ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਬਾਂਹ ਫੜ੍ਹੇ: ਪ੍ਰੋ ਚੰਦੂਮਾਜਰਾ

ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਬਾਂਹ ਫੜ੍ਹੇ: ਪ੍ਰੋ ਚੰਦੂਮਾਜਰਾ
ਦੇਵੀਗੜ੍ਹ ਘੱਗਰ ਕੰਢੇ ਦਿੱਤਾ ਜਾ ਰਿਹਾ ਰੋਸ ਧਰਨਾ ਇਤਿਹਾਸਿਕ ਹੋਵੇਗਾ
ਪਟਿਆਲਾ 21 ਅਗਸਤ 2023
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਕਾਲੀ ਦਲ ਵੱਲੋਂ 22 ਅਗਸਤ ਨੂੰ ਦੇਵੀਗੜ੍ਹ ਵਿਖੇ ਘੱਗਰ ਦੇ ਕੰਢੇ ਉੱਤੇ ਦਿੱਤਾ ਜਾ ਰਿਹਾ ਰੋਸ ਧਰਨਾ ਇਤਿਹਾਸਿਕ ਹੋਵੇਗਾ। ਇਸ ਮੌਕੇ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਇਸ ਰੋਸ ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਹਜ਼ਾਰਾਂ ਦੀ ਗਿਣਤੀ ‘ਚ ਵਰਕਰ ਸ਼ਾਮਿਲ ਹੋਣਗੇ। ਪ੍ਰੋ ਚੰਦੂਮਾਜਰਾ ਨੇ ਦੱਸਿਆ ਕਿ ਇਹ ਰੋਸ ਰੈਲੀ ਕੁੰਭਕਰਨੀ ਨੀਂਦ ‘ਚ ਸੁੱਤੀ ਪਈ ਸਰਕਾਰ ਨੂੰ ਜਗਾਉਣ ਦਾ ਇੱਕ ਸੁਨੇਹਾ ਹੈ।
ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਹੜ੍ਹਾਂ ਦੁਆਰਾ ਮਚਾਈ ਭਿਅੰਕਰ ਤਬਾਹੀ ਨੇ ਜ਼ਿਲ੍ਹਾ ਪਟਿਆਲਾ ਦੇ ਹਲਕਾ ਘਨੌਰ, ਸਨੌਰ, ਰਾਜਪੁਰਾ, ਸਮਾਣਾ ਅਤੇ ਸ਼ੁਤਰਾਣਾ ਦੇ ਸੈਂਕੜੇ ਪਿੰਡਾਂ ਦੀਆਂ ਫ਼ਸਲਾਂ ਤਬਾਹ ਕਰਕੇ ਰੱਖ ਦਿੱਤੀਆਂ ਹਨ। ਉਨ੍ਹਾਂ ਆਖਿਆ ਕਿ ਕੁਦਰਤ ਦੇ ਇਸ ਕਹਿਰ ਨੇ ਜਿੱਥੇ ਫ਼ਸਲਾਂ ਦੀ ਬਰਬਾਦੀ ਕੀਤੀ, ਉੱਥੇ ਹੀ ਪਸ਼ੂਆਂ, ਘਰਾਂ, ਸਕੂਲਾਂ ਅਤੇ ਹਸਪਤਾਲਾਂ ਦਾ ਵੀ ਭਾਰੀ ਨੁਕਸਾਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰੰਤੂ ਸੂਬਾ ਸਰਕਾਰ ਦਾ ਹੜ੍ਹਾਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਕੋਈ ਵੀ ਕਰਮਚਾਰੀ ਜਾਂ ਸਰਕਾਰੀ ਨੁਮਾਇੰਦਾ ਨਹੀਂ ਪਹੁੰਚਿਆ। ਜਿਸ ਕਰਕੇ ਆਪ ਸਰਕਾਰ ਦੀ ਨਲਾਇਕੀ ਕਾਰਨ ਸਮੇਂ ਸਿਰ ਗਿਰਦਾਵਰੀ ਨਾ ਕਰਵਾਏ ਜਾਣ ਕਰਕੇ ਲੋਕਾਂ ਨੂੰ ਬਣਦੇ ਮੁਆਵਜ਼ੇ ਦੀ ਰਕਮ ਵੀ ਨਸੀਬ ਨਾ ਹੋਈ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਨਾ ਹੀ ਸਰਕਾਰ ਵੱਲੋਂ ਅੱਜ ਤੱਕ ਡਿੱਗੇ ਹੋਏ ਘਰਾਂ ਅਤੇ ਮਰੇ ਹੋਏ ਪਸ਼ੂਆਂ ਦੀ ਸੂਚੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਆਪ ਸਰਕਾਰ ਦੀ ਮਨਸ਼ਾ ਸਾਫ਼ ਜ਼ਾਹਿਰ ਹੁੰਦੀ ਹੈ ਕਿ ਇਸ ਮੁਸੀਬਤ ਦੀ ਘੜੀ ਵਿੱਚ ਸਰਕਾਰ ਲੋਕਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ।
ਪ੍ਰੋ ਚੰਦੂਮਾਜਰਾ ਨੇ ਕਿਹਾ ਕਿ 15 ਅਗਸਤ ਨੂੰ ਮੁੱਖ ਮੰਤਰੀ ਮਾਨ ਵੱਲੋਂ ਹੜ੍ਹ ਪੀੜਤਾਂ ਨੂੰ ਵੰਡੇ ਜਾਣ ਵਾਲੇ ਚੈੱਕ ਮਹਿਜ਼ ਇੱਕ ਡਰਾਮਾ ਹੀ ਸਨ। ਉਨ੍ਹਾਂ ਕਿਹਾ ਕਿ ਇਸ ਬਿਪਤਾ ਦੇ ਸਮੇਂ ਲੋਕਾਂ ਨੂੰ ਮੁੱਖ ਮੰਤਰੀ ਵੱਲੋਂ ਬੋਲੇ ਜਾਣ ਵਾਲੇ ਅਜਿਹੇ ਝੂਠ ਸ਼ੋਭਾ ਨਹੀਂ ਦਿੰਦੇ। ਇਸ ਮੌਕੇ ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਹੜ੍ਹ ਪੀੜਤਾਂ ਨੂੰ ਚੈੱਕ ਵੰਡੇ ਜਾਣ ਦਾ ਦਾਅਵਾ ਕਰਦੀ ਹੈ ਤਾਂ ਪਟਿਆਲਾ ਜ਼ਿਲ੍ਹੇ ਦੇ ਹੋਏ ਫ਼ਸਲਾਂ, ਘਰਾਂ ਪਸ਼ੂਆਂ ਆਦਿ ਦੀ ਸੂਚੀ ਜਾਰੀ ਕਰੇ।
ਪ੍ਰੋ ਚੰਦੂਮਾਜਰਾ ਨੇ ਸੂਬਾ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਮੁੱਖ ਮੰਤਰੀ ਮਾਨ ਦੀ ਹੈਂਕੜਬਾਜ਼ੀ ਅਤੇ ਹੰਕਾਰ ਵਾਲੇ ਰਵੱਈਏ ਕਰਕੇ ਕੇਂਦਰੀ ਟੀਮ ਹੜਾਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਸਮੇਂ ਸਿਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਲੇਟ ਆਈ ਕੇਂਦਰੀ ਟੀਮ ਦੇ ਆਉਣ ਤੋਂ ਪਹਿਲਾਂ ਬਹੁਤ ਸਾਰੇ ਕਿਸਾਨਾਂ ਵੱਲੋਂ ਆਪਣੀਆਂ ਫ਼ਸਲਾਂ ਦੁਆਰਾ ਬੀਜ ਲਈਆਂ ਗਈਆਂ। ਉਨ੍ਹਾਂ ਕਿਹਾ ਕਿ ਅਨੇਕਾਂ ਦੀ ਗਿਣਤੀ ਵਿਚ ਅਜਿਹੇ ਕਿਸਾਨ ਮੁਆਵਜ਼ੇ ਤੋਂ ਵਾਂਝੇ ਰਹਿ ਜਾਣਗੇ।
ਇਸ ਮੌਕੇ ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਮੁੱਖ ਮੰਤਰੀ ਮਾਨ ਦੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸੜ ਦੇ ਦੌਰਿਆਂ ਨੇ ਹੜ੍ਹ ਪੀੜਤਾਂ ਦੇ ਮਨਾਂ ਵਿਚ ਰੋਸ ਪੈਦਾ ਕੀਤਾ ਹੋਇਆ ਹੈ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਆਪ ਸਰਕਾਰ ਦੀ ਇਸ ਡਰਾਮੇਬਾਜ਼ੀ ਦੀ ਪੋਲ ਸ਼੍ਰੋਮਣੀ ਅਕਾਲੀ ਦਲ ਸੜਕਾਂ ਤੇ ਆਕੇ ਖੋਲ੍ਹੇਗੀ।
