇ ਲੜਕਿਆਂ ਨੂੰ ਸਦੀਆਂ ਪੁਰਾਣੀ ਸਿੱਖ ਮਾਰਸ਼ਲ ਆਰਟ ਵਿੱਚ ਆਪਣੀ ਜੰਗਜੂ ਕਲਾ ਦਾ ਪ੍ਰਦਰਸ਼ਨ ਕਰਨ ਦਾ ਸ਼ਾਨਦਾਰ ਮੌਕਾ ਹੈ।
ਪ੍ਰਧਾਨ ਤਨਮਨਜੀਤ ਢੇਸੀ ਨੇ ਗੱਤਕਾ ਫੈਡਰੇਸ਼ਨ ਯੂਕੇ ਦੇ ਸਕੱਤਰ ਹਰਮਨ ਸਿੰਘ ਜੌਹਲ, ਸੇਫ਼ਟੈਕ ਸਿਸਟਮਜ਼ ਲਿਮਟਿਡ ਦੇ ਐਮ.ਡੀ. ਸਰਬਜੀਤ ਸਿੰਘ ਗਰੇਵਾਲ ਅਤੇ ਸਮੁੱਚੀ ਪ੍ਰਬੰਧਕੀ ਟੀਮ ਦਾ ਇਸ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਉਨ੍ਹਾਂ ਦੇ ਸਮਰਪਿਤ ਯਤਨਾਂ ਲਈ ਧੰਨਵਾਦ ਕੀਤਾ ਹੈ ਅਤੇ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਯੂਕੇ ਦੇਸ਼ ਦੀਆਂ ਸਮੂਹ ਗੱਤਕਾ ਟੀਮਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਪ੍ਰਬੰਧਕਾਂ ਕੋਲ ਐਂਟਰੀ ਲਈ ਪਹੁੰਚ ਕਰਨ ਦਾ ਸੱਦਾ ਦਿੱਤਾ ਹੈ।
ਤਨਮਨਜੀਤ ਢੇਸੀ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਇੱਕ ਮੁਫ਼ਤ ਤੇ ਪਰਿਵਾਰਕ ਈਵੈਂਟ ਹੈ ਜੋ ਸਭ ਲੋਕਾਂ ਲਈ ਖੁੱਲੀ ਹੋਵੇਗੀ ਜਿੱਥੇ ਦਿਨ ਭਰ ਲੰਗਰ ਅਤੇ ਰਿਫਰੈਸ਼ਮੈਂਟ ਦੀ ਸੇਵਾ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵੀ ਜਾਰੀ ਰਹਿਣਗੀਆਂ। ਉਨ੍ਹਾਂ ਸੱਦਾ ਦਿੱਤਾ ਕਿ ਜਿਹੜੇ ਵੀ ਸੱਜਣ ਇਸ ਮੌਕੇ ਵਲੰਟੀਅਰ ਬਣਾਉਣਾ ਚਾਹੁੰਦੇ ਹਨ ਜਾਂ ਆਪਣੇ ਕਾਰੋਬਾਰਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹਨ ਉਹ ਕਿਰਪਾ ਕਰਕੇ ਜ਼ਰੂਰ ਸਾਡੇ ਨਾਲ ਸੰਪਰਕ ਕਰਨ। ਉਨਾਂ ਯੂਕੇ ਦੇ ਸਮੂਹ ਗੁਰਦਵਾਰਾ ਪ੍ਰਬੰਧਕਾਂ, ਰਾਜਸੀ, ਸਮਾਜਿਕ ਤੇ ਧਾਰਮਿਕ ਸਖਸੀਅਤਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬਾਨ ਦੀ ਖੇਡ, ਗੱਤਕੇ, ਲਈ ਆਪਣਾ ਸਮਰਥਨ ਦੇ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮੌਕੇ ਗੁਰਦੁਆਰਾ ਨਾਨਕਸਰ ਗਰੀਬ ਨਿਵਾਜ਼ ਹੇਜ ਦੇ ਮੁੱਖੀ ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਨਾਨਕਸਰ ਵਾਲੇ, ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਮੇਤ ਬਰਤਾਨੀਆ ਅਤੇ ਭਾਰਤ ਤੋਂ ਵੱਡੀ ਗਿਣਤੀ ਵਿਚ ਸਖਸ਼ੀਅਤਾਂ ਹਾਜ਼ਰੀਆਂ ਭਰ ਕੇ ਸਮਾਗਮ ਦੀ ਸ਼ੋਭਾ ਵਧਾਉਣਗੀਆਂ।