ਆਧਾਰ ਅਪਡੇਸ਼ਨ ਦੇ ਕੰਮ 'ਚ ਤੇਜੀ ਲਿਆਉਣ ਦੇ ਆਦੇਸ਼
ਆਧਾਰ ਅਪਡੇਸ਼ਨ ਦੇ ਕੰਮ ‘ਚ ਤੇਜੀ ਲਿਆਉਣ ਦੇ ਆਦੇਸ਼
-ਸਕੂਲਾਂ ‘ਚ ਵਿਸ਼ੇਸ਼ ਕੈਂਪ ਲਗਾ ਕੇ ਆਧਾਰ ਕਾਰਡ ਅੱਪਡੇਟ ਕੀਤੇ ਜਾਣ : ਏ.ਡੀ.ਸੀ.
ਪਟਿਆਲਾ, 25 ਅਗਸਤ:
ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੇ ਅੱਜ ਜ਼ਿਲ੍ਹਾ ਪੱਧਰੀ ਆਧਾਰ ਕਮੇਟੀ ਦੀ ਰਿਵਿਯੂ ਮੀਟਿੰਗ ‘ਚ ਆਧਾਰ ਅਪਡੇਸ਼ਨ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਆਧਾਰ ਅਪਡੇਸ਼ਨ ਦੇ ਕੰਮ ਵਿੱਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਸੀ.ਐਫ.ਏ. ਰਾਕੇਸ਼ ਗਰਗ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਉਨ੍ਹਾਂ ਜ਼ੀਰੋ ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਆਧਾਰ ਰਜਿਸਟ੍ਰੇਸ਼ਨ ਲਾਜਮੀ ਕਰਵਾਏ ਜਾਣ ‘ਤੇ ਜੋਰ ਦਿੰਦਿਆਂ ਕਿਹਾ ਕਿ 5 ਤੋਂ 15 ਸਾਲ ਦੇ ਬੱਚਿਆਂ ਦੇ ਬਾਇਮੀਟ੍ਰਿਕ ਅਪਡੇਟ ਵੀ ਜਰੂਰ ਕਰਵਾਏ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸਕੂਲਾਂ ਵਿੱਚ ਵਿਸ਼ੇਸ਼ ਕੈਂਪ ਲਗਾਕੇ ਵਿਦਿਆਰਥੀਆਂ ਦੇ ਆਧਾਰ ਅੱਪਡੇਟ ਕਰਵਾਉਣ ਦੀ ਹਦਾਇਤ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ, ਜਿਹੜੇ ਨਾਗਰਿਕਾਂ ਦਾ ਆਧਾਰ ਕਾਰਡ 2015 ਤੋਂ ਪਹਿਲਾਂ ਦਾ ਬਣਿਆ ਹੋਇਆ ਹੈ, ਉਹ ਆਪਣੀ ਆਧਾਰ ਜਾਣਕਾਰੀ ਨੂੰ ਲਾਜਮੀ ਅਪਡੇਟ ਕਰਨ। ਉਨ੍ਹਾਂ ਕਿਹਾ ਕਿ ਲੋਕ ਨੇੜਲੇ ਸੇਵਾ ਕੇਂਦਰ ਜਾਂ ਆਧਾਰ ਕੇਂਦਰ ਵਿਖੇ ਜਾ ਕੇ ਆਪਣੀ ਪਛਾਣ ਅਤੇ ਘਰ ਦੇ ਪੱਕੇ ਪਤੇ ਦੇ ਸਬੂਤ ਤੇ ਦਸਤਾਵੇਜ ਜਮ੍ਹਾਂ ਕਰਵਾਕੇ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਧਾਰ ਅਪਡੇਟ ਕਰਵਾਉਣ ਲਈ ਇੱਕ ਮੁਹਿੰਮ ਅਰੰਭੀ ਹੈ, ਜਿਸਦਾ ਲੋਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ।
ਏ.ਡੀ.ਸੀ. ਨੇ ਕਿਹਾ ਕਿ ਭਾਵੇਂ ਕਿ ਨਾਗਰਿਕਾਂ ਦੇ ਪਤੇ ਆਦਿ ਵਿੱਚ ਕੋਈ ਤਬਦੀਲੀ ਨਾ ਵੀ ਹੋਈ ਹੋਵੇ ਤਾਂ ਵੀ ਆਧਾਰ ਅਪਡੇਟ ਕਰਵਾਉਣਾ ਲਾਜਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਬਾਇਲ ਨੰਬਰ ਆਧਾਰ ਨਾਲ ਰਜਿਸਟਰਡ ਹੋਇਆ ਹੈ ਤਾਂ ਨਾਗਰਿਕ ਇਹ ਸੇਵਾ ਆਨ-ਲਾਈਨ ਮਾਈ ਆਧਾਰ ਡਾਟ ਯੂਆਈਡੀਆਈ ਡਾਟ ਜੀਓਵੀ ਡਾਟ ਇਨ ਰਾਹੀਂ ਵੀ ਅਪਡੇਟ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜਦੋਂ ਆਧਾਰ ਕਾਰਡ ਸਰਕਾਰੀ ਸੇਵਾਵਾਂ ਅਤੇ ਸਕੀਮਾਂ ਦਾ ਲਾਭ ਪ੍ਰਾਪਤ ਕਰਨ ਲਈ ਨਾਗਰਿਕਾਂ ਦੀ ਪਛਾਣ ਦਾ ਇੱਕ ਪੁਖ਼ਤਾ ਸਬੂਤ ਬਣ ਗਿਆ ਹੈ ਤਾਂ ਇਸ ਨੂੰ ਸਮੇਂ ਸਮੇਂ ‘ਤੇ ਅਪਡੇਟ ਕਰਨਾ ਵੀ ਲਾਜਮੀ ਹੋ ਗਿਆ ਹੈ।