ਚੰਦਰਯਾਨ-3 ਦੀ ਯਾਦ 'ਚ 23 ਅਗਸਤ ਨੂੰ ਹੋਵੇਗਾ 'ਰਾਸ਼ਟਰੀ ਪੁਲਾੜ ਦਿਵਸ'

ਚੰਦਰਯਾਨ-3 ਦੀ ਯਾਦ ‘ਚ 23 ਅਗਸਤ ਨੂੰ ਹੋਵੇਗਾ ‘ਰਾਸ਼ਟਰੀ ਪੁਲਾੜ ਦਿਵਸ’
ਬੈਂਗਲੁਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਸਵੇਰੇ ਗ੍ਰੀਸ ਤੋਂ ਸਿੱਧੇ ਬੈਂਗਲੁਰੂ ਸਥਿਤ ਇਸਰੋ ਦੇ ਕਮਾਂਡ ਐਂਡ ਕੰਟਰੋਲ ਸੈਂਟਰ ਪਹੁੰਚੇ। ਇੱਥੇ ਉਹ ਉਨ੍ਹਾਂ ਵਿਗਿਆਨੀਆਂ ਨਾਲ ਆਹਮੋ-ਸਾਹਮਣੇ ਹੋਏ ਜਿਨ੍ਹਾਂ ਨੇ ਚੰਦਰਮਾ ਦੇ ਦੱਖਣੀ ਧਰੁਵ ਖੇਤਰ ਵਿੱਚ ਚੰਦਰਯਾਨ-3 ਦੀ ਸਫਲ ਸਾਫਟ ਲੈਂਡਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਸਰੋ ਦੇ ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ ਵੱਡਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਸ ਦਿਨ ਚੰਦਰਯਾਨ-3 ਚੰਦਰਮਾ ‘ਤੇ ਉਤਰਿਆ ਸੀ, 23 ਅਗਸਤ, ਹੁਣ ਇਸ ਦਿਨ ਨੂੰ ਹਰ ਸਾਲ ‘ਰਾਸ਼ਟਰੀ ਪੁਲਾੜ ਦਿਵਸ’ ਵਜੋਂ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਪੁਲਾੜ ਦਿਵਸ ਤੀਜੇ ਚੰਦਰ ਮਿਸ਼ਨ ਦੀ ਸਫਲਤਾ ਦਾ ਜਸ਼ਨ ਮਨਾਏਗਾ।
ਪ੍ਰਧਾਨ ਮੰਤਰੀ ਬੈਂਗਲੁਰੂ ਵਿੱਚ ਇਸਰੋ ਦੇ ਟੈਲੀਮੈਟਰੀ ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ ਮਿਸ਼ਨ ਕੰਟਰੋਲ ਕੰਪਲੈਕਸ ਵਿੱਚ ਵਿਗਿਆਨੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘ਭਾਵੇਂ ਮੈਂ ਦੱਖਣੀ ਅਫਰੀਕਾ ਅਤੇ ਗ੍ਰੀਸ ਦੇ ਦੌਰੇ ‘ਤੇ ਸੀ ਪਰ ਮੇਰਾ ਮਨ ਭਾਰਤ ‘ਚ ਹੀ ਸੀ। ਕਿਉਂਕਿ ਇਸਰੋ ਚੰਦਰਯਾਨ-3 ਦੇ ਸਫਲ ਲੈਂਡਿੰਗ ਦੀ ਤਿਆਰੀ ਕਰ ਰਿਹਾ ਸੀ। ਪੀਐਮ ਮੋਦੀ ਨੇ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਨੂੰ ਮਿਲਣਾ ਅਤੇ ਸਲਾਮ ਕਰਨਾ ਚਾਹੁੰਦਾ ਹਾਂ ਜੋ ਚੰਦਰਯਾਨ-3 ਦੀ ਸਫਲਤਾ ਦੇ ਪਿੱਛੇ ਹਨ। ਮੇਰੇ ਮਨ ਵਿੱਚ ਬੇਸਬਰੀ ਸੀ।
